![]()

ਤਕਨੀਕੀ ਵਿਕਾਸ ਅਤੇ ਨਵੀਂਆਂ ਖੋਜ਼ਾਂ ਭਵਿੱਖ ਦੀ ਲੋਡ਼-ਸਿਬਿਨ ਸੀ
ਲੁਧਿਆਣਾ, 10 ਅਗਸਤ (ਸਤ ਪਾਲ ਸੋਨੀ) : ਪੀ. ਐੱਚ. ਡੀ. ਚੈਂਬਰ ਆਫ਼ ਕਾਮਰਸ ਅਤੇ ਇੰਡਸਟਰੀ ਵੱਲੋਂ ਸਨਅਤਾਂ ਅਤੇ ਵਣਜ ਵਿਭਾਗ ਪੰਜਾਬ ਅਤੇ ਕੋਨਰੈਡ ਐਡੇਨਿਊਰ ਸਟਿੱਫਟੁੰਗ ਦੇ ਸਹਿਯੋਗ ਨਾਲ ਲੁਧਿਆਣਾ ਵਿਖੇ ਐੱਮ. ਐੱਸ..ਐੱਮ. ਈ. ਕੰਨਕਲੇਵ ਦਾ ਆਯੋਜਨ ਕੀਤਾ, ਜਿਸ ਵਿੱਚ ਸਨਅਤਾਂ ਅਤੇ ਵਣਜ ਵਿਭਾਗ ਪੰਜਾਬ ਦੇ ਡਾਇਰੈਕਟਰ ਸਿਬਿਨ ਸੀ. ਮੁੱਖ ਮਹਿਮਾਨ ਵਜੋਂ ਪਹੁੰਚੇ। ਕੰਨਕਲੇਵ ਦੌਰਾਨ ਉਨਾਂ ਲੁਧਿਆਣਾ ਦੇ ਸਨਅਤਕਾਰਾਂ ਨੂੰ ਦਰਪੇਸ਼ ਆਉਂਦੀਆਂ ਸਮੱਸਿਆਵਾਂ ਸੁਣੀਆਂ ਅਤੇ ਉਨਾਂ ਪੰਜਾਬ ਸਰਕਾਰ ਵੱਲੋਂ ਸਨਅਤਕਾਰਾਂ ਦੀ ਭਲਾਈ ਲਈ ਸ਼ੁਰੂ ਕੀਤੀਆਂ ਵੱਖ-ਵੱਖ ਯੋਜਨਾਵਾਂ ਦਾ ਵੇਰਵਾ ਵੀ ਪੇਸ਼ ਕੀਤਾ।ਉਨਾਂ ਦੱਸਿਆ ਕਿ ਇੰਡਸਟ੍ਰੀਅਲ ਅਸਟੇਟਾਂ ਦਾ ਵਿਕਾਸ ਕਰਨ ਲਈ ਪੰਜਾਬ ਸਰਕਾਰ ਵੱਲੋਂ ਪੰਚਾਇਤ ਲੈਂਡ ਪਾਲਿਸੀ ਲਿਆਂਦੀ ਜਾ ਰਹੀ ਹੈ। ਉਨਾਂ ਕਿਹਾ ਕਿ ਸਵੈ-ਰੋਜ਼ਗਾਰ ਕਰਨ ਵਾਲੇ ਅਤੇ ਰਿਟੇਲ ਟਰੇਡਰ ਆਪਣੇ ਆਪ ਨੂੰ ਪ੍ਰਧਾਨ ਮੰਤਰੀ ਲਘੂ ਵਪਾਰੀ ਮਨ ਧਨ ਯੋਜਨਾ ਨਾਲ ਰਜਿਸਟਰ ਕਰਵਾ ਸਕਦੇ ਹਨ, ਇਹ ਪੈਨਸ਼ਨ ਯੋਜਨਾ ਉਨਾਂ ਲਈ ਹੈ, ਜਿਨਾਂ ਦੀ ਜੀ. ਐੱਸ. ਟੀ. ਟਰਨਓਵਰ 1.5 ਕਰੋਡ਼ ਹੈ। ਇਸ ਮੌਕੇ ਉਨਾਂ ਸਨਅਤਕਾਰਾਂ ਦੇ ਕਈ ਸਵਾਲਾਂ ਦਾ ਵੀ ਜਵਾਬ ਦਿੱਤਾ। ਉਨਾਂ ਕਿਹਾ ਕਿ ਤਕਨੀਕੀ ਵਿਕਾਸ ਅਤੇ ਨਵੀਂਆਂ ਖੋਜ਼ਾਂ ਭਵਿੱਖ ਦੀ ਲੋਡ਼ ਹੈ, ਸੋ ਸਾਨੂੰ ਇਸ ਦਿਸ਼ਾ ਵਿੱਚ ਵਧੇਰੇ ਤਵੱਜੋਂ ਦੇਣੀ ਚਾਹੀਦੀ ਹੈ।
ਪੰਜਾਬ ਬਿਊਰੋ ਆਫ਼ ਇੰਨਵੈਸਟਮੈਂਟ ਪ੍ਰਮੋਸ਼ਨ ਦੇ ਸੰਯੁਕਤ ਮੁੱਖ ਕਾਰਜਕਾਰੀ ਅਫ਼ਸਰ ਮਿਸ ਅਵਨੀਤ ਕੌਰ ਨੇ ਕਿਹਾ ਕਿ ਸੂਬੇ ਵਿੱਚ ਨਿਵੇਸ਼ ਕਰਨ ਲਈ ਹੁਣ ਇੱਕੋ ਛੱਤ ਹੇਠਾਂ ਹਰ ਤਰਾਂ ਦੀਆਂ ਪ੍ਰਵਾਨਗੀਆਂ ਜਾਰੀ ਕੀਤੀਆਂ ਜਾ ਰਹੀਆਂ ਹਨ। ਇਸ ਮੌਕੇ ਉਨਾਂ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਕਈ ਸਨਅਤੀ ਨੀਤੀਆਂ ਦਾ ਵੇਰਵਾ ਵੀ ਪੇਸ਼ ਕੀਤਾ।

ਸਮਾਗਮ ਦੌਰਾਨ ਪੀ. ਐੱਚ. ਡੀ. ਚੈਂਬਰ ਆਫ਼ ਕਾਮਰਸ ਅਤੇ ਇੰਡਸਟਰੀ ਦੇ ਪੰਜਾਬ ਚੈਪਟਰ ਦੇ ਚੇਅਰਮੈਨ ਆਰ. ਐੱਸ. ਸਚਦੇਵਾ ਨੇ ਸਮੂਹ ਹਾਜ਼ਰੀਨ ਦਾ ਸਵਾਗਤ ਕੀਤਾ। ਸਮਾਗਮ ਨੂੰ ਹੋਰਨਾਂ ਤੋਂ ਇਲਾਵਾ ਪੰਜਾਬ ਬੈਂਕਿੰਗ ਐਂਡ ਫਾਈਨਾਂਸ਼ੀਅਲ ਸਰਵਿਸਿਜ਼ ਕਮੇਟੀ ਦੇ ਚੇਅਰਮੈਨ ਮੁਕੁਲ ਬਾਂਸਲ, ਗਿਲਾਰਡ ਇਲੈਕਟ੍ਰੋਨਿਕਸ ਪ੍ਰਾਈਵੇਟ ਲਿਮਿਟਡ ਦੇ ਮੈਨੇਜਿੰਗ ਡਾਇਰੈਕਟਰ ਸ੍ਰੀ ਸੰਜੀਵ ਸਿੰਘ, ਡਾ. ਐੱਚ. ਕੇ. ਸਰਦਾਨਾ, ਕੁੰਦਨ ਲਾਲ, ਰਿਤੇਸ਼ ਕੁਮਾਰ ਸਿੰਘ, ਰਾਕੇਸ਼ ਖੁਰਾਣਾ, ਮਨਜਿੰਦਰ ਸਿੰਘ ਸਚਦੇਵਾ ਜਨਰਲ ਸਕੱਤਰ ਫਿਕੋ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਸ੍ਰੀ ਮਹੇਸ਼ ਖੰਨਾ ਅਤੇ ਹੋਰ ਪ੍ਰਮੁੱਖ ਸਖ਼ਸ਼ੀਅਤਾਂ ਵੱਡੀ ਗਿਣਤੀ ਵਿੱਚ ਹਾਜ਼ਰ ਸਨ।