![]()

ਲੁਧਿਆਣਾ, 28 ਅਕਤੂਬਰ ( ਸਤ ਪਾਲ ਸੋਨੀ ) : ਪਿਆਜ ਇਸ ਵਾਰ ਫ਼ਿਰ ਲੋਕਾਂ ਦੇ ਅੱਥਰੂ ਕੱਢੇਗਾ। ਪਿਆਜ਼ ਦੇ ਭਾਅ ਇੱਕ ਵਾਰ ਫ਼ਿਰ ਅਸਮਾਨੀ ਚਡ਼ਨ ਲੱਗੇ ਹਨ ਅਤੇ ਕੁੱਝ ਸਮਾਂ ਪਹਿਲਾਂ 10 ਰੁਪਏ ਕਿੱਲੋ ‘ਚ ਵਿਕਣ ਵਾਲਾ ਪਿਆਜ 40 ਤੋਂ 50 ਰੁਪਏ ਚ ਵਿਕਣ ਲੱਗ ਪਿਆ ਹੈ। ਪਿਆਜ਼ ਦੇ ਅੱਜ ਦੇ ਭਾਅ ‘ਤੇ ਨਜ਼ਰ ਮਾਰੀ ਜਾਵੇ ਤਾਂ ਬੀਤੇ ਦੋ ਹਫ਼ਤਿਆਂ ‘ਚ ਪਿਆਜ ਦੀਆਂ ਕੀਮਤਾਂ ‘ਚ ਲਗਭਗ ਦੁੱਗਣਾ ਵਾਧਾ ਹੋਇਆ ਹੈ। ਆਲਮ ਇਹ ਹੈ ਕਿ ਅੱਜ ਤੋਂ ਦੋ ਹਫ਼ਤੇ ਪਹਿਲਾਂ ਪਿਆਜ ਦਾ ਭਾਅ ਥੋਕ ‘ਚ 18 ਤੋਂ 22 ਰੁਪਏ ਪ੍ਰਤੀ ਕਿੱਲੋ ਸੀ ਜਿਸ ਵਿੱਚ ਤਕਰੀਬਨ 10 ਤੋਂ 15 ਰੁਪਏ ਪ੍ਰਤੀ ਕਿੱਲੋ ਦਾ ਹੋਰ ਵਾਧਾ ਹੋ ਗਿਆ ਹੈ। ਪਿਆਜ ਦੇ ਵਧ ਰਹੇ ਭਾਅ ਦਿਨ ਪ੍ਰਤੀ ਦਿਨ ਵੱਧ ਰਹੇ ਭਾਅ ਆਮ ਲੋਕਾਂ ਦੀ ਪਰੇਸ਼ਾਨੀ ਦਾ ਕਾਰਨ ਬਣ ਰਹੇ ਹਨ। ਪਿਆਜ ਦੀਆਂ ਵਧੀਆ ਕੀਮਤਾਂ ਬਾਰੇ ਗੱਲ ਕਰਨ’ਤੇ ਔਰਤਾਂ ਨੇ ਦੱਸਿਆ ਕਿ ਇੱਕ ਹਫ਼ਤੇ ਚ ਹੀ ਤੇਜ਼ੀ ਨਾਲ ਪਿਆਜ ਜੋ ਰਸੋਈ ਘਰ ਦੀ ਜ਼ਰੂਰੀ ਚੀਜ਼ ਹੈ ਦੇ ਭਾਅ ਨੂੰ ਅਚਾਨਕ ਅੱਗ ਲੱਗ ਗਈ ਹੈ ਜਿਸ ਕਾਰਨ ਉਨਾਂ ਦੀ ਰਸੋਈ ਦਾ ਬਜਟ ਪੂਰੀ ਤਰਾਂ ਵਿਗਡ਼ ਗਿਆ ਹੈ। ਕੁੱਝ ਔਰਤਾਂ ਨੇ ਦੱਸਿਆ ਕਿ ਖਾਣਾ ਬਣਾਉਂਦੇ ਸਮੇਂ ਸਬਜ਼ੀ ‘ਚ ਪਿਆਜ ਦੀ ਮਾਤਰਾ ਘਟਾਉਣ ਕਾਰਨ ਪਿਆਜ ਦੇ ਵਾਧੇ ਦਾ ਅਸਰ ਜਾਇਕੇ ‘ਤੇ ਵੀ ਪਿਆ ਹੈ। ਸੁਆਣੀਆਂ ਨੇ ਦੱਸਿਆ ਕਿ ਉਨਾਂ ਦੇ ਹੁਣ ਪਿਆਜ ਕੱਟਣ ਨਾਲੋਂ ਜ਼ਿਆਦਾ ਖਰੀਦਦਾਰੀ ਕਰਦੇ ਸਮੇਂ ਹੰਝੂ ਨਿਕਲ ਰਹੇ ਹਨ।