ਲੁਧਿਆਣਾ 27 ਮਾਰਚ ( ਸਤਪਾਲ ਸੋਨੀ ) : ਗੁਰਦੁਆਰਾ ਸ੍ਰੀ ਹਰਿਰਾਏ ਸਾਹਿਬ ਕਾਬਲ ਵਿਖੇ ਅੱਤਵਾਦੀਆਂ ਵੱਲੋਂ ਬੇਕਸੂਰ ਨਿਹੱਥੇ ਸਿੱਖਾਂ ਤੇ ਅੰਨੇਵਾਹ ਗੋਲੀਆਂ ਚਲਾ ਕੇ ਵੱਡੀ ਗਿਣਤੀ ਵਿੱਚ ਸਿੱਖਾਂ ਨੂੰ ਸ਼ਹੀਦ ਕਰਨਾ ਅਤੇ ਬਹੁਤ ਵੱਡੀ ਗਿਣਤੀ ਵਿੱਚ ਜ਼ਖਮੀ ਕਰਨ ਦੀ ਘਟਨਾ ਸਖ਼ਤ ਸ਼ਬਦਾਂ ਵਿਚ ਨਿੰਦਾ ਕਰਦਿਆ ਪੰਜਾਬ ਸਕੂਟਰ ਪਾਰਟਸ ਐਸੋਸੀਏਸ਼ਨ ਦੇ ਪ੍ਰਧਾਨ ਗੁਰਮੀਤ ਸਿੰਘ ਸ਼ੈਰੀ, ਸੋਹਨ ਸਿੰਘ, ਗੁਰਮੀਤ ਸਿੰਘ ਭੰਡਾਰੀ, ਮਹਿੰਦਰ ਸਿੰਘ, ਸੁਖਪ੍ਰੀਤ ਸਿੰਘ ਵਿੱਕੀ, ਤਾਜਦੀਪ ਸਿੰਘ ਨੇ ਕਿਹਾ ਕਿ ਅੱਤਵਾਦ ਦਾ ਕੋਈ ਧਰਮ ਨਹੀਂ ਹੁੰਦਾ, ਇਹ ਹਮਲਾ ਇਨਸਾਨੀਅਤ ਨੂੰ ਕਤਲ ਕਰਨ ਬਰਾਬਰ ਹੈ। ਉਨਾਂ ਨੇ ਕਿਹਾ ਕਿ ਇਸ ਅਤਿ ਦੁੱਖਦਾਈ ਖ਼ਬਰ ਨੇ ਸਿੱਖ ਕੌਮ ਦੇ ਹਿਰਦਿਆ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਸਮੁੱਚੀ ਮਾਨਵਤਾ ਲਈ ਸਰਬੱਤ ਦਾ ਭਲਾ ਮੰਗਣ ਵਾਲਿਆਂ ਅਤੇ ਦੁਨੀਆਂ ਵਿੱਚ ਹਰ ਥਾਂ ‘ਤੇ ਕੁਦਰਤੀ ਅਤੇ ਗੈਰ ਕੁਦਰਤੀ ਆਫਤਾਂ ਆਉਣ ਤੇ ਬਗੈਰ ਕਿਸੇ ਵਿਤਕਰੇ ਤੋਂ ਮਾਨਵਤਾ ਦੀ ਸੇਵਾ ਕਰਨ ਵਾਲੀ ਸਿੱਖ ਕੌਮ ਨਾਲ ਅਜਿਹੇ ਵਹਿਸ਼ੀਆਣਾ ਗੋਲੀ ਕਾਂਡ ਦੀ ਜਿੰਨੀ ਵੀ ਨਿੰਦਿਆ ਕੀਤੀ ਜਾਵੇ ਘੱਟ ਹੈ। ਉਨਾਂ ਕਿਹਾ ਕਿ ਅਜਿਹੇ ਸੰਵੇਦਨਸ਼ੀਲ ਹਾਲਾਤਾਂ ਵਿੱਚ ਦੇਸ਼ ਦੇ ਪ੍ਰਧਾਨ ਮੰਤਰੀ ਅਤੇ ਰਾਸ਼ਟਰਪਤੀ ਨੂੰ ਅਪੀਲ ਹੈ ਕਿ ਕਾਬਲ ਅਤੇ ਅਫਗਾਨਿਸਤਾਨ ਦੇ ਹਾਕਮਾਂ ਕੋਲ ਜ਼ੋਰਦਾਰ ਤਰੀਕੇ ਨਾਲ ਇਸ ਦਾ ਵਿਰੋਧ ਕਰਨ ਨਾਲ ਹੀ ਸਿੱਖਾਂ ਦੀ ਸੁਰੱਖਿਆ ਲਈ ਯੋਗ ਉਪਰਾਲੇ ਕਰਨ ਲਈ ਹਰ ਸੰਭਵ ਕਦਮ ਚੁੱਕਣ ਲਈ ਜ਼ੋਰ ਪਾਉਣ ਅਤੇ ਹਰ ਤਰਾਂ ਦੀ ਸਹਾਇਤਾ ਲਈ ਅੱਗੇ ਆਉਣ । ਉਹਨਾਂ ਕਿਹਾ ਇਸ ਅਣਮਨੁੱਖੀ ਕਾਰਾ ਕਰਨ ਵਾਲਿਆਂ ਸਖ਼ਤ ਤੋਂ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ ਕਿ ਭਵਿੱਖ ਵਿੱਚ ਅਜਿਹੀ ਅਤਿ ਮਾੜੀ ਘਟਨਾ ਨਾ ਵਾਪਰੇ । ਉਨਾਂ ਸਰਕਾਰ ਤੋਂ ਮੰਗ ਕੀਤੀ ਕਿ ਜਿਹਨਾਂ ਵੱਲੋਂ ਇਹ ਹਮਲਾ ਕੀਤਾ ਗਿਆ ਹੈ, ਉਨਾਂ ਨੂੰ ਸਖ਼ਤ ਸ਼ਜਾ ਦਿੱਤੀ ਜਾਵੇ ਤਾਂ ਜੋ ਅੱਗੇ ਤੋਂ ਇਹੋ ਜਿਹਾ ਵਾਕਿਆ ਨਾ ਦੋਹਰਾਇਆ ਜਾ ਸਕੇ।