![]()
ਲੁਧਿਆਣਾ, 9 ਅਪ੍ਰੈੱਲ ( ਸਤਪਾਲ ਸੋਨੀ ) :ਨੋਵੇਲ ਕੋਰੋਨਾ ਵਾਇਰਸ (ਕੋਵਿਡ 19) ਨਾਲ ਸੰਬੰਧਤ ਮਾਮਲੇ ਵਧਣ ਤੋਂ ਪਹਿਲਾਂ ਹੀ ਅਗਾਂਊ ਪ੍ਰਬੰਧ ਕਰਦਿਆਂ ਜ਼ਿਲਾ ਮੈਜਿਸਟ੍ਰੇਟ–ਕਮ–ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਨੇ ਸਥਾਨਕ ਸਿਵਲ ਹਸਪਤਾਲ ਦੀਆਂ ਓ. ਪੀ. ਡੀ. ਅਤੇ ਐਮਰਜੈਂਸੀ ਸੇਵਾਵਾਂ ਨੂੰ ਸਥਾਨਕ ਈ. . ਐੱਸ. ਆਈ. ਸੀ. ਹਸਪਤਾਲ ਵਿਖੇ ਤਬਦੀਲ ਕਰਨ ਦਾ ਹੁਕਮ ਜਾਰੀ ਕੀਤਾ ਹੈ।ਇਸ ਸੰਬੰਧੀ ਜਾਰੀ ਹੁਕਮਾਂ ਵਿੱਚ ਸ੍ਰੀ ਅਗਰਵਾਲ ਨੇ ਅਗਲੇ ਹੁਕਮਾਂ ਤੱਕ ਈ. ਐੱਸ. ਆਈ. ਸੀ. ਦੇ ਡਾਕਟਰ ਸਿਵਲ ਹਸਪਤਾਲ ਦੇ ਮਰੀਜ਼ਾਂ ਨੂੰ ਓ. ਪੀ. ਡੀ. ਅਤੇ ਐਮਰਜੈਂਸੀ ਸੇਵਾਵਾਂ ਪ੍ਰਦਾਨ ਕਰਨਗੇ। ਜੋ ਮਰੀਜ਼ ਇਸ ਵੇਲੇ ਸਿਵਲ ਹਸਪਤਾਲ ਵਿੱਚ ਦਾਖ਼ਲ ਹਨ, ਉਨਾਂ ਨੂੰ ਤੁਰੰਤ ਪ੍ਰਭਾਵ ਨਾਲ ਈ. ਐੱਸ. ਆਈ. ਸੀ. ਹਸਪਤਾਲ ਵਿਖੇ ਤਬਦੀਲ ਕੀਤਾ ਜਾਵੇਗਾ। ਸਿਹਤ ਸੇਵਾਵਾਂ ਨੂੰ ਸਾਂਝੇ ਅਤੇ ਸੁਚਾਰੂ ਤਰੀਕੇ ਨਾਲ ਚਲਾਉਣ ਲਈ ਈ. ਐੱਸ. ਆਈ. ਸੀ. ਦੇ ਮੈਡੀਕਲ ਸੁਪਰਡੈਂਟ ਅਤੇ ਸਿਵਲ ਸਰਜਨ ਲੁਧਿਆਣਾ ਨੂੰ ਜਿੰਮੇਵਾਰ ਬਣਾਇਆ ਗਿਆ ਹੈ।
ਸ੍ਰੀ ਅਗਰਵਾਲ ਨੇ ਹਸਪਤਾਲਾਂ ਦੀ ਸਮੁੱਚੀ ਪ੍ਰਕਿਰਿਆ ਨੂੰ 10 ਅਪ੍ਰੈੱਲ, 2020 ਤੱਕ ਮੁਕੰਮਲ ਕਰਨ ਲਈ ਐੱਸ. ਡੀ. ਐੱਮ. ਲੁਧਿਆਣਾ (ਪੂਰਬੀ) ਨੂੰ ਸੁਪਰਵੀਜ਼ਨ ਕਰਨ ਲਈ ਕਿਹਾ ਹੈ। ਸ੍ਰੀ ਅਗਰਵਾਲ ਨੇ ਕਿਹਾ ਕਿ ਭਵਿੱਖ ਵਿੱਚ ਕੋਵਿਡ 19 ਤੋਂ ਪ੍ਰਭਾਵਿਤ ਮਰੀਜ਼ਾਂ ਦੀ ਉਚਿਤ ਸਾਂਭ ਸੰਭਾਲ ਅਤੇ ਸਿਹਤ ਸੇਵਾ ਅਮਲੇ ਦੀ ਉਚਿਤ ਵਰਤੋਂ ਨੂੰ ਧਿਆਨ ਵਿੱਚ ਰੱਖ ਕੇ ਇਹ ਹੁਕਮ ਜਾਰੀ ਕੀਤੇ ਗਏ ਹਨ।