![]()

ਸਫਾਈ ਕਰਮਚਾਰੀਆ ਨਾਲ ਜੁੜੇ ਸਾਰੇ ਮੁੱਦਿਆਂ ਨੂੰ ਪਹਿਲ ਦੇ ਆਧਾਰ ‘ਤੇ ਹੱਲ ਕਰਨ ਲਈ ਕਿਹਾ
ਲੁਧਿਆਣਾ , (ਬਿਊਰੋ ) : ਸ੍ਰੀ ਗੇਜਾ ਰਾਮ ਵਾਲਮੀਕੀ, ਚੇਅਰਮੈਨ, ਸਫਾਈ ਕਰਮਚਾਰੀ ਕਮਿਸ਼ਨ, ਪੰਜਾਬ ਨੇ ਕਿਹਾ ਕਿ ਸਫਾਈ ਕਰਮਚਾਰੀ ਕਮਿਸ਼ਨ ਰਾਜ ਦੇ ਸਫਾਈ ਕਰਮਚਾਰੀਆਂ ਦੀ ਭਲਾਈ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਸਫਾਈ ਕਰਮਚਾਰੀਆਂ ਨਾਲ ਸਬੰਧਤ ਸਾਰੇ ਮਸਲਿਆ/ਮੰਗਾਂ ਦਾ ਪਹਿਲ ਦੇ ਅਧਾਰ ਤੇ ਹੱਲ ਕੀਤਾ ਜਾਵੇਗਾ। ਇਹ ਗੱਲ ਉਨ੍ਹਾਂ ਅੱਜ ਸਰਕਟ ਹਾਊਸ ਵਿਖੇ ਸਰਕਾਰੀ ਅਫਸ਼ਰਾਂ ਦੀ ਹਾਜ਼ਰੀ ਵਿੱਚ ਹੋਈ ਸਫਾਈ ਕਰਮਚਾਰੀਆਂ ਨਾਲ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕਹੀ।ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਸ੍ਰੀ ਗੇਜਾ ਰਾਮ ਵਾਲਮੀਕੀ ਨੇ ਕਿਹਾ ਕਿ ਉਨ੍ਹਾਂ ਦੇ ਕਮਿਸ਼ਨ ਦਾ ਇਕੋ ਉਦੇਸ਼ ਰਾਜ ਦੇ ਵੱਖ–ਵੱਖ ਸਰਕਾਰੀ ਵਿਭਾਗਾਂ ਵਿੱਚ ਕੰਮ ਕਰਦੇ ਸਫਾਈ ਕਰਮਚਾਰੀਆਂ ਦੀ ਭਲਾਈ ਹੈ। ਉਨ੍ਹਾਂ ਕਿਹਾ ਕਿ ਅੱਜ ਦੀ ਮੀਟਿੰਗ ਦੌਰਾਨ ਸਫ਼ਾਈ ਕਰਮਚਾਰੀਆਂ ਅਤੇ ਉਨ੍ਹਾਂ ਦੇ ਨੁਮਾਇੰਦਿਆਂ ਨੇ ਦੇਰੀ ਨਾਲ ਤਨਖਾਹਾਂ, ਸਫਾਈ ਕਰਮਚਾਰੀਆਂ/ਸੀਵਰਮੈਨਾਂ ਨੂੰ ਮੁਆਵਜ਼ਾ, ਸਰਕਾਰੀ ਵਿਭਾਗਾਂ ਵਿੱਚ ਖਾਲੀ ਅਸਾਮੀਆਂ ਆਦਿ ਨਾਲ ਜੁੜੇ ਕਈ ਮੁੱਦੇ ਉਠਾਏ। ਉਨ੍ਹਾਂ ਕੇਂਦਰ ਸਰਕਾਰ ’ਤੇ ਸਵੱਛ ਭਾਰਤ ਮਿਸ਼ਨ ਤਹਿਤ ਸਫ਼ਾਈ ਕਰਮਚਾਰੀਆਂ ਦੇ ਹਿੱਤਾਂ ਨੂੰ ਨਜ਼ਰ ਅੰਦਾਜ਼ ਕਰਨ ਦਾ ਵੀ ਦੋਸ਼ ਲਾਇਆ। ਉਨ੍ਹਾਂ ਸਵੱਛ ਭਾਰਤ ਮਿਸ਼ਨ ਤਹਿਤ ਇਸ਼ਤਿਹਾਰਾਂ, ਸਮਾਗਮਾਂ ਅਤੇ ਫਲੈਕਸ ਦੀ ਛਪਾਈ ’ਤੇ ਖਰਚ ਕੀਤੇ ਫੰਡਾਂ ਨਾਲ ਸਬੰਧਤ ਜਾਣਕਾਰੀ ਵੀ ਮੰਗੀ। ਉਨ੍ਹਾਂ ਮੰਗ ਕੀਤੀ ਕਿ ਕੇਂਦਰ ਸਰਕਾਰ ਸਵੱਛ ਭਾਰਤ ਮਿਸ਼ਨ ਤਹਿਤ ਸਫਾਈ ਕਰਮਚਾਰੀਆਂ ਦੀ ਭਲਾਈ ਲਈ ਵੀ ਫੰਡ ਮੁਹੱਈਆ ਕਰਵਾਏ ਜੋ ਕਿ ਸਫਾਈ ਕਰਮਚਾਰੀਆਂ ਦੀ ਭਲਾਈ ਲਈ ਖਰਚ ਕੀਤੇ ਜਾ ਸਕਣ।
ਉਨ੍ਹਾਂ ਸਫ਼ਾਈ ਕਰਮਚਾਰੀਆਂ ਅਤੇ ਉਨ੍ਹਾਂ ਦੇ ਨੁਮਾਇੰਦਿਆਂ ਨੂੰ ਭਰੋਸਾ ਦਿੱਤਾ ਕਿ ਸਰਕਾਰੀ ਵਿਭਾਗਾਂ ਵਿੱਚ ਖਾਲੀ ਪਈਆਂ ਸਾਰੀਆਂ ਅਸਾਮੀਆਂ ਪਹਿਲ ਦੇ ਅਧਾਰ ’ਤੇ ਭਰੀਆਂ ਜਾਣਗੀਆਂ। ਉਨ੍ਹਾਂ ਸਫਾਈ ਕਰਮਚਾਰੀਆਂ ਨੂੰ ਆਪਣੇ ਫਰਜ਼ਾਂ ਨੂੰ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਉਣ ਦੀ ਅਪੀਲ ਕੀਤੀ ਅਤੇ ਚੇਤਾਵਨੀ ਦਿੱਤੀ ਕਿ ਕਮਿਸ਼ਨ ਉਨ੍ਹਾਂ ਸਫਾਈ ਕਰਮਚਾਰੀਆਂ ਦਾ ਬਿਲਕੁੱਲ ਵੀ ਸਮਰਥਨ ਨਹੀਂ ਕਰੇਗਾ ਜੋ ਆਪਣੀ ਡਿਊਟੀ ਨਹੀਂ ਨਿਭਾ ਰਹੇ। ਸਫਾਈ ਕਰਮਚਾਰੀਆਂ ਨੇ ਆਪਣੀਆਂ ਮੰਗਾਂ ਸਬੰਧੀ ਚੇਅਰਮੈਨ ਸ੍ਰੀ ਗੇਜਾ ਰਾਮ ਵਾਲਮੀਕੀ ਨੂੰ ਮੰਗ ਪੱਤਰ ਸੌਂਪੇ., ਸ੍ਰੀ ਵਾਲਮੀਕੀ ਨੇ ਉਨ੍ਹਾਂ ਨੂੰ ਹਰ ਸੰਭਵ ਸਹਾਇਤਾ ਦੇਣ ਦਾ ਭਰੋਸਾ ਦਿੱਤਾ। ਉਨ੍ਹਾਂ ਕਿਹਾ ਕਿ ਸਫ਼ਾਈ ਕਰਮਚਾਰੀ ਕਮਿਸ਼ਨ ਪੰਜਾਬ ਕਿਸੇ ਵੀ ਸਰਕਾਰੀ ਅਧਿਕਾਰੀ ਨੂੰ ਕਿਸੇ ਵੀ ਸਫਾਈ ਕਰਮਚਾਰੀ ਨੂੰ ਬੇਲੋੜਾ ਪ੍ਰੇਸ਼ਾਨ ਕਰਨ ਨਹੀਂ ਦੇਵੇਗਾ ਅਤੇ ਜੇਕਰ ਕੋਈ ਵਿਅਕਤੀ ਅਜਿਹਾ ਕਰਦਾ ਪਾਇਆ ਗਿਆ ਤਾਂ ਉਸ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ।
ਸ੍ਰੀ ਗੇਜ਼ਾ ਰਾਮ ਵਾਲਮੀਕੀ ਨੂੰ ਇਸ ਮੌਕੇ ਕਈ ਸੰਸਥਾਵਾਂ ਵੱਲੋਂ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਸਫਾਈ ਕਰਮਚਾਰੀ ਕਮਿਸ਼ਨ ਪੰਜਾਬ ਦੇ ਉਪ ਚੇਅਰਮੈਨ ਰਾਮ ਸਿੰਘ ਅਤੇ ਮੈਂਬਰ ਇੰਦਰਜੀਤ ਸਿੰਘ ਵੀ ਮੌਜੂਦ ਸਨ।ਇਸ ਮੌਕੇ ਏਡੀਸੀ (ਜਨਰਲ) ਇਕਬਾਲ ਸਿੰਘ ਸੰਧੂ, ਐਮਸੀ ਜੁਆਇੰਟ ਕਮਿਸ਼ਨਰ ਸ੍ਰੀਮਤੀ ਸਵਾਤੀ ਟਿਵਾਣਾ, ਜਸਦੇਵ ਸਿੰਘ ਸੇਖੋਂ, ਜ਼ਿਲ੍ਹਾ ਭਲਾਈ ਅਫ਼ਸਰ ਰਜਿੰਦਰ ਕੁਮਾਰ, ਅਸ਼ਵਨੀ ਸਹੋਤਾ, ਨਰੇਸ਼ ਧੀਗਨ, ਰਜਤ ਅਰੋੜਾ ਜਗਰਾਉਂ, ਬਾਲ ਕਿਸ਼ਨ ਮੁੱਲਾਂਪੁਰ ਐਮ.ਸੀ., ਗੋਰਾ ਲੱਧੜ, ਕੇ.ਪੀ. ਰਾਣਾ, ਰਾਜੇਸ਼ ਗਿੱਲ, ਜਤਿੰਦਰ ਚਾਹਲੋਂ, ਸੀਤਲ ਦੀਪ ਚੌਹਾਨ, ਐਡਵੋਕੇਟ ਰਾਹੁਲ ਆਦਿਆ ਤੋਂ ਇਲਾਵਾ ਹੋਰ ਵੀ ਕਈ ਸ਼ਾਮਲ ਸਨ।