![]()

ਕੁੱਲ 74.52 ਫੀਸਦੀ ਵੋਟਾਂ ਦਾ ਭੁਗਤਾਨ-ਵਧੀਕ ਜ਼ਿਲਾ ਚੋਣ ਅਫ਼ਸਰ
ਲੁਧਿਆਣਾ, 17 ਦਸੰਬਰ -( ਸਤ ਪਾਲ ਸੋਨੀ ) : ਜ਼ਿਲਾ ਲੁਧਿਆਣਾ ਦੀਆਂ ਮਾਛੀਵਾਡ਼ਾ, ਮੁੱਲਾਂਪੁਰ, ਮਲੌਦ ਅਤੇ ਸਾਹਨੇਵਾਲ ਨਗਰ ਕੌਂਸਲਾਂ/ਨਗਰ ਪੰਚਾਇਤ ਦੀ ਚੋਣ ਵਿੱਚ ਕਾਂਗਰਸ ਪਾਰਟੀ ਨੇ ਭਾਰੀ ਜਿੱਤ ਹਾਸਿਲ ਕੀਤੀ ਹੈ। ਉਪਰੋਕਤ ਨਗਰ ਕੌਂਸਲਾਂ ਦੇ 54 ਵਾਰਡਾਂ ਦੇ ਐਲਾਨੇ ਗਏ ਨਤੀਜਿਆਂ ਵਿੱਚ ਕਾਂਗਰਸ ਪਾਰਟੀ ਨੂੰ 45, ਸ਼੍ਰੋਮਣੀ ਅਕਾਲੀ ਦਲ ਨੂੰ 4 ਅਤੇ ਭਾਜਪਾ ਨੂੰ 3 ਸੀਟਾਂ ਪ੍ਰਾਪਤ ਹੋਈਆਂ ਹਨ, ਜਦਕਿ 2 ਆਜ਼ਾਦ ਉਮੀਦਵਾਰ ਜੇਤੂ ਰਹੇ ਹਨ। ਇਹ ਜਾਣਕਾਰੀ ਵਧੀਕ ਜ਼ਿਲਾ ਚੋਣ ਅਫ਼ਸਰ-ਕਮ-ਵਧੀਕ ਡਿਪਟੀ ਕਮਿਸ਼ਨਰ ਸੁਰਭੀ ਮਲਿਕ ਨੇ ਦਿੱਤੀ।
ਉਨਾਂ ਦੱਸਿਆ ਕਿ ਮਾਛੀਵਾਡ਼ਾ ਦੇ 15 ਵਾਰਡਾਂ ਵਿੱਚੋਂ ਕਾਂਗਰਸ ਪਾਰਟੀ ਨੇ 12, ਸ਼੍ਰੋਮਣੀ ਅਕਾਲੀ ਦਲ ਨੇ 1, ਭਾਜਪਾ ਨੇ 1 ਅਤੇ ਆਜ਼ਾਦ ਉਮੀਦਵਾਰ ਨੇ 1 ਸੀਟ ਜਿੱਤੀ। ਸਾਹਨੇਵਾਲ ਦੇ 15 ਵਾਰਡਾਂ ਵਿੱਚੋਂ ਕਾਂਗਰਸ ਪਾਰਟੀ ਨੇ 12, ਸ਼੍ਰੋਮਣੀ ਅਕਾਲੀ ਦਲ ਨੇ 2 ਅਤੇ ਭਾਜਪਾ ਨੇ 1 ਸੀਟ ਜਿੱਤੀ। ਮਲੌਦ ਦੇ 11 ਵਾਰਡਾਂ ਵਿੱਚੋਂ ਕਾਂਗਰਸ ਪਾਰਟੀ ਨੇ 8, ਸ਼੍ਰੋਮਣੀ ਅਕਾਲੀ ਦਲ ਨੇ 1, ਭਾਜਪਾ ਨੇ 1 ਅਤੇ ਆਜ਼ਾਦ ਉਮੀਦਵਾਰ ਨੇ 1 ਸੀਟ ਜਿੱਤੀ। ਮੁੱਲਾਂਪੁਰ ਦੇ 13 ਵਾਰਡਾਂ ਵਿੱਚੋਂ ਕਾਂਗਰਸ ਪਾਰਟੀ ਨੇ ਸਾਰੀਆਂ 13 ਸੀਟਾਂ ‘ਤੇ ਜਿੱਤ ਦਰਜ ਕੀਤੀ।
ਇਸ ਤੋਂ ਪਹਿਲਾਂ ਤਿੰਨ ਨਗਰ ਕੌਂਸਲਾਂ ਅਤੇ ਇੱਕ ਨਗਰ ਪੰਚਾਇਤ ਵਿੱਚ ਵੋਟਾਂ ਪਾਉਣ ਦਾ ਕੰਮ ਅਮਨ ਅਮਾਨ ਨਾਲ ਸਿਰੇ ਚਡ਼ਿਆ, ਜਿਸ ਦੌਰਾਨ ਮਾਛੀਵਾਡ਼ਾ ਵਿੱਚ ਕੁੱਲ 11984 (ਮਰਦ 6390 ਔਰਤਾਂ 5594) ਵੋਟਾਂ (75.60 ਫੀਸਦੀ), ਸਾਹਨੇਵਾਲ ਵਿੱਚ ਕੁੱਲ 11354 (ਮਰਦ 6046 ਔਰਤਾਂ 5308) ਵੋਟਾਂ 72.43 ਫੀਸਦੀ), ਮੁੱਲਾਂਪੁਰ 9748 (ਮਰਦ 5385 ਔਰਤਾਂ 4363) ਵੋਟਾਂ (71.75 ਫੀਸਦੀ), ਜਦਕਿ ਮਲੌਦ ਵਿੱਚ 3878 (ਮਰਦ 2012 ਔਰਤਾਂ 1866) ਵੋਟਾਂ (86.35 ਫੀਸਦੀ) ਦਾ ਭੁਗਤਾਨ ਹੋਇਆ। ਜ਼ਿਲਾ ਲੁਧਿਆਣਾ ਵਿੱਚ ਕੁੱਲ 74.52 ਫੀਸਦੀ ਵੋਟਾਂ ਪਈਆਂ।