![]()

474 ਯੋਗ ਲਾਭਪਾਤਰੀਆਂ ਨੂੰ ਦਿੱਤਾ ਮੌਕੇ ‘ਤੇ ਵੱਖ-ਵੱਖ ਯੋਜਨਾਵਾਂ ਦਾ ਲਾਭ
ਲੁਧਿਆਣਾ, 2 ਅਕਤੂਬਰ ( ਸਤ ਪਾਲ ਸੋਨੀ) : ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ‘ਮਹਾਤਮਾ ਗਾਂਧੀ ਸਰਬੱਤ ਵਿਕਾਸ ਯੋਜਨਾ’ ਤਹਿਤ ਜ਼ਿਲਾ ਪ੍ਰਸਾਸ਼ਨ ਲੁਧਿਆਣਾ ਵੱਲੋਂ ਯੋਗ ਲਾਭਪਾਤੀਆਂ ਦੀ ਸ਼ਨਾਖ਼ਤ ਵੱਡੇ ਪੱਧਰ ‘ਤੇ ਲਗਾਤਾਰ ਜਾਰੀ ਹੈ। ਇਸੇ ਸੰਬੰਧੀ ਜ਼ਿਲਾ ਪੱਧਰੀ ਕੈਂਪ ਦਾ ਆਯੋਜਨ ਅੱਜ ਸਥਾਨਕ ਗੁਰੂ ਨਾਨਕ ਭਵਨ ਵਿਖੇ ਕੀਤਾ ਗਿਆ। ਇਸ ਕੈਂਪ ਦਾ ਉਦਘਾਟਨ ਵਧੀਕ ਡਿਪਟੀ ਕਮਿਸ਼ਨਰ (ਵ) ਸ੍ਰੀਮਤੀ ਅੰਮ੍ਰਿਤ ਸਿੰਘ ਨੇ ਕੀਤਾ। ਇਸ ਮੌਕੇ ਜ਼ਿਲਾ ਵਿਕਾਸ ਅਤੇ ਪੰਚਾਇਤ ਅਫ਼ਸਰ ਪਿਊਸ਼ ਚੰਦਰ, ਸੁਪਰਡੈਂਟ ਜ਼ਿਲਾ ਪ੍ਰੀਸ਼ਦ, ਸਮੂਹ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ ਅਤੇ ਹੋਰ ਵੀ ਹਾਜ਼ਰ ਸਨ।
ਵਧੀਕ ਡਿਪਟੀ ਕਮਿਸ਼ਨਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਕੈਂਪ ਵਿੱਚ ਭਲਾਈ ਵਿਭਾਗ, ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ, ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ, ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਿਟਡ, ਕਿਰਤ ਵਿਭਾਗ, ਸਨਅਤਾਂ ਵਿਭਾਗ, ਲੀਡ ਬੈਂਕ, ਸਿਹਤ ਅਤੇ ਪਰਿਵਾਰ ਭਲਾਈ ਵਿਭਾਗ, ਖੁਰਾਕ ਅਤੇ ਸਿਵਲ ਸਪਲਾਈ ਵਿਭਾਗ, ਰੋਜ਼ਗਾਰ ਉਤਪਤੀ ਅਤੇ ਸਿਖ਼ਲਾਈ ਵਿਭਾਗ, ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ, ਸਕੂਲ ਸਿੱਖਿਆ ਵਿਭਾਗ, ਕਾਨੂੰਨ ਅਤੇ ਵਿਧਾਨਕ ਮਾਮਲੇ ਵਿਭਾਗਾਂ ਸਮੇਤ ਹੋਰ ਕਈ ਵਿਭਾਗਾਂ ਵੱਲੋਂ ਯੋਗ ਲਾਭਪਾਤਰੀਆਂ ਦੀ ਸ਼ਨਾਖ਼ਤ ਕਰਕੇ ਮੌਕੇ ‘ਤੇ ਫਾਰਮ ਆਦਿ ਭਰਵਾਏ ਗਏ ਤਾਂ ਜੋ ਵੱਧ ਤੋਂ ਵੱਧ ਯੋਗ ਲਾਭਪਾਤਰੀਆਂ ਨੂੰ ਵੱਖ-ਵੱਖ ਯੋਜਨਾਵਾਂ ਦਾ ਲਾਭ ਦਿਵਾਇਆ ਜਾ ਸਕੇ। ਉਨਾਂ ਦੱਸਿਆ ਕਿ ਇਸ ਕੈਂਪ ਦੌਰਾਨ ਮਗਨਰੇਗਾ ਤਹਿਤ 412 ਅਰਜ਼ੀਆਂ, ਲੇਬਰ ਵਿਭਾਗ ਦੀਆਂ 19 ਅਰਜੀਆਂ, ਅਪੰਗਤਾ ਸਰਟੀਫਿਕੇਟ 25 ਅਰਜੀਆਂ, ਆਯੂਸ਼ਮਾਨ ਭਾਰਤ ਦੇ 15 ਅਰਜੀਆਂ, ਮੁਫ਼ਤ ਬੱਸ ਪਾਸ ਲਈ 3 ਅਰਜ਼ੀਆਂ ਯੋਗ ਪਾਈਆਂ ਗਈਆਂ, ਜਿਨਾਂ ਨੂੰ ਮੌਕੇ ‘ਤੇ ਲਾਭ ਦਿੱਤਾ ਗਿਆ, ਜਦਕਿ ਬਾਕੀ ਅਰਜ਼ੀਆਂ ‘ਤੇ ਪੜਤਾਲ ਉਪਰੰਤ ਲਾਭ ਦਿੱਤਾ ਜਾਵੇਗਾ।
ਇਸ ਯੋਜਨਾ ਸੰਬੰਧੀ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਯੋਜਨਾ ਤਹਿਤ ਉਨਾਂ ਲੋਕਾਂ ਦੀ ਸ਼ਨਾਖ਼ਤ ਕੀਤੀ ਜਾ ਰਹੀ ਹੈ ਜੋ ਯੋਗਤਾ ਹੋਣ ਦੇ ਬਾਵਜੂਦ ਕਿਸੇ ਨਾ ਕਿਸੇ ਕਾਰਨ ਦੇ ਚੱਲਦਿਆਂ ਸਰਕਾਰੀ ਯੋਜਨਾਵਾਂ ਦਾ ਲਾਭ ਲੈਣ ਤੋਂ ਵਾਂਝੇ ਹਨ। ਯੋਗ ਵਿਅਕਤੀਆਂ ਨੂੰ ਯੋਜਨਾਵਾਂ ਦਾ ਬਣਦਾ ਲਾਭ ਦਿਵਾਉਣ ਦੇ ਮਕਸਦ ਨਾਲ ਪੰਜਾਬ ਸਰਕਾਰ ਨੇ ਮਹਾਤਮਾ ਗਾਂਧੀ ਸਰਬੱਤ ਵਿਕਾਸ ਯੋਜਨਾ ਦੀ ਸ਼ੁਰੂਆਤ ਕੀਤੀ ਹੈ। ਇਸ ਯੋਜਨਾ ਤਹਿਤ ਜਿੱਥੇ ਪੰਜਾਬ ਸਰਕਾਰ ਅਜਿਹੇ ਅਣਗੌਲੇ ਯੋਗ ਵਿਅਕਤੀਆਂ/ਪਰਿਵਾਰਾਂ ਦੀ ਖੁਦ ਭਾਲ ਕਰਦੀ ਹੈ, ਉਥੇ 30 ਦਿਨਾਂ ਦੇ ਅੰਦਰ-ਅੰਦਰ ਉਨਾਂ ਨੂੰ ਸੰਬੰਧਤ ਯੋਜਨਾ ਅਧੀਨ ਬਣਦਾ ਲਾਭ ਦੇਣ ਦੀ ਵੀ ਕੋਸ਼ਿਸ਼ ਕੀਤੀ ਜਾਂਦੀ ਹੈ।
ਯੋਜਨਾ ਤਹਿਤ ਪਿੰਡ ਪੱਧਰ ‘ਤੇ ਗਠਿਤ ਕੀਤੀਆਂ ਕਮੇਟੀਆਂ ਪਿੰਡ ਵਿੱਚ ਰਹਿਣ ਵਾਲੇ ਹਰੇਕ ਵਿਅਕਤੀ/ਪਰਿਵਾਰ ਦਾ ਸਰਵੇ ਕਰਦੀਆਂ ਹਨ, ਜਿਸ ਦੌਰਾਨ ਦੇਖਿਆ ਜਾਂਦਾ ਹੈ ਕਿ ਪੰਜਾਬ ਜਾਂ ਕੇਂਦਰ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਵੱਖ-ਵੱਖ ਲੋਕ ਹਿੱਤ ਯੋਜਨਾਵਾਂ ਤੋਂ ਕੋਈ ਵੀ ਵਾਂਝਾ ਤਾਂ ਨਹੀਂ ਹੈ।ਉਨਾਂ ਦੱਸਿਆ ਕਿ ਇਸ ਯੋਜਨਾ ਦਾ ਲਾਭ ਉਹ ਵਿਅਕਤੀ ਜਾਂ ਪਰਿਵਾਰ ਲੈ ਸਕਦੇ ਹਨ ਜਿਹੜੇ ਕਿਸੇ ਨਾ ਕਿਸੇ ਯੋਜਨਾ ਦੇ ਯੋਗ ਹੋਣ ਦੇ ਬਾਵਜੂਦ ਹਾਲੇ ਤੱਕ ਇਨਾਂ ਯੋਜਨਾਵਾਂ ਦੇ ਲਾਭ ਤੋਂ ਵਾਂਝੇ ਹਨ। ਇਨਾਂ ਵਿੱਚ ਸ਼ਾਮਿਲ ਹਨ:-ਉਹ ਕਿਸਾਨ ਦਾ ਪਰਿਵਾਰ, ਜਿਸਨੇ ਕਰਜ਼ੇ ਦੇ ਚੱਲਦਿਆਂ ਖੁਦਕੁਸ਼ੀ ਕਰ ਲਈ, ਉਹ ਪਰਿਵਾਰ ਜਿਸਦੇ ਇੱਕੋ ਇੱਕ ਕਮਾਈ ਵਾਲੇ ਵਿਅਕਤੀ ਦੀ ਮੌਤ ਹੋ ਗਈ ਅਤੇ ਔਰਤ ਘਰ ਦਾ ਖਰਚ ਚਲਾ ਰਹੀ ਹੈ, ਉਹ ਪਰਿਵਾਰ ਜਿਸਦਾ ਕੋਈ ਮੈਂਬਰ ਭਿਆਨਕ ਬਿਮਾਰੀਆਂ ਜਿਵੇਂ ਏਡਜ, ਕੈਂਸਰ ਆਦਿ ਨਾਲ ਜੂਝ ਰਿਹਾ ਹੈ, ਉਸ ਸਿਪਾਹੀ ਦਾ ਪਰਿਵਾਰ ਜਿਸ ਦੀ ਮੌਤ ਕਿਸੇ ਜੰਗ ਵਿੱਚ ਹੋਈ ਹੋਵੇ, ਅਜ਼ਾਦੀ ਘੁਲਾਟੀਏ ਦਾ ਪਰਿਵਾਰ,ਉਹ ਪਰਿਵਾਰ ਜਿਨਾਂ ਦੇ ਬੱਚੇ ਸਕੂਲ ਨਹੀਂ ਜਾਂਦੇ,ਬੇਘਰੇ ਪਰਿਵਾਰ, ਜਿਸ ਪਰਿਵਾਰ ਦਾ ਕੋਈ ਮੈਂਬਰ ਮੰਦਬੁੱਧੀ ਜਾਂ ਅਪਾਹਜ ਹੈ, ਉਹ ਬਜ਼ੁਰਗ ਜਿਸਦਾ ਪਰਿਵਾਰ ਨਹੀਂ ਅਤੇ ਉਸ ਕੋਲ ਸਮਾਜਿਕ ਸਹਾਰਾ ਨਹੀਂ ਹੈ, ਨਸ਼ਾ ਪੀੜਤ ਵਿਅਕਤੀ, ਕਿਸੇ ਦੁਰਘਟਨਾ ਜਾਂ ਕੁਦਰਤੀ ਆਫ਼ਤ ਤੋਂ ਪੀੜਤ ਪਰਿਵਾਰ, 18 ਸਾਲ ਉਮਰ ਤੋਂ ਉੱਪਰ ਦੇ ਬੇਰੁਜ਼ਗਾਰ ਨੌਜਵਾਨ, ਕੁਪੋਸ਼ਣ ਦੇ ਸ਼ਿਕਾਰ ਬੱਚੇ, ਸਿਰ ‘ਤੇ ਮੈਲਾ ਢੋਹਣ ਵਾਲੇ ਜਾਂ ਸਫਾਈ ਕਰਮੀ, ਅਨਾਥ, ਖੁਸਰੇ (ਥਰਡ ਜ਼ੈਂਡਰ) ਅਤੇ ਭਿਖ਼ਾਰੀ ਆਦਿ, ਝੁੱਗੀਆਂ ਝੌਂਪੜੀਆਂ ਵਿੱਚ ਰਹਿਣ ਵਾਲੇ ਪਰਿਵਾਰ, ਦੁਰਕਾਰੇ ਮਾਪੇ ਅਤੇ ਔਰਤਾਂ, ਤੇਜ਼ਾਬ ਪੀੜਤ।