ਡੇਅਰੀ ਵਿਭਾਗ ਵੱਲੋਂ ਪਸ਼ੂ ਪਾਲਕਾਂ ਨੂੰ ਦੁੱਧ ਦੀ ਜਾਂਚ ਕਰਾਉਣ ਦਾ ਸੱਦਾ

Loading

 

ਵਿਭਾਗ ਵੱਲੋਂ ਮੁਫ਼ਤ ਕੀਤੀ ਜਾ ਰਹੀ ਹੈ ਜਾਂਚ-ਡਿਪਟੀ ਡਾਇਰੈਕਟਰ

ਲੁਧਿਆਣਾ, 29 ਅਗਸਤ ( ਸਤ ਪਾਲ  ਸੋਨੀ) : ਹੜ੍ਹ ਕਾਰਨ ਪ੍ਰਭਾਵਿਤ ਹੋਏ ਇਲਾਕਿਆਂ ਵਿੱਚ ਜਿੱਥੇ ਲੋਕਾਂ ਨੂੰ ਤਰਾਂ ਤਰਾਂ ਦੀਆਂ ਬਿਮਾਰੀਆਂ ਦਾ ਖਦਸ਼ਾ ਪੈਦਾ ਹੋ ਗਿਆ ਸੀ, ਉਵੇਂ ਹੀ ਪਸ਼ੂਆਂ ਨੂੰ ਵੀ ਕਈ ਤਰਾਂ ਦੇ ਰੋਗ ਲੱਗ ਜਾਂਦੇ ਹਨ, ਜਿਸ ਨਾਲ ਉਨਾਂ ਦਾ ਦੁੱਧ ਪੀਣਯੋਗ ਨਹੀਂ ਰਹਿੰਦਾ। ਪੰਜਾਬ ਸਰਕਾਰ ਵੱਲੋਂ ਮਿਲੀਆਂ ਵਿਸ਼ੇਸ਼ ਹਦਾਇਤਾਂ ‘ਤੇ ਕੰਮ ਕਰਦਿਆਂ ਡੇਅਰੀ ਵਿਕਾਸ ਵਿਭਾਗ ਵੱਲੋਂ ਪਸ਼ੂ ਪਾਲਕਾਂ ਨੂੰ ਪਸ਼ੂਆਂ ਦੇ ਦੁੱਧ ਦੀ ਜਾਂਚ ਕਰਾਉਣ ਦਾ ਸੱਦਾ ਦਿੱਤਾ ਗਿਆ ਹੈ।

ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡੇਅਰੀ ਵਿਕਾਸ ਵਿਭਾਗ, ਲੁਧਿਆਣਾ ਦੇ ਡਿਪਟੀ ਡਾਇਰੈਕਟਰ ਦਿਲਬਾਗ ਸਿੰਘ ਹਾਂਸ ਨੇ ਦੱਸਿਆ ਕਿ ਆਮ ਤੌਰ ‘ਤੇ ਹੜ੍ਹ ਵਰਗੇ ਹਾਲਾਤ ਦੌਰਾਨ ਗੰਦੇ ਪਾਣੀ ਵਾਲਾ ਚਾਰਾ ਆਦਿ ਖਾ ਲੈਂਦੇ ਹਨ, ਜਿਸ ਨਾਲ ਉਨ੍ਹਾਂ ਦਾ ਦੁੱਧ ਖਰਾਬ ਹੋ ਜਾਂਦਾ ਹੈ। ਕਈ ਵਾਰ ਤਾਂ ਮਨੁੱਖ ਵਰਤੋਂ ਲਈ ਨੁਕਸਾਨਦੇਹ ਵੀ ਹੋ ਜਾਂਦਾ ਹੈ। ਉਨਾਂ ਕਿਹਾ ਕਿ ਪਸ਼ੂ ਪਾਲਕ ਇਸ ਗੱਲ ਦਾ ਧਿਆਨ ਦੇਣ ਕਿ ਜੇਕਰ ਦੁੱਧ ਵਿੱਚੋਂ ਗੰਦੀ ਬਦਬੂ (ਸਮੈੱਲ) ਆਉਂਦੀ ਹੈ ਜਾਂ ਰੰਗ ਜਾਂ ਸਵਾਦ ਬਦਲਿਆ ਹੈ ਤਾਂ ਉਹ ਤੁਰੰਤ ਵਿਭਾਗ ਨਾਲ ਸੰਪਰਕ ਕਰਕੇ ਦੁੱਧ ਦੀ ਜਾਂਚ ਕਰਵਾ ਸਕਦੇ ਹਨ। ਉਨਾਂ ਦੱਸਿਆ ਕਿ ਫਿਲਹਾਲ ਉਨ੍ਹਾਂ ਦੇ ਵਿਭਾਗ ਕੋਲ ਅਜਿਹਾ ਕੋਈ ਵੀ ਮਾਮਲਾ ਨਹੀਂ ਆਇਆ ਹੈ ਪਰ ਫਿਰ ਵੀ ਪਸ਼ੂ ਪਾਲਕਾਂ ਨੂੰ ਇਸ ਪ੍ਰਤੀ ਅਵੇਸਲੇ ਨਹੀਂ ਹੋਣਾ ਚਾਹੀਦਾ।

ਉਨਾਂ ਕਿਹਾ ਕਿ ਵਿਭਾਗ ਵੱਲੋਂ ਇਸ ਦਿਸ਼ਾ ਵਿੱਚ ਰੁਟੀਨ ਵਿੱਚ ਵੀ ਕੈਂਪ ਲਗਾਏ ਜਾ ਰਹੇ ਹਨ। ਪੰਜਾਬ ਸਰਕਾਰ ਵੱਲੋਂ ਇਸ ਤਰਾਂ ਦੀਆਂ 8 ਮੋਬਾਈਲ ਲੈਬਾਰਟਰੀ ਵੈਨਾਂ ਪੰਜਾਬ ਡੇਅਰੀ ਵਿਕਾਸ ਬੋਰਡ ਨੂੰ ਦਿੱਤੀਆਂ ਗਈਆਂ ਹਨ, ਜੋ ਕਿ ਵੱਖ-ਵੱਖ ਸ਼ਹਿਰਾਂ ਵਿੱਚ ਮੁਫ਼ਤ ਦੁੱਧ ਪਰਖ ਕੈਂਪ ਲਗਾ ਕੇ ਦੁੱਧ ਖਪਤਕਾਰਾਂ ਨੂੰ ਦੁੱਧ ਦੀ ਗੁਣਵੱਤਤਾ ਅਤੇ ਮਿਲਾਵਟਾਂ ਸਬੰਧੀ ਜਾਗਰੂਕ ਕਰ ਰਹੀਆਂ ਹਨ। ਇਨਾਂ ਕੈਂਪਾਂ ਵਿੱਚ ਦੁੱਧ ਵਿਚ ਫੈਟ, ਐਸ.ਐਨ.ਐਫ., ਪ੍ਰੋਟੀਨ, ਡੈਨਸਿਟੀ, ਓਪਰੇ ਪਾਣੀ ਦੀ ਮਾਤਰਾ ਅਤੇ ਯੂਰੀਆ, ਕਾਸਟਿਕ ਸੋਡਾ, ਖੰਡ, ਨਮਕ ਆਦਿ ਮਿਲਾਵਟ ਦੇ ਟੈਸਟ ਕੀਤੇ ਜਾਂਦੇ ਹਨ।ਉਨਾਂ ਕਿਹਾ ਕਿ ਦੁੱਧ ਉਤਪਾਦਕ ਅਤੇ ਖਪਤਕਾਰ ਛੁੱਟੀ ਤੋਂ ਇਲਾਵਾ ਕਿਸੇ ਵੀ ਦਿਨ ਡਿਪਟੀ ਡਾਇਰੈਕਟਰ ਡੇਅਰੀ ਦਫ਼ਤਰ, 598-ਐਲ, ਮਾਡਲ ਟਾਊਨ, ਲੁਧਿਆਣਾ (ਫੋਨ ਨੰ: 0161-2400223) ਵਿਖੇ ਮੁਫਤ ਦੁੱਧ ਪਰਖ ਲਈ ਸੰਪਰਕ ਕਰ ਸਕਦੇ ਹਨ।

 

 

45900cookie-checkਡੇਅਰੀ ਵਿਭਾਗ ਵੱਲੋਂ ਪਸ਼ੂ ਪਾਲਕਾਂ ਨੂੰ ਦੁੱਧ ਦੀ ਜਾਂਚ ਕਰਾਉਣ ਦਾ ਸੱਦਾ
error: Content is protected !!