ਚੜ੍ਹਤ ਪੰਜਾਬ ਦੀ
ਲੁਧਿਆਣਾ ,(ਸਤ ਪਾਲ ਸੋਨੀ )-ਅੱਜ ਇੱਥੇ ਗਿੱਲ ਰੋਡ ਤੇ ਜ਼ੋਮੈਟੋ ਡਿਲਿਵਰੀ ਕਰਨ ਵਾਲੇ ਮੁਲਾਜ਼ਮਾਂ ਵੱਲੋਂ ਇਕਜੁੱਟ ਹੋ ਕੇ ਜ਼ੋਮੇਟੋ ਕੰਪਨੀ ਦੇ ਖਿਲਾਫ਼ ਅਤੇ ਕੰਪਨੀ ਦੀਆਂ ਮਾੜੀਆਂ ਨੀਤੀਆਂ ਵਿਰੁੱਧਧਰਨਾ ਪ੍ਰਦਰਸ਼ਨ ਕੀਤਾ ਗਿਆ, ਇਸ ਦੌਰਾਨ ਆਜ਼ਾਦ ਸਮਾਜ ਪਾਰਟੀ ਵੱਲੋਂ ਵੀ ਜ਼ੋਮੇਟੋ ਵਰਕਰਾਂ ਨੂੰ ਸਮਰਥਨ ਦਿੰਦਿਆਂ ਉਨਾਂ ਦੇ ਹੱਕ ਚ ਨਿੱਤਰਿਆ ਗਿਆ । ਇਸ ਮੌਕੇ ਵਿਸ਼ੇਸ਼ ਤੌਰ ਤੇ ਪਾਰਟੀ ਦੇ ਸੂਬਾ ਪ੍ਰਧਾਨ ਰਾਜੀਵ ਕੁਮਾਰ ਲਵਲੀ ਜ਼ੋਮੇਟੋ ਮੁਲਾਜ਼ਮਾਂ ਦਾ ਸਾਥ ਦੇਣ ਲਈ ਪਹੁੰਚੇ ਅਤੇ ਉਨਾਂ ਨੇ ਕਿਹਾ ਕਿ ਅੱਜ ਕਾਰਪੋਰੇਟ ਕੰਪਨੀਆਂ ਆਪਣੀ ਮਨਮਰਜ਼ੀ ਕਰ ਰਹੀਆਂ ਹਨ ਅਤੇ ਸਰਕਾਰਾਂ ਚੁੱਪ ਹਨ ਅਤੇ ਇਹ ਕੰਪਨੀਆਂ ਸਾਡੇ ਨੌਜਵਾਨਾਂ ਤੋਂ ਸਖਤ ਮਿਹਨਤ ਕਰਵਾ ਕੇ ਉਨਾਂ ਦੇ ਹੱਕ ਮਾਰ ਰਹੀਆਂ ਹਨ।
ਉਨਾਂ ਕਿਹਾ ਕਿ ਪੈਟਰੋਲ ਅਤੇ ਡੀਜ਼ਲ ਲਗਾਤਾਰ ਮਹਿੰਗਾ ਹੋ ਰਿਹਾ ਹੈ ਪਰ ਦਿਨ ਰਾਤ ਆਪਣੀ ਜਾਨ ਜੋਖਮ ਚ ਪਾ ਕੇ ਲੋਕਾਂ ਦੇ ਘਰ ਤਕ ਖਾਣਾ ਪਹੁੰਚਾਉਣ ਵਾਲੇ ਮੁਲਾਜ਼ਮਾਂ ਨੂੰ ਉਨ੍ਹਾਂ ਦਾ ਹੱਕ ਨਹੀਂ ਮਿਲ ਰਿਹਾ ਜਿਸ ਕਰਕੇ ਉਨਾਂ ਦਾ ਸਾਥ ਦੇਣ ਲਈ ਉਹ ਅੱਜ ਇਥੇ ਪਹੁੰਚੇ ਨੇ, ਉਨਾਂ ਕਿਹਾ ਕਿ ਜ਼ੋਮੇਟੋ ਮੁਲਾਜ਼ਮ ਸੁਖਰਾਜ ਵੱਲੋਂ ਹੀ ਉਨਾਂ ਨੂੰ ਸਾਥ ਦੇਣ ਲਈ ਸੱਦਾ ਦਿੱਤਾ ਗਿਆ ਸੀ ਜਿਸ ਕਰਕੇ ਉਨਾਂ ਨੇ ਜੋਮੈਟੋ ਮੁਲਾਜ਼ਮਾਂ ਦੀਆਂ ਮੁਸ਼ਕਲਾਂ ਸੁਣੀਆਂ ਜਿਨਾਂ ਨੂੰ ਉਹ ਉੱਪਰ ਤੱਕ ਪਹੁੰਚਾਉਣ ਦੇ ਪੂਰੇ ਯਤਨ ਕਰਨਗੇ। ਇਸ ਦੌਰਾਨ ਧਰਨੇ ਵਿੱਚ ਆਜ਼ਾਦ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਰਾਜੀਵ ਕੁਮਾਰ ਲਵਲੀ ਤੋਂ ਇਲਾਵਾ ਐਡਵੋਕੇਟ ਇੰਦਰਜੀਤ ਸਿੰਘ ਸੀਨੀਅਰ ਮੀਤ ਪ੍ਰਧਾਨ ਅਤੇ ਇੰਚਾਰਜ ਮਾਲਵਾ ਜੋਨ ਵਿਸ਼ੇਸ਼ ਤੌਰ ਤੇ ਪਹੁੰਚੇ, ਉਨਾਂ ਨਾਲ ਅਰੁਣ ਭੱਟੀ ਪ੍ਰਧਾਨ ਯੂਥ ਵਿੰਗ ਪੰਜਾਬ, ਮੋਹਿਤ ਧੀਂਗਾਨ, ਐਡਵੋਕੇਟ ਰਾਹੁਲ ਸਿੰਘ ਚੀਮਾ, ਸੁਖਰਾਜ, ਭਗਤ ਸਿੰਘ ਆਪਣੇ ਸੈਂਕੜੇ ਸਾਥੀਆਂ ਨਾਲ ਧਰਨੇ ਵਿਚ ਸ਼ਾਮਿਲ ਸਨ।