ਲੁਧਿਆਣਾ, 18 ਅਪ੍ਰੈਲ ( ਸਤਪਾਲ ਸੋਨੀ ) : ਲੁਧਿਆਣਾ ਦੇ ਅਪੋਲੋ ਹਸਪਤਾਲ ‘ਚ ਕੋਰੋਨਾ ਵਾਇਰਸ ਕਾਰਨ ਜ਼ਿੰਦਗੀ-ਮੌਤ ਦੀ ਲੜਾਈ ਲੜ ਰਹੇ ਲੁਧਿਆਣਾ ਦੇ ਏਸੀਪੀ (ਉਤਰੀ) ਅਨਿਲ ਕੋਹਲੀ ਦਾ ਅੱਜ ਬਾਅਦ ਦੁਪਹਿਰ ਦੇਹਾਂਤ ਹੋ ਗਿਆ। ਉਹ ਹਸਪਤਾਲ ਵਿਖੇ ਜ਼ੇਰੇ ਇਲਾਜ ਸਨ ਅਤੇ ਸਿਹਤ ਵਿਗੜ ਜਾਣ ਬਾਅਦ ਪਿੱਛਲੇ ਕਈ ਦਿਨਾਂ ਤੋਂ ਵੈਂਟੀਲੇਟਰ ‘ਤੇ ਸਨ। ਸ੍ਰੀ ਕੋਹਲੀ ਕੋਰੋਨਾ ਮਹਾਮਾਰੀ ਫੈਲਣ ਮਗਰੋਂ ਹਾਲਾਤ ਨੂੰ ਕਾਬੂ ਕਰਨ ਲਈ ਡਿਊਟੀ ਨਿਭਾਉਂਦਿਆਂ ਖ਼ੁਦ ਕੋਰੋਨਾ ਦਾ ਸ਼ਿਕਾਰ ਹੋ ਗਏ ਅਤੇ “ਸ਼ਹੀਦ“ ਹੋ ਗਏ ਉਨਾਂ ਦਾ ਇਲਾਜ ਕਰ ਰਹੇ ਡਾ. ਰਾਜੀਵ ਕੁੰਦਰਾ ਨੇ ਦੱਸਿਆ ਕਿ ਸਰਕਾਰ ਨੇ ਉਨਾਂ ਦੀ ਪਲਾਜ਼ਮਾ ਥੈਰੇਪੀ ਦੀ ਇਜਾਜ਼ਤ ਦੇ ਦਿੱਤੀ ਸੀ ਅਤੇ ਇਸਦੇ ਲਈ ਡੋਨਰ ਵੀ ਅੱਗੇ ਆ ਗਿਆ ਸੀ , ਪਰ ਇਸ ਤੋਂ ਪਹਿਲਾਂ ਹੀ ਸ੍ਰੀ ਕੋਹਲੀ ਦਮ ਤੋੜ ਗਏ । ਇਸੇ ਦੌਰਾਨ ਏਸੀਪੀ ਦੇ ਸੰਪਰਕ ਵਿਚ ਆਏ 26 ਵਿਅਕਤੀਆਂ ਦੇ ਸੈਂਪਲ ਟੈਸਟ ਲਈ ਭੇਜੇ ਗਏ ਸਨ, ਜਿਨਾਂ ਵਿਚੋਂ 22 ਪੁਲਿਸ ਮਹਿਕਮੇ ਨਾਲ ਸਬੰਧਿਤ ਦੱਸੇ ਗਏ ਹਨ, ਇਨਾਂ ਵਿਚੋਂ ਤਿੰਨ ਦਾ ਨਤੀਜਾ ਪਾਜ਼ਿਟੀਵ ਆਇਆ ਹੈ।
ਇਸ ਦੇ ਨਾਲ ਹੀ ਹੁਣ ਤੱਕ ਲੁਧਿਆਣਾ ਵਿਚ ਕੋਰੋਨਾ ਮਹਾਮਾਰੀ ਨਾਲ ਚਾਰ ਮੌਤਾਂ ਹੋ ਚੁੱਕੀਆਂ ਹਨ ਕਲ ਕੋਰੋਨਾ ਪਾਜ਼ਿਟੀਵ ਕਾਨੂੰਨਗੋ ਗੁਰਮੇਲ ਸਿੰਘ ਦੀ ਮੌਤ ਹੋ ਗਈ ਸੀ. ਇਸ ਤੋਂ ਪਹਿਲਾਂ ਅਮਰਪੁਰਾ ਅਤੇ ਸ਼ਿਮਲਾਪੁਰੀ ਦੀਆਂ ਦੋ ਮਹਿਲਾਵਾਂ ਦੀ ਕੋਰੋਨਾ ਕਾਰਨ ਮੌਤ ਹੋ ਗਈ ਸੀ ।