![]()

ਪੀ.ਏ.ਯੂ. ਦੇ ਸਲਾਨਾ ਡਿਗਰੀ ਵੰਡ ਸਮਾਰੋਹ ਦੌਰਾਨ 344 ਵਿਦਿਆਰਥੀਆਂ ਨੂੰ ਡਿਗਰੀਆਂ ਅਤੇ ਮੈਡਲ ਵੰਡੇ
ਲੁਧਿਆਣਾ, 24 ਜੁਲਾਈ (ਸਤ ਪਾਲ ਸੋਨੀ) : ਅੱਜ ਪੀ.ਏ.ਯੂ. ਦੀ ਸਲਾਨਾ ਕਨਵੋਕੇਸ਼ਨ ਵਿੱਚ 2017-18 ਦੇ ਅਕਾਦਮਿਕ ਸਾਲ ਦੌਰਾਨ ਮਾਸਟਰਜ਼ ਅਤੇ ਪੀ ਐਚ ਡੀ ਪ੍ਰੋਗਰਾਮ ਦੀ ਸਿੱਖਿਆ ਸੰਪੂਰਨ ਕਰਨ ਵਾਲੇ 344 ਵਿਦਿਆਰਥੀਆਂ ਨੂੰ ਡਿਗਰੀਆਂ ਨਾਲ ਨਿਵਾਜ਼ਿਆ ਗਿਆ । ਇਸੇ ਦੌਰਾਨ 70 ਵਿਦਿਆਰਥੀਆਂ ਨੂੰ ਮੈਰਿਟ ਪ੍ਰਮਾਣ ਪੱਤਰ, 16 ਨੂੰ ਮੈਡਲ/ਗੋਲਡ ਮੈਡਲ ਅਤੇ 14 ਵਿਗਿਆਨੀਆਂ ਨੂੰ ਵੱਖ-ਵੱਖ ਐਵਾਰਡਾਂ ਅਤੇ ਮਾਣ-ਪੱਤਰਾਂ ਨਾਲ ਸਨਮਾਨਿਤ ਕੀਤਾ ਗਿਆ । ਯੂਨੀਵਰਸਿਟੀ ਦੇ ਪਾਲ ਆਡੀਟੋਰੀਅਮ ਵਿੱਚ ਹੋਏ ਸ਼ਾਨਦਾਰ ਸਮਾਗਮ ਦੌਰਾਨ ਪੰਜਾਬ ਦੇ ਰਾਜਪਾਲ ਅਤੇ ਪੀ.ਏ.ਯੂ. ਦੇ ਚਾਂਸਲਰ ਸ੍ਰੀ ਵੀ ਪੀ ਸਿੰਘ ਬਦਨੌਰ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ । ਸ੍ਰੀ ਬਦਨੌਰ ਨੇ ਵਿਦਿਆਰਥੀਆਂ ਨੂੰ ਡਿਗਰੀਆਂ, ਮੈਡਲ ਅਤੇ ਮੈਰਿਟ ਸਰਟੀਫਿਕੇਟ ਪ੍ਰਾਪਤ ਕਰਨ ਲਈ ਵਧਾਈ ਦਿੰਦਿਆਂ ਉਹਨਾਂ ਨੂੰ ਖੇਤੀ ਰਾਹੀਂ ਦੇਸ਼ ਦੀ ਸੇਵਾ ਕਰਨ ਦੀਆਂ ਸ਼ੁਭ ਕਾਮਨਾਵਾਂ ਦਿੱਤੀਆਂ । ਸ੍ਰੀ ਬਦਨੌਰ ਨੇ ਪੀ.ਏ.ਯੂ. ਵੱਲੋਂ ਖੇਤੀ ਵਿਕਾਸ ਦੇ ਖੇਤਰ ਵਿੱਚ ਨਿਭਾਈ ਮਾਣਮੱਤੀ ਭੂਮਿਕਾ ਦਾ ਜ਼ਿਕਰ ਕਰਦਿਆਂ ਪੀ.ਏ.ਯੂ. ਦੀਆਂ ਅਕਾਦਮਿਕ, ਖੋਜ ਅਤੇ ਪਸਾਰ ਦੇ ਖੇਤਰ ਵਿੱਚ ਕੀਤੀਆਂ ਪ੍ਰਾਪਤੀਆਂ ਦੀ ਸ਼ਲਾਘਾ ਕੀਤੀ । ਸ੍ਰੀ ਬਦਨੌਰ ਨੇ ਪੰਜਾਬ ਦੀ ਖੇਤੀ ਖੇਤਰ ਵਿੱਚ ਸਭ ਤੋਂ ਉੱਚੀ ਆਮਦਨ ਦਰ ਦਾ ਜ਼ਿਕਰ ਕਰਦਿਆਂ ਵਿਦਿਆਰਥੀਆਂ ਦਾ ਧਿਆਨ ਖੇਤੀ ਨੂੰ ਦਰਪੇਸ਼ ਚੁਣੌਤੀਆਂ ਵੱਲ ਦਿਵਾਇਆ । ਉਹਨਾਂ ਕਿਹਾ ਕਿ ਪਾਣੀ ਦਾ ਦਿਨੋਂ ਦਿਨ ਨੀਵਾਂ ਹੁੰਦਾ ਜਾ ਰਿਹਾ ਪੱਧਰ, ਪੌਣ-ਪਾਣੀ ਵਿੱਚ ਆ ਰਹੀਆਂ ਤਬਦੀਲੀਆਂ ਅਤੇ ਕਿਸਾਨਾਂ ਦੀ ਆਮਦਨ ਵਿੱਚ ਵਾਧਾ ਕਰਨਾ ਖੇਤੀ ਵਿਗਿਆਨੀਆਂ ਸਾਹਮਣੇ ਵੱਡੀਆਂ ਵੰਗਾਰਾਂ ਹਨ ਜਿਨਾਂ ਦਾ ਸਾਹਮਣਾ ਕਰਕੇ ਖੇਤੀ ਨੂੰ ਜੀਵਨ ਢੰਗ ਵਜੋਂ ਉਸਾਰਨ ਲਈ ਨਵੇਂ ਵਿਗਿਆਨੀ ਹੰਭਲਾ ਮਾਰਨ ਲਈ ਤਿਆਰ ਰਹਿਣ । ਸ੍ਰੀ ਬਦਨੌਰ ਨੇ ਖੇਤੀ ਦੇ ਮਸ਼ੀਨੀਕਰਨ ਵੱਲ ਧਿਆਨ ਦਿਵਾਉਂਦਆਂ ਪੀ.ਏ.ਯੂ. ਵੱਲੋਂ ਵਿਕਸਿਤ ਤਕਨੀਕਾਂ ਅਤੇ ਉਨਾਂ ਦੇ ਵਿਆਪਕ ਪ੍ਰਭਾਵ ਦੀ ਗੱਲ ਕੀਤੀ । ਵਿਸ਼ੇਸ਼ ਤੌਰ ਤੇ ਕੇਂਦਰ ਸਰਕਾਰ ਵੱਲੋਂ ਪਰਾਲੀ ਦੀ ਸੰਭਾਲ ਲਈ ਦਿੱਤੀ ਇਮਦਾਦ ਅਤੇ ਪੀ.ਏ.ਯੂ. ਦੀ ਤਕਨੀਕ ਨੇ ਸਾਂਝੇ ਤੌਰ ਤੇ ਪਰਾਲੀ ਸਾਡ਼ਨ ਦੀਆਂ ਘਟਨਾਵਾਂ ਨੂੰ ਠੱਲ ਪਾਈ ਹੈ । ਸ੍ਰੀ ਬਦਨੌਰ ਨੇ ਨਵੇਂ ਯੁੱਗ ਦੀਆਂ ਲੋਡ਼ਾਂ ਅਨੁਸਾਰ ਵਢਾਈ ਤੋਂ ਬਾਅਦ ਉਪਜ ਦੀ ਸਾਂਭ-ਸੰਭਾਲ ਅਤੇ ਪ੍ਰੋਸੈਸਿੰਗ ਦੇ ਖੇਤਰ ਵਿੱਚ ਕੀਤੇ ਜਾਣ ਵਾਲੇ ਕੰਮਾਂ ਵੱਲ ਡਿਗਰੀ ਧਾਰਕਾਂ ਦਾ ਧਿਆਨ ਦਿਵਾਉਂਦਿਆਂ ਇਸ ਖੇਤਰ ਦੀਆਂ ਸੰਭਾਵਨਾਵਾਂ ਵੱਲ ਸੰਕੇਤ ਕੀਤਾ ।
ਇਸ ਤੋਂ ਪਹਿਲਾਂ ਕਨਵੋਕੇਸ਼ਨ ਰਿਪੋਰਟ ਪੇਸ਼ ਕਰਦਿਆਂ ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਬਲਦੇਵ ਸਿੰਘ ਢਿੱਲੋਂ ਪਦਮ ਸ਼੍ਰੀ ਐਵਾਰਡੀ ਨੇ ਮੁੱਖ ਮਹਿਮਾਨ ਦੇ ਸਵਾਗਤ ਤੋਂ ਬਾਅਦ ਯੂਨੀਵਰਸਿਟੀ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕੀਤਾ । ਉਨਾਂ ਨੇ ਯੂਨੀਵਰਸਿਟੀ ਨੂੰ ਮਿਲੇ ਮਾਣ-ਸਨਮਾਨਾਂ ਦੇ ਨਾਲ-ਨਾਲ ਅਮਲੇ ਦੇ ਮੈਂਬਰਾਂ ਅਤੇ ਵਿਭਾਗਾਂ ਦੀਆਂ ਪ੍ਰਾਪਤੀਆਂ ਦਾ ਵਿਸ਼ੇਸ਼ ਜ਼ਿਕਰ ਕੀਤਾ । ਇਸ ਤੋਂ ਬਿਨਾਂ ਖੇਡਾਂ ਅਤੇ ਸੱਭਿਆਚਾਰਕ ਸਰਗਰਮੀਆਂ ਵਿੱਚ ਪੀ.ਏ.ਯੂ. ਵੱਲੋਂ ਹਾਸਲ ਕੀਤੀਆਂ ਉਪਲੱਬਧੀਆਂ ਵੀ ਵਿਸ਼ੇਸ਼ ਤੌਰ ਤੇ ਦਰਜ਼ ਕੀਤੀਆਂ । ਉਨਾਂ ਨੇ ਅਕਾਦਮਿਕ ਖੋਜ ਅਤੇ ਪਸਾਰ ਗਤੀਵਿਧੀਆਂ ਬਾਰੇ ਸੰਖੇਪ ਝਾਤ ਵੀ ਪੁਆਈ । ਨਵੀਆਂ ਕਿਸਮਾਂ, ਨਵੇਂ ਬੀਜ ਅਤੇ ਉਤਪਾਦਨ ਤਕਨੀਕਾਂ ਕਿਸਾਨਾਂ ਤੱਕ ਪਹੁੰਚਾਉਣ ਅਤੇ ਉਹਨਾਂ ਦੇ ਉਸਾਰੂ ਪ੍ਰਭਾਵ ਦਾ ਜ਼ਿਕਰ ਡਾ. ਢਿੱਲੋਂ ਨੇ ਆਪਣੀ ਰਿਪੋਰਟ ਵਿੱਚ ਕੀਤਾ । ਉਹਨਾਂ ਨੇ ਇਸ ਗੱਲ ਤੇ ਤਸੱਲੀ ਪ੍ਰਗਟਾਈ ਕਿ ਪੀ.ਏ.ਯੂ. ਵੱਲੋਂ ਸਿਫ਼ਾਰਿਸ਼ ਕਿਸਮਾਂ ਹੇਠ ਰਕਬਾ ਲਗਾਤਾਰ ਵਧ ਰਿਹਾ ਹੈ । ਕਿਸਾਨ ਮੇਲੇ, ਖੋਜ ਅਤੇ ਪਸਾਰ ਵਰਕਸ਼ਾਪਾਂ, ਫ਼ਸਲ ਉਤਪਾਦਨ ਅਤੇ ਪ੍ਰੋਸੈਸਿੰਗ ਤਕਨੀਕਾਂ ਦੇ ਖੇਤਰ ਵਿੱਚ ਹੋਰ ਰਹੇ ਕਾਰਜਾਂ ਨੂੰ ਡਾ. ਢਿੱਲੋਂ ਨੇ ਯੂਨੀਵਰਸਿਟੀ ਦੀਆਂ ਵਿਸ਼ੇਸ਼ ਪ੍ਰਾਪਤੀ ਵਜੋਂ ਅੰਕਿਤ ਕੀਤਾ। ਇਸ ਦੇ ਨਾਲ-ਨਾਲ ਉਹਨਾਂ ਨੇ ਪਾਣੀ ਦੀ ਸੰਭਾਲ, ਭੂਮੀ ਦੀ ਸਿਹਤ, ਫ਼ਸਲੀ ਭਿੰਨਤਾ ਆਦਿ ਦੇ ਖੇਤਰ ਵਿੱਚ ਹੋਰ ਕਾਰਜ ਕਰਨ ਲਈ ਪੀ.ਏ.ਯੂ. ਦੀ ਦ੍ਰਿਡ਼ਤਾ ਨੂੰ ਪ੍ਰਗਟ ਕਰਦਿਆਂ ਡਿਗਰੀ ਧਾਰਕਾਂ ਨੂੰ ਇਸ ਖੇਤਰ ਵਿੱਚ ਗਤੀਸ਼ੀਲ ਅਤੇ ਕਾਮਯਾਬ ਹੋਣ ਲਈ ਸ਼ੁਭ ਇੱਛਾਵਾਂ ਦਿੱਤੀਆਂ ।
ਸ਼ਾਨਦਾਰ ਅਕਾਦਮਿਕ ਪ੍ਰਾਪਤੀਆਂ ਲਈ ਮੈਡਲ ਪ੍ਰਾਪਤ ਕਰਨ ਵਾਲਿਆਂ ਵਿੱਚ ਕੁਮਾਰੀ ਸ਼ਿਵਾਨੀ ਨਈਅਰ ਨੂੰ ਡਾ. ਅਵਤਾਰ ਸਿੰਘ ਅਟਵਾਲ ਗੋਲਡ ਮੈਡਲ, ਗੁਰਵੰਤ ਸਿੰਘ ਅਤੇ ਗੁਰਬੀਰ ਸਿੰਘ ਨੂੰ ਸ. ਕਰਤਾਰ ਸਿੰਘ ਕਾਹਲੋਂ ਗੋਲਡ ਮੈਡਲ, ਕੁਮਾਰੀ ਸ਼ਿਵਾਨੀ ਪਲਿਆਲ ਨੂੰ ਡਾ. ਗੁਰਮੇਲ ਸਿੰਘ ਧਾਲੀਵਾਲ ਮੈਡਲ, ਸ੍ਰੀ ਅਜੈਪਾਲ ਸਿੰਘ ਬਰਾਡ਼ ਨੂੰ ਡਾ. ਗੁਰਬਖਸ਼ ਸਿੰਘ ਗਿੱਲ ਗੋਲਡ ਮੈਡਲ, ਹਰਮਨਦੀਪ ਸਿੰਘ ਨੂੰ ਡਾ. ਸਰਦਾਰ ਸਿੰਘ ਮੈਡਲ, ਸੁਖਜੀਤ ਸਿੰਘ ਨੂੰ ਡਾ. ਨਰਿੰਦਰ ਸਿੰਘ ਰੰਧਾਵਾ ਮੈਡਲ, ਕੁਮਾਰੀ ਮਨਜੋਤ ਕੌਰ ਨੂੰ ਸਰਦਾਰ ਬਹਾਦਰ ਲਾਲ ਸਿੰਘ ਮੈਡਲ, ਕੁਮਾਰੀ ਨੇਹਾ ਖਡ਼ਕਵਾਲ ਨੂੰ ਡਾ. ਕੇ. ਕ੍ਰਿਪਾਲ ਸਿੰਘ ਮੈਡਲ, ਕੁਮਾਰੀ ਖੁਸ਼ਪ੍ਰੀਤ ਕੌਰ ਨੂੰ ਡਾ. ਜੀ ਐਸ ਸਿੱਧੂ ਮੈਡਲ, ਕੁਮਾਰੀ ਮਨਪ੍ਰੀਤ ਕੌਰ ਨੂੰ ਲਾਲਾ ਸ੍ਰੀ ਰਾਮ ਜੀ ਮੈਡਲ, ਕੁਮਾਰੀ ਅਦਿੱਤੀ ਸੇਵਕ ਨੂੰ ਡਾ. ਜੁਗਰਾਜ ਸਿੰਘ ਢਿੱਲੋਂ ਮੈਡਲ, ਕੁਮਾਰੀ ਜਸਪ੍ਰੀਤ ਕੌਰ ਗਰੇਵਾਲ ਨੂੰ ਭੁਪਿੰਦਰ ਸਿੰਘ ਸੇਖੋਂ ਮੈਡਲ, ਕੁਮਾਰੀ ਇਸ਼ਵਿੰਦਰ ਕੰਬੋਜ ਨੂੰ ਪੌਦਾ ਰੋਗ ਵਿਗਿਆਨ ਐਲੂਮਨੀ ਮੈਡਲ, ਕੁਮਾਰੀ ਖੁਸ਼ਬੂ ਨੂੰ ਐਲੂਮਨੀ ਗੋਲਡ ਮੈਡਲ ਅਤੇ ਸ੍ਰੀ. ਦਿਨੇਸ਼ ਕੁਮਾਰ ਸੈਣੀ ਨੂੰ ਡਾ. ਐੱਮ ਐੱਸ ਰੰਧਾਵਾ ਮੈਡਲ ਨਾਲ ਸਨਮਾਨਿਤ ਕੀਤਾ ਗਿਆ । ਕੁਮਾਰੀ ਰੁਚਿਕਾ ਨੂੰ ਸਰਵੋਤਮ ਲੇਖ ਅਤੇ ਪੇਸ਼ਕਾਰੀ ਲਈ ਡਾ. ਸੁਖਦੇਵ ਸਿੰਘ ਦੇ ਨਾਂ ਹੇਠ ਨਿਯਤ ਇਨਾਮੀ ਰਾਸ਼ੀ ਨਾਲ ਸਨਮਾਨਿਆ ਗਿਆ ।

ਇਸ ਦੇ ਨਾਲ ਹੀ ਕੁਝ ਵਿਗਿਆਨੀਆਂ ਨੂੰ ਉਨਾਂ ਦੀਆਂ ਸੇਵਾਵਾਂ ਅਤੇ ਪ੍ਰਾਪਤੀਆਂ ਬਦਲੇ ਸਨਮਾਨਿਤ ਵੀ ਕੀਤਾ ਗਿਆ । ਇਨਾਂ ਵਿੱਚ ਖੇਤਰੀ ਖੋਜ ਕੇਂਦਰ ਬੱਲੋਵਾਲ ਸੌਂਖਡ਼ੀ ਦੇ ਨਿਰਦੇਸ਼ਕ ਡਾ. ਮਨਮੋਹਨਜੀਤ ਸਿੰਘ ਸਰਵੋਤਮ ਆਊਟ ਸਟੇਸ਼ਨ ਵਿਗਿਆਨੀ ਪੁਰਸਕਾਰ 2017-18, ਡਾ. ਆਰ ਕੇ ਢੱਲ ਨੂੰ ਹੰਸ ਰਾਜ ਪਾਹਵਾ ਯਾਦਗਾਰੀ ਐਵਾਰਡ 2016-17, ਡਾ. ਠਾਕਰ ਸਿੰਘ ਨੂੰ ਡਾ. ਹਰਚਰਨ ਸਿੰਘ ਸੰਧੂ ਯਾਦਗਾਰੀ ਐਵਾਰਡ 2016-17, ਸੀਨੀਅਰ ਮਾਈਕ੍ਰੋਬਾਇਆਲੋਜਿਸਟ ਡਾ. ਜੀ ਐਸ ਕੋਚਰ ਨੂੰ 2017-18 ਲਈ ਸਨਮਾਨ ਚਿੰਨ ਅਤੇ ਸਰਟੀਫਿਕੇਟ ਨਾਲ ਸਨਮਾਨਿਤ ਕੀਤਾ ਗਿਆ । ਇਸ ਤੋਂ ਬਿਨਾਂ ਡਾ. ਅਮਰਜੀਤ ਕੌਰ ਅਤੇ ਡਾ. ਪੂਨਮ ਸਚਦੇਵ ਨੂੰ ਬੋਤਲਬੰਦ ਗੰਨੇ ਦੇ ਰਸ ਦੀ ਤਕਨਾਲੋਜੀ ਵਿਕਸਿਤ ਕਰਨ ਲਈ ਨਕਦ ਪੁਰਸਕਾਰ ਅਤੇ ਸਨਮਾਨ ਪੱਤਰ ਨਾਲ ਸਨਮਾਨਿਆ ਗਿਆ । ਫਾਰਮ ਮਸ਼ੀਨਰੀ ਅਤੇ ਪਾਵਰ ਇੰਜਨੀਅਰਿੰਗ ਵਿਭਾਗ ਦੇ ਮੁਖੀ ਡਾ. ਮਨਜੀਤ ਸਿੰਘ ਸਮੇਤ ਡਾ. ਮਨਪ੍ਰੀਤ ਸਿੰਘ, ਡਾ. ਐੱਚ ਐੱਸ ਸਿੱਧੂ, ਡਾ. ਰਾਜੇਸ਼ ਗੋਇਲ, ਡਾ. ਜੀ ਅੱੈਸ ਮਨੇਸ ਦੀ ਟੀਮ ਨੂੰ ਪੀ.ਏ.ਯੂ. ਐਸ ਐਮ ਐਸ ਤਕਨੀਕ ਵਿਕਸਿਤ ਕਰਨ ਲਈ ਨਕਦ ਪੁਰਸਕਾਰ ਅਤੇ ਸਨਮਾਨ ਪੱਤਰ ਭੇਂਟ ਕੀਤਾ ਗਿਆ । ਸਹਾਇਕ ਸਬਜ਼ੀ ਵਿਗਿਆਨ ਡਾ. ਐਸ ਕੇ ਜਿੰਦਲ ਅਤੇ ਖੇਤੀਬਾਡ਼ੀ ਕਾਲਜ ਦੇ ਸਾਬਕਾ ਡੀਨ ਡਾ. ਡੀ ਐੱਸ ਚੀਮਾ ਨੂੰ ਮਿਰਚਾਂ ਦੀ ਹਾਈਬ੍ਰਿਡ ਕਿਸਮ ਸੀ ਐੱਚ-27 ਦੇ ਵਿਕਾਸ ਲਈ ਨਕਦ ਪੁਰਸਕਾਰ ਅਤੇ ਸਨਮਾਨ ਪੱਤਰ ਪ੍ਰਦਾਨ ਕੀਤਾ ਗਿਆ ।
ਡਾ. ਢਿੱਲੋਂ ਨੇ ਮਾਣਯੋਗ ਰਾਜਪਾਲ ਨੂੰ ਲੋਈ ਅਤੇ ਸਨਮਾਨ ਚਿੰਨ ਭੇਂਟ ਕਰਕੇ ਉਨਾਂ ਦਾ ਮਾਣ ਕੀਤਾ । ਇਸ ਮੌਕੇ ਪੀ.ਏ.ਯੂ. ਦੇ ਅਕਾਦਮਿਕ ਕਾਫ਼ਲੇ ਦੀ ਅਗਵਾਈ ਰਜਿਸਟਰਾਰ ਡਾ. ਰਾਜਿੰਦਰ ਸਿੰਘ ਸਿੱਧੂ ਕਰ ਰਹੇ ਸਨ । ਡੀਨ ਪੋਸਟ ਗ੍ਰੈਜੂਏਟ ਸਟੱਡੀਜ਼ ਡਾ. ਜੀ ਐਸ ਸਾਂਘਾ ਨੇ ਡਿਗਰੀ ਵੰਡਣ ਦੀ ਕਾਰਵਾਈ ਨੂੰ ਸੰਚਾਲਿਤ ਕੀਤਾ । ਪੀ.ਏ.ਯੂ. ਦੇ ਸਾਬਕਾ ਵਾਈਸ ਚਾਂਸਲਰ ਡਾ. ਖੇਮ ਸਿੰਘ ਗਿੱਲ, ਡਾ. ਮਨਜੀਤ ਸਿੰਘ ਕੰਗ, ਪ੍ਰਬੰਧਕੀ ਬੋਰਡ ਦੇ ਮੈਂਬਰਾਨ, ਡੀਨ ਅਤੇ ਡਾਇਰੈਕਟਰਾਂ ਸਮੇਤ ਸੀਨੀਅਰ ਅਧਿਆਪਕਾਂ ਤੋਂ ਬਿਨਾਂ ਭਾਰੀ ਗਿਣਤੀ ਵਿੱਚ ਵਿਦਿਆਰਥੀ ਅਤੇ ਉਹਨਾਂ ਦੇ ਮਾਪੇ ਇਸ ਮੌਕੇ ਵਿਸ਼ੇਸ਼ ਤੌਰ ਤੇ ਮੌਜੂਦ ਰਹੇ ।