![]()

ਦੇਰੀ ਲਈ ਸੰਬੰਧਤ ਅਧਿਕਾਰੀਆਂ ਦੀ ਜਿੰਮੇਵਾਰੀ ਨਿਰਧਾਰਤ ਕਰਨ ਅਤੇ ਠੇਕੇਦਾਰ ਨੂੰ ਜੁਰਮਾਨਾ ਲਾਉਣ ਦੀ ਅਪੀਲ
ਲੁਧਿਆਣਾ, 20 ਫਰਵਰੀ ( ਸਤ ਪਾਲ ਸੋਨੀ ) : ਜਗਰਾਂਉ ਰੇਲਵੇ ਓਵਰਬ੍ਰਿਜ ਦੀ ਉਸਾਰੀ ਵਿੱਚ ਹੋ ਰਹੀ ਦੇਰੀ ਨੂੰ ਗੰਭੀਰਤਾ ਨਾਲ ਲੈਂਦਿਆਂ ਲੋਕ ਸਭਾ ਮੈਂਬਰ. ਰਵਨੀਤ ਸਿੰਘ ਬਿੱਟੂ ਨੇ ਕੇਂਦਰੀ ਰੇਲ ਮੰਤਰੀ ਪਿਊਸ਼ ਗੋਇਲ ਨੂੰ ਪੱਤਰ ਲਿਖ ਕੇ ਇਸ ਪ੍ਰੋਜੈਕਟ ਦਾ ਕੰਮ ਜਲਦ ਮੁਕੰਮਲ ਕਰਨ ਬਾਰੇ ਕਿਹਾ ਹੈ। ਉਨਾਂ ਪੱਤਰ ਵਿੱਚ ਦੇਰੀ ਦੀ ਜਾਂਚ ਲਈ ਉੱਚ ਪੱਧਰੀ ਕਮੇਟੀ ਦਾ ਗਠਨ ਕਰਨ, ਜਿੰਮੇਵਾਰ ਅਧਿਕਾਰੀਆਂ ਦੀ ਜਿੰਮੇਵਾਰੀ ਨਿਰਧਾਰਤ ਕਰਨ ਅਤੇ ਠੇਕੇਦਾਰ ਨੂੰ ਜੁਰਮਾਨਾ ਲਗਾਉਣ ਬਾਰੇ ਵੀ ਲਿਖਿਆ ਹੈ। ਦੱਸਣਯੋਗ ਹੈ ਕਿ ਬਿੱਟੂ ਨੇ ਬੀਤੀ ਸ਼ਾਮ ਇਸ ਪ੍ਰੋਜੈਕਟ ਦਾ ਦੌਰਾ ਕੀਤਾ ਸੀ ਅਤੇ ਹੋ ਰਹੀ ਦੇਰੀ ਬਾਰੇ ਗੰਭੀਰ ਨੋਟਿਸ ਲਿਆ ਸੀ। ਬਿੱਟੂ ਨੇ ਪੱਤਰ ਵਿੱਚ ਕਿਹਾ ਹੈ ਕਿ ਰੇਲਵੇ ਵੱਲੋਂ ਅਣਸੁਰੱਖਿਅਤ ਐਲਾਨੇ ਜਾਣ ਉਪਰੰਤ ਇਸ ਪੁੱਲ ਦੇ ਇੱਕ ਪਾਸੇ ਨੂੰ ਸਾਲ 2016 ਵਿੱਚ ਬੰਦ ਕੀਤਾ ਗਿਆ ਸੀ। ਸਾਲ 2017 ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਬਣਦਿਆਂ ਸਾਰ ਹੀ ਇਸ ਪ੍ਰੋਜੈਕਟ ਲਈ 26 ਕਰੋੜ ਰੁਪਏ ਦੇ ਫੰਡ ਨਗਰ ਨਿਗਮ ਲੁਧਿਆਣਾ ਰਾਹੀਂ ਤੁਰੰਤ ਰੇਲਵੇ ਵਿਭਾਗ ਨੂੰ ਤਬਦੀਲ ਕਰ ਦਿੱਤੇ ਗਏ ਸਨ ਤਾਂ ਜੋ ਇਸ ਪ੍ਰੋਜੈਕਟ ਦਾ ਕੰਮ ਜਲਦ ਮੁਕੰਮਲ ਹੋ ਸਕੇ। ਪਰ ਸ਼ੁਰੂਆਤ ਤੋਂ ਹੀ ਦੇਖਿਆ ਗਿਆ ਹੈ ਕਿ ਇਹ ਕੰਮ ਬਹੁਤ ਹੀ ਧੀਮੀ ਗਤੀ ਨਾਲ ਚੱਲ ਰਿਹਾ ਹੈ। ਜਿਸ ਕਾਰਨ ਇਹ ਕੰਮ ਤੈਅ ਸਮਾਂ ਸੀਮਾ ਵਿੱਚ ਮੁਕੰਮਲ ਨਹੀਂ ਹੁੰਦਾ ਦਿਸ ਰਿਹਾ। ਇਸ ਤੋਂ ਇਲਾਵਾ ਇਸ ਕਾਰਨ ਸ਼ਹਿਰ ਵਾਸੀਆਂ ਨੂੰ ਆਵਾਜਾਈ ਦੀ ਵੀ ਵੱਡੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਬਿੱਟੂ ਨੇ ਕਿਹਾ ਕੰਮ ਕਰਾਉਣ ਵਾਲੇ ਵਿਭਾਗ ਨੇ ਇਸ ਦਾ ਨਕਸ਼ਾ ਅਤੇ ਡਰਾਇੰਗ ਆਦਿ ਤਿਆਰ ਕਰਾਉਣ ਨੂੰ ਹੀ ਕਾਫੀ ਸਮਾਂ ਲਗਾ ਦਿੱਤਾ ਸੀ। ਇਸ ਤੋਂ ਇਲਾਵਾ ਠੇਕੇਦਾਰ ਵੱਲੋਂ ਵੀ ਇਸ ਪ੍ਰੋਜੈਕਟ ਨੂੰ ਬਿਨਾਂ ਵਜਾ ਲਟਕਾਇਆ ਜਾ ਰਿਹਾ ਹੈ। ਉਪਰੋਕਤ ਸਾਰੇ ਕਾਰਨਾਂ ਨੂੰ ਧਿਆਨ ਵਿੱਚ ਰੱਖਦਿਆਂ ਪ੍ਰੋਜੈਕਟ ਦੇ ਕੰਮ ਦੀ ਉੱਚ ਪੱਧਰੀ ਕਮੇਟੀ ਤੋਂ ਜਾਂਚ ਕਰਵਾਈ ਜਾਣੀ ਚਾਹੀਦੀ ਹੈ,ਸਾਰੇ ਤੱਥਾਂ ਦੀ ਜਾਂਚ ਕਰਕੇ ਦੇਰੀ ਲਈ ਜਿੰਮੇਵਾਰ ਅਧਿਕਾਰੀਆਂ ਦੀ ਜਿੰਮੇਵਾਰੀ ਨਿਰਧਾਰਤ ਕੀਤੀ ਜਾਣੀ ਚਾਹੀਦੀ ਹੈ ਅਤੇ ਠੇਕੇਦਾਰ ਨੂੰ ਜੁਰਮਾਨਾ ਲਗਾਉਣਾ ਚਾਹੀਦਾ ਹੈ। ਬਿੱਟੂ ਨੇ ਅੰਤ ਰੇਲਵੇ ਅਥਾਰਟੀਜ਼ ਨੂੰ ਕਿਹਾ ਹੈ ਕਿ ਉਹ ਇਸ ਪ੍ਰੋਜੈਕਟ ਨੂੰ ਸਮੇਂ ਸਿਰ ਮੁਕੰਮਲ ਕਰਾਉਣਾ ਯਕੀਨੀ ਬਣਾਉਣ, ਨਹੀਂ ਤਾਂ ਆਮ ਲੋਕਾਂ ਨੂੰ ਆਵਾਜਾਈ ਵਿੱਚ ਵਿਘਨ ਨੂੰ ਧਿਆਨ ਵਿੱਚ ਰੱਖਦੇ ਹੋਏ, ਉਨਾਂ ਨੂੰ ਕੋਈ ਸਖ਼ਤ ਕਦਮ ਉਠਾਉਣ ਲਈ ਮਜ਼ਬੂਰ ਹੋਣਾ ਪਵੇਗਾ।