![]()

ਲੁਧਿਆਣਾ , (ਬਿਊਰੋ ) : ਸੇਕਰਡ ਹਾਰਟ ਸੀਨੀਅਰ ਸੈਕੰਡਰੀ ਸਕੂਲ , ਬੀ.ਆਰ.ਐੱਸ ਨਗਰ, ਲੁਧਿਆਣਾ ਵੱਲੋਂ 7 ਦਸੰਬਰ, 2019 ਨੂੰ ਫਾਦਰ ਜੌਨ ਦੀ ਯੋਗ ਅਗਵਾਈ ਹੇਠ ਸਰਵ–ਧਰਮ ਸੰਮੇਲਨ ਕਰਵਾਇਆ ਗਿਆ ।ਇਸ ਮੌਕੇ ਪਹੁੰਚੇ ਵੱਖ–ਵੱਖ ਧਾਰਮਿਕ ਆਗੂਆਂ –ਫਾਦਰ ਐੱਨਥਨੀ ਤੁਰਤੀਲ (ਡਾਇਰੈਕਟਰ ਸੇਂਟ ਐਨਟਨੀ ਕਾਨਵੈਂਟ ਸਕੂਲ,ਆਦਮਪੁਰ), ਵਿਸ਼ਾਲ ਸ਼ਰਮਾ (ਮੁੱਖੀ ਵਿਵੇਕਾਨੰਦ ਸੰਗਠਨ) , ਮੌਲਾਨਾ ਡਾ: ਮੁਹੰਮਦ ਉਸਮਾਨ ਲੁਧਿਆਨਵੀ (ਨਾਇਬ ਸ਼ਾਹੀ ਇਮਾਮ,ਪੰਜਾਬ), ਗਿਆਨੀ ਹਰਜੀਤ ਸਿੰਘ ( ਪ੍ਰਿੰਸੀਪਲ ਭਾਈ ਗੁਰਦਾਸ ਗੁਰਮਤਿ ਮਿਸ਼ਨਰੀ ਕਾਲਜ) ਅਤੇ ਵਿਦਿਆਰਥੀਆਂ ਦੇ ਮਾਪਿਆਂ ਦਾ ਸਕੂਲ ਦੇ ਡਾਇਰੈਕਟਰ ਫਾਦਰ ਜੌਨ , ਪ੍ਰਿੰਸੀਪਲ ਸਿਸਟਰ ਸਿਲਵੀ ਅਤੇ ਸਾਰੇ ਅਧਿਆਪਕਾਂ ਵੱਲੋਂ ਨਿੱਘਾ ਸੁਆਗਤ ਕੀਤਾ ਗਿਆ।ਸੰਮੇਲਨ ਦਾ ਮੁੱਖ ਉਦੇਸ਼ ਬਹੁ–ਪੱਖੀ ਸਭਿਆਚਾਰਾਂ ਅਤੇ ਧਰਮਾਂ ਨੂੰ ਏਕਤਾ ਵਿੱਚ ਬੰਨ੍ਣਾ ਸੀ ।ਸਾਰੇ ਧਾਰਮਿਕ ਰਹਿਨੁਮਾਵਾਂ ਵੱਲੋਂ ਸਮਾਜ, ਰਾਸ਼ਟਰ ਅਤੇ ਪੂਰੇ ਸੰਸਾਰ ਨੂੰ ਇੱਕ–ਮੁੱਠ ਕਰਨ ਦੇ ਮਕਸਦ ਵਜੋਂ ਲੋਕਾਂ ਨੂੰ ਆਪਸੀ ਪਿਆਰ, ਭਾਈਚਾਰੇ ਅਤੇ ਮਿਲਵਰਤਨ ਨਾਲ ਰਹਿਣ ਦਾ ਸੰਦੇਸ਼ ਦਿੰਦਿਆਂ ਕਿਹਾ ਕਿ ਅਜਿਹੇ ਸੰਮੇਲਨ ਅੱਜ ਦੇ ਸਮੇਂ ਦੀ ਮੁੱਖ ਜ਼ਰੂਰਤ ਹਨ ਅਤੇ ਭਵਿੱਖ ਵਿੱਚ ਵੀ ਹੁੰਦੇ ਰਹਿਣੇ ਚਾਹੀਦੇ ਹਨ । ਫਾਦਰ ਐੱਨਥਨੀ ਤੁਰਤੀਲ ਨੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਸਾਰੇ ਹੀ ਧਰਮ ਮਨੁੱਖੀ ਮਨ ਅਤੇ ਆਤਮਾ ਦੇ ਵਿਕਾਸ ਲਈ ਰਾਹ ਉਲ਼ੀਕਦੇ ਹਨ,ਜਿਸ ਉੱਤੇ ਚੱਲ ਕੇ ਮਨੁੱਖ ਆਪਣੇ ਜੀਵਨ ਵਿੱਚ ਸਫਲਤਾ ਅਤੇ ਆਤਮਿਕ ਸੰਤੁਸ਼ਟੀ ਪ੍ਰਾਪਤ ਕਰ ਸਕਦਾ ਹੈ।ਸੰਮੇਲਨ ਵਿੱਚ ਵਿਦਿਆਰਥੀਆਂ ਦੇ ਮਾਪਿਆਂ ਨੇ ਹਾਜ਼ਰੀ ਭਰ ਕੇ ਸ਼ਾਂਤੀ ਤੇ ਸਦਭਾਵਨਾ ਦਾ ਸੰਦੇਸ਼ ਗ੍ਰਹਿਣ ਕੀਤਾ । ਸੰਮੇਲਨ ਵਿੱਚ ਵਿਦਿਆਰਥੀਆਂ ਵੱਲੋਂ ਗਾਏ ਗਏ ਧਾਰਮਕ ਗੀਤਾਂ ਨੇ ਸਾਰੇ ਸਰੋਤਿਆਂ ਨੂੰ ਮੰਤਰ–ਮੁਗਧ ਕਰੀ ਰੱਖਿਆ । ਇਸ ਤਰ੍ਹਾਂ ਇਹ ਸੰਮੇਲਨ ਹਰ ਇੱਕ ਅੰਦਰ ਖੁਸ਼ੀਆਂ ਅਤੇ ਉਮੰਗਾਂ ਦੀਆਂ ਨਵੀਆਂ ਕਿਰਨਾਂ ਰੁਸ਼ਨਾਉਂਦਾ ਹੋਇਆ ਸਮਾਪਤ ਹੋ ਗਿਆ।