![]()

ਪਹਿਲੇ ਫੇਜ਼ ਵਿੱਚ ਪੱਖੋਵਾਲ ਸੜਕ ਤੋਂ ਲੈ ਕੇ ਨਗਰ ਨਿਗਮ ਦੇ ਜ਼ੋਨ ਡੀ ਤੱਕ 1.15 ਕਿਲੋਮੀਟਰ ਦਾ ਕੀਤਾ ਜਾਵੇਗਾ ਵਿਕਾਸ– ਭਾਰਤ ਭੂਸ਼ਣ ਆਸ਼ੂ
ਲੁਧਿਆਣਾ, 28 ਅਗਸਤ ( ਸਤ ਪਾਲ ਸੋਨੀ) : ਸ਼ਹਿਰ ਲੁਧਿਆਣਾ ਦੇ ਮਹੱਤਵਪੂਰਨ ਪ੍ਰੋਜੈਕਟ ਸਿੱਧਵਾਂ ਕੈਨਾਲ ਵਾਟਰ ਫਰੰਟ ਦਾ ਵਰਕ ਆਰਡਰ ਅੱਜ ਜਾਰੀ ਕਰ ਦਿੱਤਾ ਗਿਆ ਹੈ। ਇਸ ਪ੍ਰੋਜੈਕਟ ਤਹਿਤ ਆਮ ਲੋਕਾਂ ਲਈ ਸੈਰਗਾਹ ਵਜੋਂ ਸਿੱਧਵਾਂ ਨਹਿਰ ਨਾਲ ਲੱਗਦੇ ਪੂਰੇ ਖੇਤਰ ਪੱਖੋਵਾਲ ਸੜਕ ਤੋਂ ਲੈ ਕੇ ਨਗਰ ਨਿਗਮ ਲੁਧਿਆਣਾ ਦੇ ਜ਼ੋਨ–ਡੀ ਦਫਤਰ ਤੱਕ ਨੂੰ ਵਿਕਸਤ ਕੀਤਾ ਜਾਣਾ ਹੈ। ਇਸ ਪ੍ਰੋਜੈਕਟ ਦੀ ਲਾਗਤ 4.75 ਕਰੋੜ ਰੁਪਏ ਹੈ, ਜਦਕਿ ਇਸ ਦੀ ਲੰਬਾਈ 1100 ਮੀਟਰ ਅਤੇ ਚੌੜਾਈ 22-22 ਮੀਟਰ ਹੋਵੇਗੀ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਕੌਂਸਲਰ ਮਮਤਾ ਆਸ਼ੂ ਨੇ ਕਿਹਾ ਕਿ 1.15 ਕਿਲੋਮੀਟਰ ਦਾ ਇਹ ਖੇਤਰ ਸਮਾਰਟ ਸਿਟੀ ਪ੍ਰੋਜੈਕਟ ਤਹਿਤ ਲੈਂਡਸਕੇਪਿੰਗ ਨਾਲ ਵਿਕਸਤ ਕੀਤਾ ਜਾਵੇਗਾ। ਇਸ ਪ੍ਰੋਜੈਕਟ ਦੇ ਪਹਿਲੇ ਗੇੜ ਵਿੱਚ ਗਰੀਨ ਬੈੱਲਟ, ਸਾਈਕਲਿੰਗ ਟਰੈਕ, ਖੇਡ ਖੇਤਰ, ਪੈਦਲ ਰਸਤਾ, ਬੈਠਣ ਲਈ ਖੇਤਰ, ਕੰਧ ‘ਤੇ ਚੜਨ ਲਈ ਗਤੀਵਿਧੀਆਂ ਆਦਿ ਵਿਕਸਤ ਕੀਤੀਆਂ ਜਾਣਗੀਆਂ। ਦੂਜੇ ਗੇੜ੍ਹ ਵਿੱਚ ਸਿੱਧਵਾਂ ਨਹਿਰ ਦੇ ਨਾਲ–ਨਾਲ ਪੱਖੋਵਾਲ ਸੜਕ ਤੋਂ ਲੈ ਕੇ ਦੁੱਗਰੀ ਤੱਕ ਇਲਾਕਾ ਵਿਕਸਤ ਕੀਤਾ ਜਾਵੇਗਾ। ਉਕਤ ਸੁਵਿਧਾਵਾਂ ਨਹਿਰ ਦੇ ਦੋਵੇਂ ਪਾਸੇ ਵਿਕਸਤ ਕੀਤੀਆਂ ਜਾਣਗੀਆਂ।
ਇਸ ਸੰਬੰਧੀ ਪੰਜਾਬ ਦੇ ਖੁਰਾਕ, ਸਿਵਲ ਸਪਲਾਈ ਅਤੇ ਖ਼ਪਤਕਾਰ ਮਾਮਲੇ ਵਿਭਾਗ ਦੇ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਦੱਸਿਆ ਕਿ ਸਮਾਰਟ ਸਿਟੀ ਪ੍ਰੋਜੈਕਟ ਤਹਿਤ ਤਿਆਰ ਕੀਤੇ ਜਾ ਰਹੇ ਇਸ ਪ੍ਰੋਜੈਕਟ ਦਾ ਮਕਸਦ ਹੈ ਕਿ ਸ਼ਹਿਰ ਵਾਸੀਆਂ ਨੂੰ ਸੈਰ ਗਾਹ ਅਤੇ ਜੀਵਨ ਦਾ ਆਨੰਦ ਲੈਣ ਲਈ ਵਧੀਆ ਜਗ੍ਹਾਂ ਤਿਆਰ ਕੀਤੀ ਜਾਵੇ। ਇਥੇ ਰੌਸ਼ਨੀਆਂ ਦਾ ਵਿਸ਼ੇਸ਼ ਪ੍ਰਬੰਧ ਹੋਵੇਗਾ ਤਾਂ ਜੋ ਹਨੇਰੇ ਸਵੇਰੇ ਘੁੰਮਣ ਆਉਣ ਵਾਲੇ ਲੋਕਾਂ ਨੂੰ ਸੁਰੱਖਿਆ ਅਤੇ ਸਹਿਜ ਦਾ ਮਾਹੌਲ ਮਿਲ ਸਕੇ। ਮੀਂਹ ਦੇ ਪਾਣੀ ਨੂੰ ਸੰਭਾਲਣ ਲਈ ਰੀਚਾਰਜ ਸਿਸਟਮ ਵੀ ਵਿਕਸਤ ਕੀਤਾ ਜਾਵੇਗਾ।ਉਨਾਂ ਕਿਹਾ ਕਿ ਇਸ ਪ੍ਰੋਜੈਕਟ ਤਹਿਤ ਲਈਅਰ ਵੈਲੀ ਦੇ ਨਾਲ–ਨਾਲ ਕੰਧ, ਸਟੀਲ ਦੀ ਰੇਲਿੰਗ, ਫੈਂਸਿੰਗ, ਬੈਠਣ ਲਈ ਪੌੜੀਆਂ, ਸਾਈਕਲ ਟਰੈਕ, ਲੰਘਣ ਲਈ ਰਸਤੇ, ਬੈਂਬੂ ਗਜ਼ੀਬੋ, ਬੈਠਣ ਲਈ ਬੈਂਚ, ਗਰੀਨ ਲਾਅਨ, ਮੌਸਮੀ ਫੁੱਲ, ਪਸ਼ੂਆਂ ਨੂੰ ਅੰਦਰ ਵੜਨ ਤੋਂ ਰੋਕਣ ਵਾਲਾ ਗੇਟ, ਪੈਦਲ ਰਾਹੀਆਂ ਅਤੇ ਵਾਹਨਾਂ ਲਈ ਅਲੱਗ–ਅਲੱਗ ਗੇਟ, ਪਾਣੀ ਦੇ ਛਿੜਕਾਅ ਲਈ ਉਪਕਰਨ, ਬੋਰਵੈੱਲ, ਟਿਊਬਵੈੱਲ, ਛੱਤ ‘ਤੇ ਸੋਲਰ ਸਿਸਟਮ, ਪਖਾਨੇ, ਐੱਲ. ਈ. ਡੀ. ਲਾਈਟਿੰਗ ਖੰਭੇ, ਬੱਚਿਆਂ ਦੇ ਖੇਡਣ ਲਈ ਵਿਸ਼ੇਸ਼ ਖੇਤਰ, ਓਪਨ ਜਿੰਮ, ਧਰਤੀ ਹੇਠ ਪਾਣੀ ਰੀਚਾਰਜ ਕਰਨ ਲਈ ਸਟੌਰਮ ਵਾਟਰ ਵਾਲੇ ਟੋਏ ਆਦਿ ਹੋਰ ਸਹੂਲਤਾਂ ਹੋਣਗੀਆਂ।ਉਨਾਂ ਦੱਸਿਆ ਕਿ ਇਸ ਪ੍ਰੋਜੈਕਟ ‘ਤੇ ਕੰਮ ਸੋਮਵਾਰ ਤੋਂ ਸ਼ੁਰੂ ਹੋ ਜਾਵੇਗਾ ਅਤੇ ਪਹਿਲੇ ਗੇੜ ਦਾ ਕੰਮ ਅਗਲੇ 10 ਮਹੀਨਿਆਂ ਵਿੱਚ ਮੁਕੰਮਲ ਕਰਨ ਦਾ ਟੀਚਾ ਹੈ।.