ਨਗਰ ਨਿਗਮ ਦੀ ਮਸ਼ੀਨਰੀ ਅਤੇ ਮੈਨਪਾਵਰ ਦੀ ਲੋਕ ਹਿੱਤ ਵਿੱਚ ਵਰਤੋਂ ਯਕੀਨੀ ਬਣਾਈ ਜਾਵੇ

Loading

 

ਲੋਕ ਸਭਾ ਮੈਂਬਰ ਅਤੇ ਕਾਂਗਰਸੀ ਵਿਧਾਇਕਾਂ ਵੱਲੋਂ ਨਗਰ ਨਿਗਮ ਅਧਿਕਾਰੀਆਂ ਨੂੰ ਕਾਰਗੁਜ਼ਾਰੀ ਵਿੱਚ ਸੁਧਾਰ ਲਿਆਉਣ ਦੀ ਹਦਾਇਤ

ਲੁਧਿਆਣਾ, 25 ਸਤੰਬਰ ( ਸਤ ਪਾਲ ਸੋਨੀ ) : ਸ਼ਹਿਰ ਲੁਧਿਆਣਾ ਨਾਲ ਸੰਬੰਧਤ ਕਾਂਗਰਸੀ ਵਿਧਾਇਕਾਂ ਨੇ ਅੱਜ ਲੋਕ ਸਭਾ ਮੈਂਬਰ ਸ੍ਰ. ਰਵਨੀਤ ਸਿੰਘ ਬਿੱਟੂ ਦੀ ਅਗਵਾਈ ਵਿੱਚ ਨਗਰ ਨਿਗਮ ਲੁਧਿਆਣਾ ਦੇ ਕਮਿਸ਼ਨਰ ਸ੍ਰ. ਜਸਕਿਰਨ ਸਿੰਘ ਅਤੇ ਹੋਰ ਸੀਨੀਅਰ ਅਧਿਕਾਰੀਆਂ ਨਾਲ ਉਨਾਂ ਦੇ ਜ਼ੋਨ-ਡੀ ਸਥਿਤ ਦਫ਼ਤਰ ਵਿੱਚ ਮੀਟਿੰਗ ਕੀਤੀ ਅਤੇ ਹਦਾਇਤ ਕੀਤੀ ਕਿ ਨਗਰ ਨਿਗਮ ਲੁਧਿਆਣਾ ਦੀ ਕਾਰਗੁਜ਼ਾਰੀ ਵਿੱਚ ਸੁਧਾਰ ਕੀਤਾ ਜਾਵੇ ਅਤੇ ਇਸ ਦੀ ਮਸ਼ੀਨਰੀ ਅਤੇ ਮੈਨਪਾਵਰ ਦੀ ਸਹੀ ਵਰਤੋਂ ਕੀਤੀ ਜਾਵੇ। ਸ੍ਰ. ਬਿੱਟੂ ਦੇ ਨਾਲ ਸ੍ਰੀ ਸੁਰਿੰਦਰ ਡਾਬਰ, ਸ੍ਰੀ ਭਾਰਤ ਭੂਸ਼ਣ ਆਸ਼ੂ ਅਤੇ ਸ੍ਰੀ ਸੰਜੇ ਤਲਵਾਡ਼ (ਤਿੰਨੇ ਵਿਧਾਇਕ) ਹਾਜ਼ਰ ਸਨ।
ਸ੍ਰ. ਬਿੱਟੂ ਅਤੇ ਵਿਧਾਇਕਾਂ ਨੇ ਨਗਰ ਨਿਗਮ ਦੇ ਸੀਨੀਅਰ ਅਧਿਕਾਰੀਆਂ ਅਤੇ ਵੱਖ-ਵੱਖ ਬਰਾਂਚਾਂ ਦੇ ਮੁੱਖੀਆਂ ਨੂੰ ਕਿਹਾ ਕਿ ਹੁਣ ਸਰਕਾਰ ਅਤੇ ਸਮਾਂ ਬਦਲ ਗਿਆ ਹੈ। ਨਗਰ ਨਿਗਮ ਲੋਕਾਂ ਲਈ ਹੈ ਅਤੇ ਇਥੇ ਆਮ ਲੋਕਾਂ ਦੇ ਕੰਮ ਬਿਨਾ ਕਿਸੇ ਭੇਦਭਾਵ ਅਤੇ ਮੈਰਿਟ ‘ਤੇ ਹੋਣੇ ਚਾਹੀਦੇ ਹਨ। ਉਨਾਂ ਕਿਹਾ ਕਿ ਪਿਛਲੇ 10 ਸਾਲਾਂ ਦੌਰਾਨ ਨਗਰ ਨਿਗਮ ਵਿੱਚ ਸਿਆਸੀ ਦਖ਼ਲਅੰਦਾਜ਼ੀ ਨਾਲ ਕੰਮ ਹੁੰਦੇ ਰਹੇ ਹਨ, ਜੋ ਕਿ ਗਲਤ ਸੀ। ਭਵਿੱਖ ਵਿੱਚ ਇਸ ਤਰਾਂ ਨਹੀਂ ਚੱਲੇਗਾ। ਉਨਾਂ ਕਿਹਾ ਕਿ ਦੇਖਣ ਵਿੱਚ ਆਇਆ ਹੈ ਕਿ ਨਗਰ ਨਿਗਮ ਦੀ ਸਾਰੀ ਮਸ਼ੀਨਰੀ ਸੱਤਾ ਪੱਖੀ ਕੌਂਸਲਰਾਂ ਦੇ ਘਰਾਂ ਵਿੱਚ ਕੰਮ ਕਰਦੀ ਸੀ ਜਾਂ ਖਡ਼ੀ ਹੈ, ਜੋ ਕਿ ਵਾਪਸ ਬੁਲਾਈ ਜਾਣੀ ਚਾਹੀਦੀ ਹੈ। ਇਸੇ ਤਰਾਂ ਨਗਰ ਨਿਗਮ ਦੇ ਮਾਲੀ, ਚੌਕੀਦਾਰ, ਬੇਲਦਾਰ, ਸਫਾਈ ਕਰਮੀ ਅਤੇ ਹੋਰ ਕਰਮੀ ਜੋ ਵੱਖ-ਵੱਖ ਰਾਜਸੀ ਆਗੂਆਂ ਅਤੇ ਸਰਕਾਰੀ ਅਧਿਕਾਰੀਆਂ ਦੇ ਘਰਾਂ ਵਿੱਚ ਕੰਮ ਕਰਦੇ ਹਨ, ਉਨਾਂ ਨੂੰ ਵਾਪਸ ਬੁਲਾ ਕੇ ਸ਼ਹਿਰ ਦੇ ਕੰਮਾਂ ਵਿੱਚ ਵਰਤਿਆ ਜਾਵੇ।
ਉਨਾਂ ਕਿਹਾ ਕਿ ਪੌਦਿਆਂ ਅਤੇ ਦਰੱਖ਼ਤਾਂ ਦੀ ਘਾਟ ਕਾਰਨ ਸ਼ਹਿਰ ਵਿੱਚ ਪ੍ਰਦੂਸ਼ਣ ਲਗਾਤਾਰ ਵਧ ਰਿਹਾ ਹੈ। ਪਿਛਲੇ ਲੰਮੇ ਸਮੇਂ ਤੋਂ ਬੰਦ ਪਈ ਨਰਸਰੀ ਮੁਡ਼ ਚਾਲੂ ਕਰਨ ਦੀ ਲੋਡ਼ ਹੈ। ਪਿਛਲੀ ਸਥਾਨਕ ਸਰਕਾਰ ਨੇ ਇਸ ਦਿਸ਼ਾ ਵਿੱਚ ਬਿਲਕੁਲ ਵੀ ਧਿਆਨ ਨਹੀਂ ਦਿੱਤਾ। ਉਨਾਂ ਕਿਹਾ ਕਿ ਪੂਰੇ ਸ਼ਹਿਰ ਵਿੱਚ ਨਵੇਂ ਪੌਦੇ ਲਗਾ ਗਰੀਨਰੀ ਦੀ ਚਾਦਰ ਵਿਛਾਈ ਜਾਣੀ ਚਾਹੀਦੀ ਹੈ ਤਾਂ ਜੋ ਸ਼ਹਿਰ ਨੂੰ ਸੁੰਦਰ ਬਣਾਇਆ ਜਾ ਸਕੇ। ਟੁੱਟੀਆਂ ਸਡ਼ਕਾਂ ‘ਤੇ ਤੁਰੰਤ ਪੈਚਵਰਕ ਕੀਤਾ ਜਾਣਾ ਚਾਹੀਦਾ ਹੈ। ਕੌਂਸਲਰਾਂ ਦੇ ਘਰਾਂ ਵਿੱਚੋਂ ਫੌਗਿੰਗ ਮਸ਼ੀਨਾਂ ਵਾਪਸ ਬੁਲਾ ਕੇ ਸ਼ਹਿਰ ਵਿੱਚ ਖਾਸ ਕਰਕੇ ਝੁੱਗੀ ਝੌਪਡ਼ੀ ਖੇਤਰਾਂ ਵਿੱਚ ਫੌਗਿੰਗ ਕੀਤੀ ਜਾਵੇ ਤਾਂ ਜੋ ਮੱਛਰਾਂ ਤੋਂ ਪੈਦਾ ਹੋਣ ਵਾਲੀਆਂ ਬਿਮਾਰੀਆਂ ਤੋਂ ਲੋਕ ਬਚ ਸਕਣ।
ਉਨਾਂ ਕਿਹਾ ਕਿ ਸ਼ਹਿਰ ਦੀਆਂ ਜਿਆਦਾਤਰ ਸਟਰੀਟ ਲਾਈਟਾਂ ਬੰਦ ਪਈਆਂ ਹਨ, ਜੋ ਕਿ ਤੁਰੰਤ ਠੀਕ ਕੀਤੀਆਂ ਜਾਣ। ਆਗਾਮੀ ਤਿਉਹਾਰਾਂ ਦੇ ਸੀਜ਼ਨ ਨੂੰ ਧਿਆਨ ਵਿੱਚ ਰੱਖਦਿਆਂ ਇਹ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ ਕਿ ਸ਼ਹਿਰ ਸਾਫ਼ ਸੁਥਰਾ ਅਤੇ ਰੌਸ਼ਨੀ ਭਰਪੂਰ ਹੋਵੇ। ਸ੍ਰ. ਬਿੱਟੂ ਨੇ ਕਿਹਾ ਕਿ ਨਗਰ ਨਿਗਮ ਅਧਿਕਾਰੀਆਂ ਨੂੰ ਹੁਣ ਇਹ ਧਿਆਨ ਵਿੱਚ ਰੱਖਣਾ ਚਾਹੀਦਾ ਹੈ ਕਿ ਹੁਣ ਸਰਕਾਰ ਅਤੇ ਸਮਾਂ ਬਦਲ ਗਿਆ ਹੈ ਅਤੇ ਨਗਰ ਨਿਗਮ ਦਾ ਹਰੇਕ ਕੰਮ ਲੋਕ ਹਿੱਤ ਵਿੱਚ ਅਤੇ ਲੋਕਾਂ ਦੀ ਬਿਹਤਰੀ ਲਈ ਹੋਣਾ ਚਾਹੀਦਾ ਹੈ। ਉਨਾਂ ਅਧਿਕਾਰੀਆਂ ਨੂੰ ਭਰੋਸਾ ਦਿੱਤਾ ਕਿ ਸ਼ਹਿਰ ਵਿੱਚ ਜ਼ਰੂਰੀ ਵਿਕਾਸ ਕਾਰਜਾਂ ਲਈ ਫੰਡਾਂ ਦੀ ਕੋਈ ਕਮੀ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ।

5080cookie-checkਨਗਰ ਨਿਗਮ ਦੀ ਮਸ਼ੀਨਰੀ ਅਤੇ ਮੈਨਪਾਵਰ ਦੀ ਲੋਕ ਹਿੱਤ ਵਿੱਚ ਵਰਤੋਂ ਯਕੀਨੀ ਬਣਾਈ ਜਾਵੇ

Leave a Reply

Your email address will not be published. Required fields are marked *

error: Content is protected !!