![]()

ਦਾਨੀ ਸੱਜਣ ਹਡ਼ ਪ੍ਰਭਾਵਿਤ ਲੋਕਾਂ ਦੀ ਸਹਾਇਤਾ ਲਈ ਅੱਗੇ ਆਉਣ-ਡਿਪਟੀ ਕਮਿਸ਼ਨਰ
ਲੁਧਿਆਣਾ, 24 ਅਗਸਤ ((ਸਤ ਪਾਲ ਸੋਨੀ) : ਪੰਜਾਬ ਵਿੱਚ ਭਾਰੀ ਮੀਂਹ ਉਪਰੰਤ ਬਣੇ ਹਡ਼ ਵਰਗੇ ਹਾਲਾਤ ਨੂੰ ਦੇਖਦਿਆਂ ਵੱਡੀ ਗਿਣਤੀ ਵਿੱਚ ਲੋਕਾਂ ਵੱਲੋਂ ਮੁੱਖ ਮੰਤਰੀ ਰਾਹਤ ਫੰਡ ਵਿੱਚ ਹਿੱਸਾ ਭੇਜਣ ਦੀ ਇੱਛਾ ਜ਼ਾਹਿਰ ਕੀਤੀ ਜਾ ਰਹੀ ਹੈ। ਕਈ ਪਰਿਵਾਰ ਤਾਂ ਸਿੱਧਾ ਡਿਪਟੀ ਕਮਿਸ਼ਨਰ ਦਫ਼ਤਰ ਵਿਖੇ ਪਹੁੰਚ ਕੇ ਸਹਾਇਤਾ ਰਾਸ਼ੀ ਸਪੁਰਦ ਕਰਨ ਲੱਗੇ ਹਨ। ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਅਗਰਵਾਲ ਨੇ ਜ਼ਿਲਾ ਪ੍ਰਸਾਸ਼ਨ ਵੱਲੋਂ ਅਜਿਹੇ ਦਾਨੀਆਂ ਦਾ ਧੰਨਵਾਦ ਕਰਦਿਆਂ ਪੰਜਾਬ ਮੁੱਖ ਮੰਤਰੀ ਰਾਹਤ ਫੰਡ ਲਈ ਹਿੱਸਾ ਦੇਣ ਵਾਲਿਆਂ ਲਈ ਸੰਬੰਧਤ ਖ਼ਾਤੇ ਦਾ ਵੇਰਵਾ ਜਾਰੀ ਕੀਤਾ ਹੈ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸ੍ਰੀ ਅਗਰਵਾਲ ਨੇ ਦੱਸਿਆ ਕਿ ਜੇਕਰ ਕਿਸੇ ਦਾਨੀ ਸੱਜਣ ਨੇ ਪੰਜਾਬ ਮੁੱਖ ਮੰਤਰੀ ਰਾਹਤ ਫੰਡ ਲਈ ਦਾਨ ਰਾਸ਼ੀ ਦੇਣੀ ਹੋਵੇ ਤਾਂ ਉਹ ਸਿੱਧੇ ਤੌਰ ‘ਤੇ ਆਰ. ਟੀ. ਜੀ. ਐੱਸ./ਚੈੱਕ/ਡਰਾਫ਼ਟ ਰਾਹੀਂ ਇਹ ਰਾਸ਼ੀ ਉਕਤ ਫੰਡ ਵਿੱਚ ਜਮਾਂ ਕਰਵਾ ਸਕਦਾ ਹੈ। ਜਿਸ ਦਾ ਖਾਤਾ ਨੰਬਰ 001934001000589 ਹੈ। ਇਹ ਖਾਤਾ ਪੰਜਾਬ ਰਾਜ ਸਹਿਕਾਰੀ ਬੈਂਕ ਨਾਲ ਸੰਬੰਧਤ ਹੈ ਅਤੇ ਇਸ ਦਾ ਆਈ. ਐੱਫ. ਐੱਸ. ਸੀ. ਕੋਡ ਯੂ ਟੀ ਆਈ ਬੀ 0 ਪੀ ਐੱਸ ਸੀ ਬੀ 01 (UTIBOPSCB01) ਹੈ। ਇਸ ਸੰਬੰਧੀ ਸਥਾਨਕ ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿਖੇ ਹੈੱਲਪ ਡੈੱਸਕ ਵੀ ਸਥਾਪਤ ਕੀਤਾ ਜਾ ਰਿਹਾ ਹੈ। ਵਧੇਰੀ ਜਾਣਕਾਰੀ ਲਈ ਨੋਡਲ ਅਫ਼ਸਰ ਸਹਾਇਕ ਕਮਿਸ਼ਨਰ (ਸ਼ਿਕਾਇਤਾਂ) ਸ੍ਰੀਮਤੀ ਪੂਨਮ ਪ੍ਰੀਤ ਕੌਰ (9646501343) ਨਾਲ ਵੀ ਸੰਪਰਕ ਕੀਤਾ ਜਾ ਸਕਦਾ ਹੈ।
ਸ੍ਰੀ ਅਗਰਵਾਲ ਨੇ ਦੱਸਿਆ ਕਿ ਅੱਜ ਲੁਧਿਆਣਾ ਵਾਸੀ ਜਸਵਿੰਦਰ ਸਿੰਘ ਅਤੇ ਉਨਾਂ ਦੀ ਪਤਨੀ ਪ੍ਰਭਪ੍ਰੀਤ ਕੌਰ ਨੇ ਆਪਣੀ ਨੇਕ ਕਮਾਈ ਵਿੱਚੋਂ ਫੰਡ ਪੰਜਾਬ ਮੁੱਖ ਮੰਤਰੀ ਰਾਹਤ ਫੰਡ ਲਈ ਭੇਜਿਆ ਹੈ। ਉਨਾਂ ਹੋਰ ਦਾਨੀਆਂ ਨੂੰ ਵੀ ਸੱਦਾ ਦਿੱਤਾ ਕਿ ਉਹ ਇਸ ਘਡ਼ੀ ਵਿੱਚ ਹਡ਼ ਪ੍ਰਭਾਵਿਤ ਲੋਕਾਂ ਦੀ ਸਹਾਇਤਾ ਲਈ ਅੱਗੇ ਆਉਣ।