![]()

ਪੰਜਾਬ ਸਰਕਾਰ ਵੱਲੋਂ ਅਗਲਾ ਸਾਲ ਵਿਕਾਸ ਨੂੰ ਸਮਰਪਿਤ
ਈਸਡ਼ੂ, ਲੁਧਿਆਣਾ, 15 ਅਗਸਤ (ਸਤ ਪਾਲ ਸੋਨੀ : ਪੰਜਾਬ ਦੇ ਫੂਡ ਅਤੇ ਸਿਵਲ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਪੰਜਾਬੀਆਂ ਨੂੰ ਸੱਦਾ ਦਿੱਤਾ ਹੈ ਕਿ ਉਹ ਭਾਜਪਾ ਵੱਲੋਂ ਦੇਸ਼ ਦੇ ਕੌਮੀ ਨਾਇਕਾਂ ਦੇ ਕੀਤੇ ਜਾ ਰਹੇ ਚਰਿੱਤਰ ਘਾਣ ਖਿਲਾਫ ਉਠ ਖਡ਼ੇ ਹੋਣ ਅਤੇ ਦੇਸ਼ ਦੇ ਸੁਨਹਿਰੀ ਇਤਿਹਾਸ ਨੂੰ ਬਦਲਣ ਦੀਆਂ ਭਾਜਪਾ ਦੀਆਂ ਕੌਝੀਆਂ ਚਾਲਾਂ ਨੂੰ ਮਾਤ ਦੇਣ।ਉਨਾਂ ਕਿਹਾ ਕਿ ਪੰਜਾਬ ਹਮੇਸ਼ਾ ਹੀ ਅਨਿਆਂ ਦੇ ਖਿਲਾਫ ਖੜਾ ਹੁੰਦਾ ਹੈ ਅਤੇ ਸਾਨੂੰ ਮਹਾਨ ਆਜ਼ਾਦੀ ਘੁਲਾਟੀਏ ਕਰਨੈਲ ਸਿੰਘ ਈਸਡ਼ੂ ਦੀ ਜੀਵਨੀ ਤੋਂ ਸੇਧ ਲੈਂਦਿਆਂ ਭਾਜਪਾ ਅਤੇ ਆਰ.ਐਸ.ਐਸ. ਤੇ ਉਸ ਨਾਪਾਕ ਪਰੋਪੇਗੰਡੇ ਖਿਲਾਫ ਆਵਾਜ਼ ਚੁੱਕਣੀ ਚਾਹੀਦੀ ਹੈ ਜਿਸ ਰਾਹੀਂ ਉਹ ਮਹਾਨ ਆਜ਼ਾਦੀ ਘੁਲਾਟੀਆਂ ਦੇ ਯੋਗਦਾਨ ਨੂੰ ਨੀਵਾਂ ਵਿਖਾਉਂਦੇ ਹੋਏ ਇਤਿਹਾਸਕ ਤਥਾਂ ਨਾਲ ਛੇਡ਼-ਛਾਡ਼ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।

ਇਥੇ ਸ਼ਹੀਦ ਕਰਨੈਲ ਸਿੰਘ ਈਸਡ਼ੂ ਦੀ ਸ਼ਹੀਦੀ ਦਿਵਸ ਦੀ ਯਾਦ ਵਿੱਚ ਹੋਏ ਰਾਜ ਪੱਧਰੀ ਸਮਾਗਮ ਦੌਰਾਨ ਵਡੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਉਨਾਂ ਆਖਿਆ ਕਿ ਸ਼ਹੀਦ ਕਰਨੈਲ ਸਿੰਘ ਈਸਡ਼ੂ ਨੇ ਗੋਆ ਨੂੰ ਪੁਰਤਗਾਲੀਆਂ ਤੋਂ ਮੁਕਤ ਕਰਵਾਉਣ ਲਈ ਆਪਾ ਵਾਰ ਦਿੱਤਾ ਸੀ। ਉਨਾਂ ਕਿਹਾ ਕਿ ਸਾਨੂੰ ਪੰਜਾਬੀਆਂ ਨੂੰ ਕੁਰਬਾਨੀ ਦੀ ਗੁਡ਼ਤੀ ਸਾਡੇ ਗੁਰੂਆਂ ਤੋਂ ਮਿਲੀ ਹੈ ਜਿਨਾਂ ਵਿੱਚ ਸ੍ਰੀ ਗੁਰੂ ਅਰਜਨ ਦੇਵ ਜੀ ਅਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਵੱਲੋਂ ਮਨੁੱਖਤਾ ਦੀ ਰਾਖੀ ਲਈ ਦਿੱਤੀ ਲਾ-ਮਿਸਾਲ ਕੁਰਬਾਨੀ ਸ਼ਾਮਲ ਹੈ।
ਉਨਾਂ ਕਿਹਾ ਕਿ ਸਾਡੀ ਇਹੀ ਵਿਰਾਸਤ ਸਾਨੂੰ ਪੀਡ਼ੀ-ਦਰ-ਪੀਡ਼ੀ ਦੇਸ਼ ਲਈ ਆਪਾ ਵਾਰਨ ਲਈ ਪ੍ਰੇਰਿਤ ਕਰਦੀ ਰਹਿੰਦੀ ਹੈ। ਉਨਾਂ ਅੱਗੇ ਕਿਹਾ ਕਿ ਦੇਸ਼ ਦੀ ਆਬਾਦੀ ਦਾ ਸਿਰਫ ਦੋ ਫ਼ੀਸਦੀ ਪੰਜਾਬੀਆ ਨੇ ਦੇਸ਼ ਦੀ ਆਜ਼ਾਦੀ ਦੇ ਸੰਘਰਸ਼ ਵਿੱਚ ਸਭ ਤੋਂ ਵੱਧ ਯੋਗਦਾਨ ਪਾਉਂਦਿਆਂ ਜੇਲਾਂ, ਫਾਂਸੀਆਂ ਅਤੇ ਕਾਲੇ-ਪਾਣੀ ਦੀਆਂ ਸਜਾਵਾਂ ਭੁੱਗਤੀਆਂ। ਉਨਾਂ ਕਿਹਾ ਕਿ ਸ਼ਹੀਦ ਭਗਤ ਸਿੰਘ, ਉਧਮ ਸਿੰਘ, ਕਰਤਾਰ ਸਿੰਘ ਸਰਾਭਾ, ਲਾਲਾ ਲਾਜਪਤ ਰਾਏ, ਸੋਹਣ ਸਿੰਘ ਭੱਕਣਾ ਅਤੇ ਹੋਰਨਾਂ ਦੀਆਂ ਕੁਰਬਾਨੀਆਂ ਸਾਡੀਆਂ ਨਵੀਆਂ ਪੀਡ਼ੀਆਂ ਨੂੰ ਦੇਸ਼-ਭਗਤੀ ਦੀ ਚਿਣਗ ਲਾਈ ਰੱਖਦੀਆਂ ਹਨ।
ਕੈਬਨਿਟ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਾਲ 2020 ਨੂੰ ਵਿਕਾਸ ਵਰੇ ਵਜੋਂ ਮਨਾਉਣ ਦਾ ਫੈਸਲਾ ਕਰਦਿਆਂ ਪਿੰਡਾਂ ਅਤੇ ਸ਼ਹਿਰਾਂ ਨੂੰ ਵਿਕਾਸ ਲਈ ਧਨ ਮੁਹੱਈਆ ਕਰਵਾਇਆ ਜਾਵੇਗਾ। ਸ੍ਰੀ ਆਸ਼ੂ ਨੇ ਬੋਲਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੀ ਸਪਲਾਈ ਲਾਈਨ ਨੂੰ ਤੋਡ਼ ਦਿੱਤਾ ਗਿਆ ਹੈ ਅਤੇ ਸੂਬਾ ਸਰਕਾਰ ਨਸ਼ਾ ਪੀਡ਼ਤਾਂ ਦੇ ਇਲਾਜ ਅਤੇ ਪੁਨਰਵਾਸ ਲਈ ਪ੍ਰਤੀਬੱਧ ਹੈ। ਉਨਾਂ ਕਿਹਾ ਕਿ ਨਸ਼ਾ ਪੀਡ਼ਤਾਂ ਨੂੰ ਸਰਕਾਰ ਮੁਫਤ ਇਲਾਜ ਮੁਹੱਈਆ ਕਰਵਾ ਰਹੀ ਹੈ। ਇਸ ਤੋਂ ਪਹਿਲਾਂ ਸੀਨੀਅਰ ਆਗੂਆਂ ਨੇ ਸ਼ਹੀਦ ਕਰਨੈਲ ਸਿੰਘ ਈਸਡ਼ੂ ਦੇ ਬੁੱਤ ‘ਤੇ ਸ਼ਰਧਾਂਜਲੀ ਭੇਟ ਕੀਤੀ ਅਤੇ ਲੋਕਾਂ ਨੂੰ ਆਜ਼ਾਦੀ ਘੁਲਾਟੀਏ ਵੱਲੋਂ ਵਿਖਾਏ ਰਾਹ ‘ਤੇ ਚੱਲਣ ਦਾ ਸੱਦਾ ਦਿੱਤਾ। ਇਸ ਮੌਕੇ ਕੈਬਨਿਟ ਮੰਤਰੀ ਨੇ ਕਰਨੈਲ ਸਿੰਘ ਈਸਡ਼ੂ ਦੀ ਪਤਨੀ ਚਰਨਜੀਤ ਕੌਰ ਅਤੇ ਉਨਾਂ ਦੀ ਭੈਣ ਕਰਨੈਲ ਕੌਰ ਨੂੰ ਪੰਜਾਬ ਸਰਕਾਰ ਵੱਲੋਂ ਸਨਮਾਨਿਤ ਵੀ ਕੀਤਾ। ਕਰਨੈਲ ਕੌਰ ਨੇ ਇਸ ਮੌਕੇ ਆਪਣੇ ਭਰਾ ਵੱਲੋਂ ਗੋਆ ਦੀ ਆਜ਼ਾਦੀ ਲਈ ਪਾਏ ਯੋਗਦਾਨ ਸਬੰਧੀ ਇਕ ਕਵਿਤਾ ਵੀ ਪੇਸ਼ ਕੀਤੀ। ਇਸ ਮੌਕੇ ਕੈਬਨਿਟ ਮੰਤਰੀ ਨੇ ਫਤਿਹਗਡ਼ ਸਾਹਿਬ, ਬੱਸੀ ਪਠਾਣਾ ਅਤੇ ਖੰਨਾ ਹਲਕਿਆਂ ਲਈ 10-10 ਲੱਖ ਰੁਪਏ ਦੀ ਵਿਸ਼ੇਸ਼ ਗ੍ਰਾਂਟ ਦੇਣ ਦਾ ਐਲਾਨ ਵੀ ਕੀਤਾ।
ਇਸ ਮੌਕੇ ਸਾਂਸਦ ਡਾ. ਅਮਰ ਸਿੰਘ, ਵਿਧਾਇਕ ਗੁਰਕੀਰਤ ਸਿੰਘ ਕੋਟਲੀ, ਵਿਧਾਇਕ ਲਖਬੀਰ ਸਿੰਘ ਲੱਖਾ, ਵਿਧਾਇਕ ਅਮਰੀਕ ਸਿੰਘ ਢਿੱਲੋਂ, ਵਿਧਾਇਕ ਗੁਰਪ੍ਰੀਤ ਸਿੰਘ ਜੀ.ਪੀ., ਵਿਧਾਇਕ ਕੁਲਜੀਤ ਸਿੰਘ ਨਾਗਰਾ, ਸਾਬਕਾ ਮੰਤਰੀ ਮਲਕੀਤ ਸਿੰਘ ਸਿੰਘ ਦਾਖਾ ਨੇ ਵੀ ਸੰਬੋਧਨ ਕੀਤਾ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪੰਜਾਬ ਦਾ ਵਿਕਾਸ, ਲੋਕਾਂ ਦੀ ਭਲਾਈ ਤੇ ਵਿਸ਼ੇਸ਼ ਤੌਰ ‘ਤੇ ਕਰਜ਼ਾ ਮੁਆਫੀ ਸਕੀਮ ਅਤੇ ਨਸ਼ਿਆਂ ਖਿਲਾਫ ਮੁਹਿੰਮ ਸ਼ੁਰੂ ਕਰਨ ਲਈ ਉਨਾਂ ਦਾ ਧੰਨਵਾਦ ਕੀਤਾ। ਬੁਲਾਰਿਆਂ ਨੇ ਸੂਬੇ ਵਿੱਚ ਅਮਨ, ਸ਼ਾਂਤੀ ਅਤੇ ਭਾਈਚਾਰਕ ਸਾਂਝ ਲਈ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਬਲਿਦਾਨ ਨੂੰ ਵੀ ਯਾਦ ਕੀਤਾ।
ਲੋਕ ਸਭਾ ਮੈਂਬਰ ਡਾ. ਅਮਰ ਸਿੰਘ ਨੇ ਪਿੰਡ ਈਸਡ਼ੂ ਦੇ ਕਲੱਬ ਨੂੰ 10 ਲੱਖ ਰੁਪਏ ਗ੍ਰਾਂਟ ਦੇਣ ਦਾ ਐਲਾਨ ਵੀ ਕੀਤਾ। ਇਸ ਤੋਂ ਪਹਿਲਾਂ ਮਹਿੰਦਰਪਾਲ ਜੱਸਡ਼, ਸਕੱਤਰ ਸ਼ੋਮਣੀ ਅਕਾਲੀ ਦਲ ਕਾਂਗਰਸ ਪਾਰਟੀ ਵਿੱਚ ਸ਼ਾਮਿਲ ਹੋਏ ਅਤੇ ਉਨਾਂ ਦਾ ਕੈਬਨਿਟ ਮੰਤਰੀ ਅਤੇ ਵਿਧਾਇਕਾਂ ਨੇ ਕਾਂਗਰਸ ਪਾਰਟੀ ਵਿੱਚ ਸੁਆਗਤ ਕੀਤਾ। ਇਸ ਮੌਕੇ ਹੋਰਨਾ ਤੋਂ ਇਲਾਵਾ ਸਾਬਤਾ ਮੰਤਰੀ ਤੇਜ ਪ੍ਰਤਾਪ ਸਿਘ ਕੋਟਲੀ, ਵਿਕਾਸ ਮਹਿਤਾ ਪ੍ਰਧਾਨ ਨਗਰ ਕੌਂਸਲ ਖੰਨਾ ਅਤੇ ਹੋਰ ਪਤਵੰਤੇ ਹਾਜ਼ਰ ਸਨ।