![]()

ਅਜਿਹੇ ਜਾਗਰੂਕਤਾ ਸੈਮੀਨਾਰਾਂ ਸਦਕਾ ਹੀ ਲਡ਼ਕੀਆਂ ਦੀ ਜਨਮ ਦਰ ਵਿੱਚ ਹੋਇਆ ਵਾਧਾ- ਡਿਪਟੀ ਕਮਿਸ਼ਨਰ
ਲੁਧਿਆਣਾ, 29 ਮਾਰਚ (ਸਤ ਪਾਲ ਸੋਨੀ): ”ਬੇਟੀ ਬਚਾਓ ਬੇਟੀ ਪਡ਼ਾਓ” ਮੁਹਿੰਮ ਤਹਿਤ ਜ਼ਿਲਾ ਸਿਹਤ ਪ੍ਰਸ਼ਾਸ਼ਨ ਅਤੇ ਵਿਮੈਨ ਐਂਡ ਚਾਈਲਡ ਵਿਭਾਗ ਵੱਲੋਂ ਸਾਂਝੇ ਤੌਰ ‘ਤੇ ਇੱਕ ਸੈਮੀਨਾਰ ਦਾ ਆਯੋਜ਼ਨ ਸਿਵਲ ਹਸਪਤਾਲ ਲੁਧਿਆਣਾ ਵਿਖੇ ਕੀਤਾ ਗਿਆ। ਸੈਮੀਨਾਰ ਵਿੱਚ ਡਿਪਟੀ ਕਮਿਸ਼ਨਰ ਲੁਧਿਆਣਾ ਪ੍ਰਦੀਪ ਕੁਮਾਰ ਅਗਰਵਾਲ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਡਿਪਟੀ ਕਮਿਸ਼ਨਰ ਨੇ ਸੈਮੀਨਾਰ ਨੂੰ ਸੰਬੋਧਨ ਕਰਦਿਆ ਕਿਹਾ ਕਿ ਅਜਿਹੇ ਸੈਮੀਨਾਰਾਂ ਸਦਕਾ ਜਾਗਰੂਕਤਾ ਮੁਹਿੰਮ ਚਲਾਉਣ ਸਦਕਾ ਹੀ ਅਸੀਂ ਭਰੂੱਣ ਹੱਤਿਆਵਾਂ ਰੋਕਣ ‘ਚ ਕਾਮਯਾਬ ਹੋ ਸਕੇ ਹਾਂ ਅਤੇ ਲਡ਼ਕੀਆਂ ਦੀ ਜਨਮ ਦਰ ਵਿੱਚ ਵਾਧਾ ਹੋਇਆ ਹੈ। ਉਨਾਂ ਕਿਹਾ ਕਿ ਸਾਡਾ ਸਾਰਿਆਂ ਦਾ ਫਰਜ਼ ਹੈ ਕਿ ਸਮਾਜ ਵਿੱਚ ਲਡ਼ਕੀਆਂ ਨੂੰ ਸਨਮਾਨ ਦਈਏ ਤਾਂ ਕਿ ਸਮਾਜ ਹਰ ਖੇਤਰ ‘ਚ ਤਰੱਕੀ ਕਰ ਸਕੇ।

ਉਨਾਂ ਇਸ ਮੌਕੇ ਔਰਤਾਂ ਦੀ ਭਲਾਈ ਲਈ ਅਤੇ ਸਮਾਜ ਸੇਵਾ ਦੇ ਖੇਤਰ ਵਿੱਚ ਕੀਤੇ ਕੰਮਾਂ ਲਈ ਅਧਿਕਾਰੀਆਂ/ਕਰਮਚਾਰੀਆਂ ਨੂੰ ਸਨਮਾਨ ਚਿੰਨ ਭੇਟ ਕਰਕੇ ਸਨਮਾਨਤ ਵੀ ਕੀਤਾ।ਇਸ ਮੌਕੇ ਡਾ. ਰਜਿਦਰ ਗੁਲਾਟੀ ਅਤੇ ਡਾ. ਹਰਜੀਤ ਸਿੰਘ ਨੇ ਆਪਣੀ ਵਿਧੀ ਅਨੁਸਾਰ ਬੱਚੀ ਭਰੂੱਣ ਹੱਤਿਆ ਨੂੰ ਰੋਕਣ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਰੂਪ ਰੇਖਾ ਦੱਸੀ।ਸੈਮੀਨਾਰ ਵਿੱਚ ਨਰਸਿੰਗ ਦੇ ਵਿਦਿਆਰਥੀਆਂ ਨੇ ਬਹੁਤ ਭਾਵਪੂਰਣ ਸਕਿੱਟ ਪੇਸ਼ ਕੀਤੀ, ਜਿਸ ਵਿੱਚ ਲਡ਼ਕੇ ਅਤੇ ਲਡ਼ਕੀਆਂ ਦੀ ਬਰਾਬਰਤਾ ਬਾਰੇ ਸੁਨੇਹਾ ਦਿੱਤਾ ਗਿਆ ਹੈ। ਆਏ ਲੋਕਾਂ ਨੂੰ ਇੱਕ ਫਿਲਮ ਰਾਹੀਂ ਚੇਤੰਨ ਕਰਨ ਦੀ ਕੋਸ਼ਿਸ਼ ਕੀਤੀ ਕਿ ਲਡ਼ਕੀਆਂ ਵੀ ਸਾਡੇ ਸਮਾਜ ਦਾ ਅਹਿਮ ਅੰਗ ਹਨ, ਜਿੰਨਾਂ ਬਿਨਾਂ ਸਮਾਜ ਦੀ ਹੋਂਦ ਬਰਕਰਾਰ ਰੱਖਣੀ ਅਸੰਭਵ ਹੈ। ਸਮਾਗਮ ਦੀ ਪ੍ਰਧਾਨਗੀ ਸਿਵਲ ਸਰਜ਼ਨ ਲੁਧਿਆਣਾ ਪਰਵਿੰਦਰ ਪਾਲ ਸਿੰਘ ਸਿੱਧੂ ਨੇ ਕੀਤੀ। ਸਮਾਗਮ ਨੂੰ ਡਾ. ਐਸ.ਪੀ. ਸਿੰਘ ਅਤੇ ਡਾ. ਗੀਤਾ ਐਸ.ਐਮ.ਓ ਅਤੇ ਜ਼ਿਲਾ ਪ੍ਰੋਗਰਾਮ ਅਫਸਰ ਰੁਪਿੰਦਰ ਕੌਰ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਐਸ.ਐਮ.ਓਜ਼, ਏ.ਐਨ.ਐਮ, ਆਸ਼ਾ ਵਰਕਰ, ਸੀ.ਡੀ.ਪੀ.ਓ ਸੁਪਰਵਾਈਜ਼ਰ ਅਤੇ ਆਂਗਨਵਾਡ਼ੀ ਵਰਕਰ ਹਾਜ਼ਰ ਸਨ।