ਚੜ੍ਹਤ ਪੰਜਾਬ ਦੀ
ਲੁਧਿਆਣਾ, 29 ਜੂਨ (ਸਤ ਪਾਲ ਸੋਨੀ) – ਪੰਜਾਬ ਯੂਥ ਵਿਕਾਸ ਬੋਰਡ ਦੇ ਚੇਅਰਮੈਨ ਸੁਖਵਿੰਦਰ ਸਿੰਘ ਬਿੰਦਰਾ ਵੱਲੋਂ ਅੱਜ ਸਥਾਨਕ ਰੱਖ ਬਾਗ ਦੀ ਸ਼ੂਟਿੰਗ ਰੇਂਜ ਵਿੱਚ ਇੱਕ ਅੰਤਰ-ਸਰਕਲ ਸ਼ੂਟਿੰਗ ਮੁਕਾਬਲੇ ਦਾ ਉਦਘਾਟਨ ਕੀਤਾ।ਇਸ ਮੁਕਾਬਲੇ ਦਾ ਰਸਮੀ ਉਦਘਾਟਨ ਕਰਨ ਤੋਂ ਬਾਅਦ ਪੀ.ਵਾਈ.ਡੀ.ਬੀ. ਦੇ ਚੇਅਰਮੈਨ ਸੁਖਵਿੰਦਰ ਸਿੰਘ ਬਿੰਦਰਾ ਨੇ ਦੱਸਿਆ ਕਿ ਇਹ ਟੂਰਨਾਮੈਂਟ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਕਰਵਾਇਆ ਜਾ ਰਿਹਾ ਹੈ।
ਸੁਖਵਿੰਦਰ ਸਿੰਘ ਬਿੰਦਰਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਅਜਿਹੇ ਟੂਰਨਾਮੈਂਟਾਂ ਰਾਹੀਂ ਨੌਜਵਾਨਾਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰਨ ਵੱਲ ਵਿਸ਼ੇਸ਼ ਧਿਆਨ ਦੇ ਰਹੀ ਹੈ ਤਾਂ ਜੋ ਉਹ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ‘ਤੇ ਖੇਡ ਮੁਕਾਬਲਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰ ਸਕਣ ਅਤੇ ਆਪਣੇ ਸੂਬੇ ਅਤੇ ਪਰਿਵਾਰਾਂ ਦਾ ਮਾਣ ਵਧਾਉਣ।
ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਸਰਕਾਰ ਇਸ ਨੇਕ ਕੰਮ ਲਈ ਹਰ ਪੱਖੋਂ ਯਤਨਸ਼ੀਲ ਹੈ ਤਾਂ ਜੋ ਪੰਜਾਬ ਦੇਸ਼ ਵਿਚ ਖੇਡਾਂ ਦਾ ਧੁਰਾ ਬਣ ਸਕੇ।ਉਨ੍ਹਾਂ ਨੌਜਵਾਨਾਂ ਨੂੰ ਕਿਹਾ ਕਿ ਉਹ ਖੇਡਾਂ ਦੇ ਖੇਤਰ ਵਿੱਚ ਨਾਮਣਾ ਖੱਟਣ ਲਈ ਪੂਰੀ ਲਗਨ ਅਤੇ ਮਿਹਨਤ ਨਾਲ ਯਤਨ ਕਰਨ। ਉਨ੍ਹਾਂ ਕਿਹਾ ਕਿ ਖਿਡਾਰੀਆਂ ਦੇ ਸਰਵਪੱਖੀ ਵਿਕਾਸ ਨੂੰ ਯਕੀਨੀ ਬਣਾਉਣ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ ਤਾਂ ਜੋ ਉਹ ਵਿਸ਼ਵ ਪੱਧਰ ਦੇ ਖਿਡਾਰੀਆਂ ਦਾ ਮੁਕਾਬਲਾ ਕਰ ਸਕਣ।
ਪੈਰਾ-ਸ਼ੂਟਰ ਅਮਨਦੀਪ ਸਿੰਘ ਨੂੰ ਸੌਪਿਆ 11 ਹਜ਼ਾਰ ਦਾ ਚੈਂਕ
ਚੇਅਰਮੈਨ ਨੇ ਲੁਧਿਆਣਾ ਦੇ ਸੂਬਾ ਪੱਧਰੀ ਸੋਨੇ ਦਾ ਤਗਮਾ ਜੇਤੂ ਪੈਰਾ-ਸ਼ੂਟਰ ਅਮਨਦੀਪ ਸਿੰਘ ਨੂੰ 11 ਹਜ਼ਾਰ ਰੁਪਏ ਦਾ ਚੈੱਕ ਵੀ ਸੌਂਪਿਆ ਅਤੇ ਉਨ੍ਹਾਂ ਨੂੰ ਹਰ ਸੰਭਵ ਸਹਿਯੋਗ ਦੇਣ ਦਾ ਵੀ ਭਰੋਸਾ ਦਿੱਤਾ।ਉਨ੍ਹਾਂ ਕਿਹਾ ਕਿ ਇਹ ਸਾਰੇ ਪੰਜਾਬੀਆਂ ਲਈ ਮਾਣ ਵਾਲੀ ਗੱਲ ਹੈ ਕਿ ਅਮਨਦੀਪ ਨੇ ਆਪਣੀ ਸਖਤ ਮਿਹਨਤ ਅਤੇ ਲਗਨ ਨਾਲ ਖੇਡ ਨੂੰ ਨਿਖਾਰਿਆ ਹੈ।ਇਸ ਪ੍ਰੋਗਰਾਮ ਵਿਚ ਭਾਗ ਲੈਣ ਵਾਲੇ ਖਿਡਾਰੀਆਂ ਦੀ ਸ਼ਲਾਘਾ ਕਰਦਿਆਂ ਸ੍ਰੀ ਬਿੰਦਰਾ ਨੇ ਕਿਹਾ ਕਿ ਖਿਡਾਰੀਆਂ ਨੂੰ ਵਿਸ਼ੇਸ਼ ਗੁਣਾਂ ਨਾਲ ਨਿਵਾਜਿਆ ਜਾਂਦਾ ਹੈ ਅਤੇ ਉਨ੍ਹਾਂ ਵਿਚੋਂ ਇਕ ਇਹ ਹੈ ਕਿ ਉਹ ਖੇਡ ਦੌਰਾਨ ਟੀਮ ਭਾਵਨਾ ਪੈਦਾ ਕਰਦੇ ਹਨ, ਜੋ ਉਨ੍ਹਾਂ ਦੀ ਜ਼ਿੰਦਗੀ ਵਿਚ ਬੇਹਤਰ ਬਣਨ ਵਿਚ ਸਹਾਈ ਸਿੱਧ ਹੋਵੇਗੀ।
ਉਨ੍ਹਾਂ ਖਿਡਾਰੀਆਂ ਨਾਲ ਵੀ ਮੁਲਾਕਾਤ ਕੀਤੀ ਅਤੇ ਖਿਡਾਰੀਆਂ ਨੂੰ ਇਸ ਮੈਗਾ-ਈਵੈਂਟ ਵਿਚ ਵੱਡੇ ਪੱਧਰ ‘ਤੇ ਹਿੱਸਾ ਲੈਣ ਲਈ ਕਿਹਾ।ਇਸ ਮੌਕੇ ਜ਼ਿਲ੍ਹਾ ਖੇਡ ਅਫਸਰ ਰਵਿੰਦਰ ਸਿੰਘ, ਕੋਚ ਗੁਰਜੀਤ ਸਿੰਘ, ਪ੍ਰਿਆ, ਹਰਵੀਨ ਸਿੰਘ, ਗੁਰਵਿੰਦਰ ਸਿੰਘ ਜੌਲੀ, ਦੇਵ ਅਗਰਵਾਲ ਅਤੇ ਨਿਤਿਨ ਟੰਡਨ ਤੋਂ ਇਲਾਵਾ ਹੋਰ ਕਈ ਲੋਕ ਹਾਜ਼ਰ ਸਨ।