ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ, 17 ਸਤੰਬਰ (ਕੁਲਜੀਤ ਸਿੰਘ ਢੀਂਗਰਾ/ਪ੍ਰਦੀਪ ਸ਼ਰਮਾ): ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ਅਤੇ ਐਮ.ਐਸ.ਪੀ ਦੀ ਗਾਰੰਟੀ ਵਾਲਾ ਕਾਨੂੰਨ ਬਨਾਉਣ ਦੀ ਮੰਗ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੀ ਅਗਵਾਈ ਵਿੱਚ ਰਾਮਪੁਰਾ ਰੇਲਵੇ ਸਟੇਸਨ ਤੇ ਲੱਗਿਆ ਪੱਕਾ ਮੋਰਚਾ ਅੱਜ ਵੀ ਜਾਰੀ ਰਿਹਾ। ਇਨਕਲਾਬੀ ਕੇਂਦਰ ਪੰਜਾਬ ਦੇ ਇਲਾਕਾ ਆਗੂ ਹਰਮੇਸ ਕੁਮਾਰ ਰਾਮਪੁਰਾ, ਰਣਜੀਤ ਸਿੰਘ ਕਰਾੜਵਾਲਾ, ਹਰਵੰਸ ਸਿੰਘ ਫੂਲ, ਸੁਖਜਿੰਦਰ ਸਿੰਘ ਰਾਮਪੁਰਾ, ਸਾਧਾ ਸਿੰਘ ਖੋਖਰ, ਤਰਸੇਮ ਕੌਰ ਢਪਾਲੀ, ਸੰਤਾ ਸਿੰਘ ਫੂਲ, ਸੁਖਦੇਵ ਸਿੰਘ ਸੰਘਾ, ਸੁਰਜੀਤ ਸਿੰਘ ਰੋਮਾਣਾ, ਮੱਖਣ ਸਿੰਘ ਸੇਲਬਰਾਹ ਤੇ ਗੁਰਕੀਰਤ ਸਿੰਘ ਔਲਖ ਨੇ ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰ ਦੀ ਮੋਦੀ ਹਕੂਮਤ ਅਤੇ ਰਾਜਨੀਤਿਕ ਪਾਰਟੀਆਂ ਵੱਲੋਂ ਰਲ ਕੇ ਬਣਾਏ ਗਏ ਖੇਤੀ ਕਾਲੇ ਕਾਨੂੰਨਾਂ ਨੂੰ ਇੱਕ ਸਾਲ ਹੋ ਗਿਆ ਹੈ ਅਤੇ ਉਸ ਸਮੇ ਤੋਂ ਹੀ ਇਨਾਂ ਲੋਕ ਵਿਰੋਧੀ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਕਿਸਾਨ, ਮਜਦੂਰ ਪੱਕੇ ਮੋਰਚੇ ਲਗਾਏ ਕੇ ਸੰਘਰਸ ਕਰ ਰਹੇ ਹਨ। ਕਾਲੇ ਕਾਨੂੰਨਾਂ ਨੂੰ ਰੱਦ ਕਰਾਉਣ ਤੱਕ ਸੰਘਰਸ ਜਾਰੀ ਰੱਖਿਆ ਜਾਵੇਗਾ।
ਆਗੂਆਂ ਨੇ ਕੇਂਦਰ ਦੀ ਮੋਦੀ ਹਕੂਮਤ ਵੱਲੋਂ ਸਿੱਖਿਆ ਭਗਵਾਂ ਕਰਨ ਦੀ ਨੀਤੀ ਤਹਿਤ ਸਕੂਲਾਂ ਵਿੱਚ ਨੈਸਨਲ ਅਚੀਵਮੈਂਟ ਸਰਵੇ ਦੇ ਨਾਂ ਤੇ 12 ਨਵੰਬਰ ਵਿਦਿਆਰਥੀਆਂ ਤੋਂ ਟੈਸਟ ਲਿਆ ਜਾ ਰਿਹਾ ਹੈ। ਕੋਰੋਨਾ ਕਾਰਨ ਲੰਬੇ ਸਮੇਂ ਬਾਅਦ ਸਕੂਲ ਖੁੱਲੇ ਹਨ ਅਤੇ ਬੱਚਿਆਂ ਦੀ ਪੜਾਈ ਚਾਲੂ ਹੋਈ ਹੈ ਸਰਕਾਰ ਵੱਲੋਂ ਅਜਿਹੇ ਬੇਲੋੜੇ ਟੈਸਟ ਰੱਖ ਕੇ ਬੱਚਿਆਂ ਦਾ ਸਮਾਂ ਬਰਬਾਦ ਕੀਤਾ ਜਾ ਰਿਹਾ ਹੈ । ਸਰਕਾਰ ਸਿੱਖਿਆ ਮਾਹਿਰਾਂ ਵੱਲੋਂ ਬੱਚਿਆਂ ਦੇ ਬੌਧਿਕ ਪੱਧਰ ਅਨੁਸਾਰ ਤਿਆਰ ਕੀਤੇ ਸਿਲੇਬਸ ਨੂੰ ਅੱਖੋਂ ਪਰੋਖੇ ਕਰਕੇ ਅਜਿਹੇ ਟੈਸਟ ਰੱਖ ਕੇ ਬੱਚਿਆਂ ਦੀ ਸਖਸੀਅਤ ਉਸਾਰੀ ਵਿੱਚ ਅੜਿੱਕਾ ਖੜਾ ਕਰ ਰਹੀ ਹੈ। ਜਥੇਬੰਦੀਆਂ ਵੱਲੋਂ ਇਸ ਦਾ ਡਟਵਾਂ ਵਿਰੋਧ ਕੀਤਾ ਜਾਵੇਗਾ। ਇਸ ਮੌਕੇ ਜਸਵੀਰ ਕੌਰ, ਬਲਤੇਜ ਕੌਰ ਢਪਾਲੀ, ਭੋਲਾ, ਹੀਰਾ, ਗੁਰਨਾਮ ਸਿੰਘ ਮਹਿਰਾਜ, ਜਵਾਲਾ ਸਿੰਘ ਰਾਮਪੁਰਾ, ਮੇਵਾ ਸਿੰਘ ਗਿੱਲ, ਭੋਲਾ ਸਿੰਘ ਸੇਲਬਰਾਹ ਆਦਿ ਹਾਜਰ ਸਨ।