![]()

ਦਹਿਸ਼ਤਗਰਦੀ ਨੂੰ ਉਤਸ਼ਾਹਿਤ ਕਰਨ ਵਾਲੇ ਦੇਸ਼ ਨਾਲੋਂ ਹਰ ਤਰਾਂ ਦੀ ਸਾਂਝ ਤੋਡ਼ਨ ਦੀ ਵਕਾਲਤ
ਲੁਧਿਆਣਾ, 18 ਫਰਵਰੀ ( ਸਤ ਪਾਲ ਸੋਨੀ ) : ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਬੀਤੇ ਦਿਨੀਂ ਪੁਲਵਾਮਾ ਵਿੱਚ ਹੋਏ ਅੱਤਵਾਦੀ ਹਮਲੇ ਦੀ ਨਿਖੇਧੀ ਕਰਦਿਆਂ ਕਿਹਾ ਹੈ ਕਿ ਅਮਰੀਕਾ-ਮੈਕਸੀਕੋ ਦੀ ਤਰਜ਼ ‘ਤੇ ਭਾਰਤ ਅਤੇ ਪਾਕਿਸਤਾਨ ਦਰਮਿਆਨ ਕੰਟਰੋਲ ਰੇਖਾ ‘ਤੇ ਕੰਧ ਦੀ ਉਸਾਰੀ ਕਰ ਦੇਣੀ ਚਾਹੀਦੀ ਹੈ ਤਾਂ ਜੋ ਦਹਿਸ਼ਤਗਰਦੀ ਨੂੰ ਹਵਾ ਦੇਣ ਵਾਲੇ ਦੇਸ਼ ਪਾਕਿਸਤਾਨ ਤੋਂ ਭਾਰਤ ਵਿੱਚ ਹਵਾ ਵੀ ਨਾ ਦਾਖ਼ਲ ਹੋ ਸਕੇ।ਅੱਜ ਇਥੇ ਪੱਤਰਕਾਰਾਂ ਨਾਲ ਗੈਰਰਸਮੀਂ ਗੱਲਬਾਤ ਕਰਦਿਆਂ ਬਿੱਟੂ ਨੇ ਕਿਹਾ ਕਿ ਜਦ ਅਮਰੀਕਾ ਵਰਗੇ ਦੇਸ਼ ਨੇ ਆਪਣੇ ਦੇਸ਼ ਵਿੱਚ ਗੈਰਕਾਨੂੰਨੀ ਪ੍ਰਵਾਸੀਆਂ ਦੇ ਦਾਖ਼ਲੇ ਨੂੰ ਰੋਕਣ ਲਈ ਮੈਕਸੀਕੋ ਨਾਲ ਲੱਗਦੀ ਸਰਹੱਦ ‘ਤੇ ਕੰਧ ਉਸਾਰਨ ਦਾ ਫੈਸਲਾ ਕੀਤਾ ਹੈ, ਤਾਂ ਭਾਰਤ ਨੂੰ ਵੀ ਇਸ ਦਿਸ਼ਾ ਵਿੱਚ ਪਾਕਿਸਤਾਨ ਤੋਂ ਦਾਖ਼ਲ ਹੋਣ ਵਾਲੇ ਦਹਿਸ਼ਤਗਰਦਾਂ ਨੂੰ ਰੋਕਣ ਲਈ ਕੰਟਰੋਲ ਰੇਖਾ ‘ਤੇ ਕੰਧ ਦੀ ਉਸਾਰੀ ਕਰਨ ਬਾਰੇ ਸੋਚਣਾ ਚਾਹੀਦਾ ਹੈ।
ਬਿੱਟੂ ਨੇ ਕਿਹਾ ਕਿ ਇਸ ਤੋਂ ਇਲਾਵਾ ਭਾਰਤ ਨੂੰ ਪਾਕਿਸਤਾਨ ਨਾਲੋਂ ਹਰ ਤਰਾਂ ਦੇ ਰਿਸ਼ਤੇ-ਨਾਤੇ ਅਤੇ ਵਪਾਰਕ ਸਾਂਝਾਂ ਤੋਡ਼ ਲੈਣੀਆਂ ਚਾਹੀਦੀਆਂ ਹਨ। ਉਨਾਂ ਕਿਹਾ ਕਿ ਆਏ ਦਿਨ ਸਰਹੱਦ ਪਾਰੋਂ ਆਉਂਦੀਆਂ ਗੋਲੀਆਂ ਅਤੇ ਬਾਰੂਦ ਦਾ ਸ਼ਿਕਾਰ ਹੁੰਦੇ ਸ਼ਹੀਦ ਜਵਾਨਾਂ ਨੂੰ ਉਦੋਂ ਹੀ ਅਸਲ ਸ਼ਰਧਾਂਜਲੀ ਸਮਝੀ ਜਾਵੇਗੀ, ਜਦੋਂ ਪਾਕਿਸਤਾਨ ਅਤੇ ਦਹਿਸ਼ਤਗਰਦਾਂ ਨੂੰ ਸਖ਼ਤੀ ਨਾਲ ਕੁਚਲਿਆ ਜਾਵੇਗਾ।