ਫਗਵਾੜਾ 29 ਮਾਰਚ ( ਚੜ੍ਹਤ ਪੰਜਾਬ ਦੀ ) : ਭਾਰਤੀ ਜਨਤਾ ਪਾਰਟੀ ਪੰਜਾਬ ਇਕਾਈ ਦੇ ਸੂਬਾ ਮੀਤ ਪ੍ਰਧਾਨ ਰਾਜੇਸ਼ ਬਾਘਾ ਨੇ ਅੱਜ ਗੱਲਬਾਤ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਮੰਗ ਕਰਦਿਆਂ ਕਿਹਾ ਕਿ ਜਿੰਨਾ ਚਿਰ ਲਾਕ ਡਾਊਨ ਦੀ ਵਜਾ ਨਾਲ ਲੋਕ ਕੰਮਕਾਰ ਕਰਨ ਤੋਂ ਵਾਂਝੇ ਹਨ ਓਨੇ ਦਿਨ ਦਾ ਬਿਜਲੀ ਦੇ ਬਿਲ ਦੀ ਵਸੂਲੀ ਨਾ ਕੀਤੀ ਜਾਵੇ। ਉਨਾਂ ਕਿਹਾ ਕਿ ਪਹਿਲਾਂ ਕੈਪਟਨ ਸਰਕਾਰ ਨੇ ਬਿਜਲੀ ਬਿਲਾਂ ਦੇ ਭੁਗਤਾਨ ਦੀ ਤਰੀਕ 15 ਅਪ੍ਰੈਲ ਐਲਾਨੀ ਸੀ ਪਰ ਲੋਕਾਂ ਵਿਚ ਰੋਸ ਸੀ ਕਿ 14 ਤਰੀਕ ਤੱਕ ਉਹ ਘਰਾਂ ਵਿਚ ਕੈਦ ਹਨ ਅਤੇ ਇਕ ਦਿਨ ਵਿਚ ਬਿਲਾਂ ਦੀ ਰਕਮ ਦਾ ਜੁਗਾੜ ਕਿਸ ਤਰਾਂ ਕਰਨਗੇ ਜਿਸ ਨੂੰ ਦੇਖਦੇ ਹੋਏ ਬੇਸ਼ਕ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਤਿੰਨ ਮਹੀਨੇ ਬਾਅਦ ਬਿਲ ਵਸੂਲਣ ਦੀ ਗੱਲ ਕਹੀ ਹੈ ਲੇਕਿਨ ਇਹ ਵੀ ਜਾਇਜ਼ ਨਹੀਂ ਹੈ। ਇਸ ਤਰਾਂ ਸਮਾਜ ਦੇ ਹੇਠਲੇ ਦਿਹਾੜੀਦਾਰ ਵਰਗ ਅਤੇ ਛੋਟੇ ਦੁਕਾਨਦਾਰਾਂ ਉਪਰ ਦੋ ਬਿਲਾਂ ਦੀ ਅਦਾਇਗੀ ਦਾ ਭਾਰੀ ਬੋਝ ਪਵੇਗਾ। ਮੁੱਖ ਮੰਤਰੀ ਨੂੰ ਚਾਹੀਦਾ ਹੈ ਕਿ ਜਿੰਨੇ ਦਿਨ ਲੋਕ ਕੋਰੋਨਾ ਵਾਇਰਸ ਕਾਰਨ ਕਾਰੋਬਾਰ ਨਹੀਂ ਕਰ ਸਕਦੇ ਓਨੇ ਦਿਨ ਦਾ ਬਿਲ ਮੁਆਫ ਕਰ ਦਿੱਤਾ ਜਾਵੇ।
ਇਸ ਦੌਰਾਨ ਉਨਾਂ ਕੋਰੋਨਾ ਮਹਾਮਾਰੀ ਦੌਰਾਨ ਸਮਾਜ ਸੇਵਾ ਲਈ ਅੱਗੇ ਆਏ ਲੋਕਾਂ ਅਤੇ ਸਮਾਜਿਕ ਜੱਥੇਬੰਦੀਆਂ ਦੇ ਉਪਰਾਲਿਆਂ ਦੀ ਵੀ ਸ਼ਲਾਘਾ ਕੀਤੀ ਅਤੇ ਨਾਲ ਹੀ ਪੁਲਿਸ, ਪ੍ਰਸ਼ਾਸਨ ਅਤੇ ਸਿਹਤ ਵਿਭਾਗ ਦੇ ਕਰਮਚਾਰੀ ਜੋ ਫਰੰਟ ਲਾਈਨ ‘ਤੇ ਕੰਮ ਕਰ ਰਹੇ ਹਨ ਉਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਸਿਹਤ ਦਾ ਵੀ ਖਿਆਲ ਰੱਖਣ ਅਤੇ ਸਰਜੀਕਲ ਮਾਸਕ ਤੇ ਹੱਥਾਂ ‘ਚ ਦਸਤਾਨੇ ਜਰੂਰ ਪਾਉਣ। ਰਾਜੇਸ਼ ਬਾਘਾ ਨੇ ਆਮ ਜਨਤਾ ਨੂੰ ਅਪੀਲ ਕਰਦਿਆਂ ਕਿਹਾ ਕਿ ਆਪੋ ਆਪਣੇ ਇਲਾਕੇ ਵਿਚ ਪ੍ਰਸ਼ਾਸਨ ਨੂੰ ਪੂਰਾ ਸਹਿਯੋਗ ਕੀਤਾ ਜਾਵੇ ਅਤੇ ਬਿਨਾ ਵਜਾ ਘਰਾਂ ਤੋਂ ਬਾਹਰ ਨਾ ਨਿਕਲਣ ਕਿਉਂਕਿ ਪਰਿਵਾਰ ਦੇ ਇਕ ਮੈਂਬਰ ਦੀ ਛੋਟੀ ਜਿਹੀ ਗਲਤੀ ਪੂਰੇ ਪਰਿਵਾਰ ਦੀ ਜਿੰਦਗੀ ਨੂੰ ਖਤਰੇ ਵਿਚ ਪਾ ਸਕਦੀ ਹੈ।