![]()

ਅਧਿਕਾਰੀਆਂ ਨੂੰ ਤੈਅ ਸਮਾਂ ਸੀਮਾ ਵਿੱਚ ਕੰਮ ਨੇਪਰੇ ਚਾੜਨ ਦੀ ਹਦਾਇਤ
ਲੁਧਿਆਣਾ, 7 ਸਤੰਬਰ ( ਸਤ ਪਾਲ ਸੋਨੀ) : ਸ਼ਹਿਰ ਲੁਧਿਆਣਾ ਦੇ ਜਗਰਾਂਉ ਰੇਲਵੇ ਓਵਰਬ੍ਰਿਜ (ਪੁੱਲ) ਦਾ ਕੰਮ 30 ਨਵੰਬਰ, 2019 ਤੱਕ ਮੁਕੰਮਲ ਹੋ ਜਾਵੇਗਾ। ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਅੱਜ ਇਸ ਪੁੱਲ ਦੇ ਉਸਾਰੀ ਕਾਰਜ ਦਾ ਜਾਇਜ਼ਾ ਲਿਆ ਅਤੇ ਅਧਿਕਾਰੀਆਂ ਨੂੰ ਤੈਅ ਸਮਾਂ ਸੀਮਾ ਵਿੱਚ ਕੰਮ ਮੁਕੰਮਲ ਕਰਨ ਦੀ ਹਦਾਇਤ ਕੀਤੀ।ਇਸ ਸੰਬੰਧੀ ਜਾਣਕਾਰੀ ਦਿੰਦਿਆਂ ਲੋਕ ਸਭਾ ਮੈਂਬਰ ਬਿੱਟੂ ਨੇ ਕਿਹਾ ਕਿ ਇਸ ਪੁੱਲ ਦੇ ਡਿਜ਼ਾਈਨ ਵਿੱਚ ਲਖਨਊ ਸਥਿਤ ਇੰਜੀਨੀਅਰਿੰਗ ਵਿੰਗ ਤੋਂ ਮਾਮੂਲੀ ਤਰਮੀਮ ਕਰਵਾਈ ਗਈ ਹੈ। ਡਿਜ਼ਾਈਨ ਫਾਈਨਲ ਹੋਣ ਉਪਰੰਤ ਹੁਣ ਜ਼ਮੀਨੀ ਪੱਧਰ ‘ਤੇ ਇਸ ਪੁੱਲ ਦੇ ਉਸਾਰੀ ਕਾਰਜ ਵਿੱਚ ਤੇਜ਼ੀ ਆ ਗਈ ਹੈ। ਉਨਾਂ ਕਿਹਾ ਕਿ ਇਸ ਪੁੱਲ ਦੇ ਨਿਰਮਾਣ ਲਈ ਵਰਤੇ ਜਾਣ ਵਾਲੇ ਗਾਡਰ ਗਾਜ਼ੀਆਬਾਦ ਤੋਂ ਫੈਬਰੀਕੇਟ ਕਰਵਾਏ ਗਏ ਹਨ, ਜਿਸ ਦਾ 45 ਫੀਸਦੀ ਮਟੀਰੀਅਲ ਲੁਧਿਆਣਾ ਵਿਖੇ ਪਹੁੰਚ ਗਿਆ ਹੈ।

ਲੋਕ ਸਭਾ ਮੈਂਬਰ ਬਿੱਟੂ ਨੇ ਕਿਹਾ ਕਿ ਕੁੱਲ 24 ਕਰੋੜ ਰੁਪਏ ਦੀ ਲਾਗਤ ਵਾਲੇ ਇਸ ਪ੍ਰੋਜੈਕਟ ਨੂੰ 30 ਨਵੰਬਰ, 2019 ਤੱਕ ਮੁਕੰਮਲ ਕਰਨ ਲਈ ਉਨਾਂ ਨੇ ਅੱਜ ਰੇਲਵੇ ਦੇ ਅਧਿਕਾਰੀਆਂ ਨੂੰ ਹਦਾਇਤ ਕਰ ਦਿੱਤੀ ਹੈ। ਇਸ ਦੇ ਇਕੱਲੇ ਸਿਵਲ ਵਰਕਸ ‘ਤੇ ਹੀ 8.5 ਕਰੋੜ ਰੁਪਏ ਦੀ ਲਾਗਤ ਆਵੇਗੀ। ਉਨਾਂ ਕਿਹਾ ਕਿ ਗਾਡਰਾਂ ਨੂੰ ਰੇਲਵੇ ਟਰੈਕ ਦੇ ਨਾਲ ਢਾਂਚਾ ਤਿਆਰ ਕਰਕੇ ਜੋੜਿਆ (ਅਸੈਂਬਲ ਕਰਨਾ) ਜਾਵੇਗਾ। ਉਸ ਉਪਰੰਤ ਵੱਡੀਆਂ ਕਰੇਨਾਂ ਦੀ ਸਹਾਇਤਾ ਨਾਲ ਪੁੱਲ ਨੂੰ ਜੋੜਿਆ ਜਾਵੇਗਾ।
ਉਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਸਰਬਪੱਖੀ ਵਿਕਾਸ ਲਈ ਪੂਰਨ ਤੌਰ ‘ਤੇ ਵਚਨਬੱਧ ਹੈ। ਸਨਅਤੀ ਸ਼ਹਿਰ ਲੁਧਿਆਣਾ ਦੇ ਵਿਕਾਸ ਨੂੰ ਵਿਸ਼ੇਸ਼ ਤਵੱਜੋਂ ਦਿੱਤੀ ਜਾ ਰਹੀ ਹੈ। ਉਨਾਂ ਕਿਹਾ ਕਿ ਸ਼ਹਿਰ ਵਿੱਚ ਸਮਾਰਟ ਸਿਟੀ ਪ੍ਰੋਜੈਕਟ ਅਧੀਨ ਕਈ ਵਿਕਾਸ ਕਾਰਜ ਜਾਰੀ ਹਨ। ਇਹ ਸਾਰੇ ਪ੍ਰੋਜੈਕਟ ਮੁਕੰਮਲ ਹੋਣ ਨਾਲ ਲੁਧਿਆਣਾ ਵਿਸ਼ਵ ਦੇ ਬਿਹਤਰੀਨ ਸ਼ਹਿਰਾਂ ਵਿੱਚ ਸ਼ੁਮਾਰ ਹੋ ਜਾਵੇਗਾ।