November 23, 2024

Loading

ਚੜ੍ਹਤ ਪੰਜਾਬ ਦੀ

ਲੁਧਿਆਣਾ, 31 ਅਗਸਤ (ਸਤ ਪਾਲ ਸੋਨੀ/ਰਵੀ ਵਰਮਾ) – ਲੁਧਿਆਣਾ ਵਿੱਚ ਆਪਣੀ ਤੇਜ਼ ਕੋਵਿਡ ਟੀਕਾਕਰਣ ਮੁਹਿੰਮ ਦੇ ਤਹਿਤ ਇੱਕ ਵੱਡੀ ਪੁਲਾਂਘ ਪੁੱਟਦਿਆਂ, ਜ਼ਿਲ੍ਹਾ ਪ੍ਰਸ਼ਾਸਨ ਵੱਲੋ ਅੱਜ 20 ਲੱਖ ਕੋਵਿਡ ਖੁਰਾਕਾਂ ਦਾ ਆਂਕੜਾ ਪਾਰ ਕੀਤਾ ਗਿਆ, ਜੋ ਕਿ 16 ਜਨਵਰੀ, 2021 ਨੂੰ ਸ਼ੁਰੂ ਕੀਤੀ ਗਈ ਸੀ।20 ਲੱਖ ਖੁਰਾਕਾਂ ਵਿੱਚੋਂ, ਪਿਛਲੇ 5 ਲੱਖ ਲੋਕਾਂ ਨੂੰ ਸਿਰਫ 30 ਦਿਨਾਂ ਵਿੱਚ ਟੀਕਾ ਲਗਾਇਆ ਗਿਆ ਹੈ।ਪਹਿਲੇ 10 ਲੱਖ ਟੀਕਾਕਰਨ ਦਾ ਟੀਚਾ 22 ਜੂਨ, 2021 ਨੂੰ ਪ੍ਰਾਪਤ ਕੀਤਾ ਅਤੇ ਅਗਲੀਆਂ 5 ਲੱਖ ਖੁਰਾਕਾਂ ਦਾ ਆਂਕੜਾ 1 ਅਗਸਤ, 2021 ਨੂੰ ਪਾਰ ਕੀਤਾ ਗਿਆ।

ਸਿਵਲ ਹਸਪਤਾਲ ਵਿੱਚ ਆਯੋਜਿਤ ਸਮਾਗਮ ਦੀ ਪ੍ਰਧਾਨਗੀ ਕਰਦਿਆਂ, ਨਿਗਮ ਕੌਂਸਲਰ ਸ੍ਰੀਮਤੀ ਮਮਤਾ ਆਸ਼ੂ, ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਸੰਦੀਪ ਕੁਮਾਰ ਨੇ ਇਸਨੂੰ ਨੋਵਲ ਕੋਰੋਨਾ ਵਾਇਰਸ ਵਿਰੁੱਧ ਲੜਾਈ ਵਿੱਚ ਇੱਕ ਸ਼ਾਨਦਾਰ ਮੀਲ ਪੱਥਰ ਦੱਸਿਆ।ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਦੇ ਕਿਸੇ ਵੀ ਜ਼ਿਲ੍ਹੇ ਵਿੱਚ ਟੀਕਾਕਰਨ ਮੁਹਿੰਮ ਦੀ ਇਹ ਹੁਣ ਤੱਕ ਦੀ ਸਭ ਤੋਂ ਤੇਜ਼ ਗਤੀ ਹੈ ਜੋ ਮਹਾਂਮਾਰੀ ਦੀ ਤੀਜੀ ਲਹਿਰ ਨੂੰ ਵਧੇਰੇ ਪ੍ਰਭਾਵਸ਼ਾਲੀ ਢੰਗ ਨਾਲ ਨਜਿੱਠਣ ਵਿੱਚ ਸਹਾਇਤਾ ਕਰੇਗੀ।ਉਨ੍ਹਾਂ ਟੀਕਾਕਰਨ ਕਰਵਾ ਕੇ ਮੁਹਿੰਮ ਨੂੰ ਸਫਲ ਬਣਾਉਣ ਵਾਲੇ ਲੋਕਾਂ ਅਤੇ ਖਾਸ ਕਰਕੇ ਸਿਹਤ ਟੀਮਾਂ ਨੂੰ ਵਧਾਈ ਦਿੱਤੀ।ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੁਆਰਾ ਵੈਕਸੀਨ ਦੀ ਸਪਲਾਈ ਕੀਤੀ ਜਾ ਰਹੀ ਹੈ ਅਤੇ ਜਦੋਂ ਵੀ ਸਪਲਾਈ ਆਉਂਦੀ ਹੈ ਵੈਕਸੀਨ ਦਾ ਸਾਰਾ ਸਟਾਕ ਇੱਕ ਦਿਨ ਵਿੱਚ ਹੀ ਉਪਯੋਗ ਹੋ ਜਾਂਦਾ ਹੈ।ਉਨ੍ਹਾਂ ਕਿਹਾ ਕਿ ਹੁਣ ਜ਼ਿਲ੍ਹੇ ਵਿੱਚ ਹੋਰ ਕੈਂਪ ਲਗਾਏ ਜਾਣਗੇ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਸਾਰੇ ਯੋਗ ਲਾਭਪਾਤਰੀਆਂ ਨੂੰ ਤੀਜੀ ਲਹਿਰ ਦੇ ਆਉਣ ਤੋਂ ਪਹਿਲਾਂ ਟੀਕਾ ਲਗਾਇਆ ਜਾ ਸਕੇ।ਉਨ੍ਹਾਂ ਕੋਵਿਡ-19 ਨੂੰ ਫੈਲਣ ਤੋਂ ਰੋਕਣ ਲਈ ਇਸ ਕਾਰਜ ਵਿੱਚ ਲੋਕਾਂ ਨੂੰ ਸਹਿਯੋਗ ਦੀ ਅਪੀਲ ਕੀਤੀ, ਕਿਉਂਕਿ ਜਨਤਕ ਟੀਕਾਕਰਨ ਹੀ ਇਸ ਮਾਰੂ ਬਿਮਾਰੀ ਦਾ ਇੱਕੋ ਇੱਕ ਹੱਲ ਹੈ।

ਉਨ੍ਹਾਂ ਵੱਧ ਤੋਂ ਵੱਧ ਲੋਕਾਂ ਨੂੰ ਟੀਕਾਕਰਣ ਲਈ ਪ੍ਰਸ਼ਾਸਨ ਦੀ ਵਚਨਬੱਧਤਾ ਦੁਹਰਾਈ ਤਾਂ ਜੋ ਕੋਵਿਡ-19 ਮਹਾਂਮਾਰੀ ਦੀ ਸੰਭਾਵਤ ਤੀਜ਼ੀ ਲਹਿਰ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਨਜਿੱਠਿਆ ਜਾ ਸਕੇ।ਇਸ ਮੌਕੇ ਸਹਾਇਕ ਸਿਵਲ ਸਰਜਨ ਡਾ. ਵਿਵੇਕ ਕੁਮਾਰ, ਐਸ.ਐਮ.ਓ. ਡਾ. ਅਮਰਜੀਤ ਕੌਰ, ਐਸ.ਐਮ.ਓ. ਡਾ. ਰਣਧੀਰ ਸਿੰਘ ਚਾਹਲ, ਐਸ.ਐਮ.ਓ ਏ.ਆਰ.ਟੀ. ਡਾ. ਹਰਿੰਦਰ ਸਿੰਘ ਸੂਦ, ਪੀਡੀਆਟ੍ਰਿਕਸ ਸਪੈਸ਼ਲਿਸਟ ਡਾ. ਹਰਜੀਤ ਸਿੰਘ ਤੋਂ ਇਲਾਵਾ ਹੋਰ ਵੀ ਹਾਜ਼ਰ ਸਨ।

81580cookie-checkਲੁਧਿਆਣਾ ਪ੍ਰਸ਼ਾਸ਼ਨ ਵੱਲ਼ੋ 20 ਲੱਖ ਕੋਵਿਡ ਖੁਰਾਕਾਂ ਦਾ ਆਂਕੜਾ ਕੀਤਾ ਪਾਰ, 5 ਲੱਖ ਖੁਰਾਕਾਂ ਬੀਤੇ 30 ਦਿਨਾਂ ਦੌਰਾਨ ਦਿੱਤੀਆਂ
error: Content is protected !!