![]()

ਜ਼ਿਲੇ ਦੀਆਂ 6 ਹੋਰ ਸਬ-ਡਵੀਜ਼ਨ ਪੱਧਰ ‘ਤੇ ਆਉਂਦੇ ਦਿਨਾਂ ਦੌਰਾਨ ਆਯੋਜਿਤ ਕੀਤੇ ਜਾਣਗੇ ਰੋਜ਼ਗਾਰ ਮੇਲੇ – ਪ੍ਰਦੀਪ ਕੁਮਾਰ ਅਗਰਵਾਲ
ਲੁਧਿਆਣਾ, 13 ਫਰਵਰੀ ( ਸਤ ਪਾਲ ਸੋਨੀ ) :ਜ਼ਿਲੇ ਦੀਆਂ ਸਾਰੀਆਂ ਸਬ-ਡਵੀਜ਼ਨਾਂ ਵਿੱਚ ਲਗਾਏ ਜਾ ਰਹੇ ਰੋਜ਼ਗਾਰ ਮੇਲੇ ਦੇ ਅੱਜ ਪਹਿਲੇ ਦਿਨ ਸਰਕਾਰੀ ਆਈਟੀਆਈ ਗਿੱਲ ਰੋਡ ਲੁਧਿਆਣਾ ਵਿਖੇ ਆਯੋਜਿਤ ਕੀਤੇ ਗਏ ਮੇਲੇ ‘ਚ 150 ਤੋਂ ਵੱਧ ਕੰਪਨੀਆਂ ਵੱਲੋਂ ਬੇਰੋਜ਼ਗਾਰ ਨੌਜਵਾਨਾਂ ਦੀ ਚੋਣ ਕੀਤੀ ਗਈ ਅਤੇ ਅੱਜ ਮੇਲੇ ਦੌਰਾਨ ਤਕਰੀਬਨ 3 ਹਜ਼ਾਰ ਤੋਂ ਵੱਧ ਨੌਜਵਾਨਾਂ ਨੇ ਆਪਣੇ ਆਪ ਨੂੰ ਰਜਿਸਟਰ ਕੀਤਾ। ਡਿਪਟੀ ਕਮਿਸ਼ਨਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਘਰ-ਘਰ ਰੋਜ਼ਗਾਰ ਯੋਜਨਾ ਤਹਿਤ ਜ਼ਿਲੇ ਦੀਆਂ ਸਾਰੀਆਂ ਸਬ-ਡਵੀਜ਼ਨਾਂ ਵਿੱਚ ਰੋਜ਼ਗਾਰ ਮੇਲੇ ਆਯੋਜਿਤ ਕੀਤੇ ਜਾ ਰਹੇ ਹਨ। ਉਨਾਂ ਦੱਸਿਆ ਕਿ ਜ਼ਿਲਾ ਪ੍ਰਸ਼ਾਸਨ ਦਾ ਮੁੱਖ ਨਿਸ਼ਾਨਾ ਨੌਜਵਾਨਾਂ ਨੂੰ ਵੱਧ ਤੋਂ ਵੱਧ ਰੋਜ਼ਗਾਰ ਮੁਹੱਈਆ ਕਰਵਾਉਣਾ ਹੈ। ਉਨਾਂ ਦੱਸਿਆ ਕਿ ਮਿਤੀ 16 ਫਰਵਰੀ ਨੂੰ ਦੋ ਰੋਜਗਾਰ ਮੇਲੇ ਸੁਆਮੀ ਗੰਗਾ ਗਿਰੀ ਕਾਲਜ਼ ਗੌਂਦਵਾਲ ਨੇਡ਼ੇ ਰਾਏਕੋਟ ਅਤੇ ਮਿਤੀ 16 ਫਰਵਰੀ ਨੂੰ ਹੀ ਸਰਕਾਰੀ ਆਈ.ਟੀ.ਆਈ (ਲਡ਼ਕੀਆਂ) ਸਮਰਾਲਾ ਵਿਖੇ, ਮਿਤੀ 17 ਫਰਵਰੀ ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲਡ਼ਕੀਆਂ) ਜਗਰਾਂਓ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲਡ਼ਕੇ) ਪਾਇਲ ਵਿਖੇ, ਮਿਤੀ 22 ਫਰਵਰੀ ਨੂੰ ਗੁਲਜਾਰ ਗਰੁੱਪ ਆਫ਼ ਇੰਸਟੀਚਿਊਟ ਖੰਨਾ ਅਤੇ 22 ਫਰਵਰੀ ਨੂੰ ਹੀ ਗੌਰਮਿੰਟ ਇੰਸਟੀਚਿਊਟ ਟੈਕਸਟਾਈਲ ਕਮਿਸਟਰੀ ਐਂਡ ਨਿਟਿੰਗ ਟੈਕਨਾਲਜੀ ਰਿਸ਼ੀ ਨਗਰ ਲੁਧਿਆਣਾ ਵਿਖੇ ਆਯੋਜਿਤ ਕੀਤੇ ਜਾਣਗੇ।

ਡਿਪਟੀ ਕਮਿਸ਼ਨਰ ਨੇ ਸਬੰਧਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਇਨਾਂ ਮੇਲਿਆਂ ਦਾ ਨੌਜਵਾਨਾਂ ਨੂੰ ਵੱਧ ਤੋ ਵੱਧ ਲਾਭ ਦਿਵਾਉਣ ਲਈ ਯਤਨ ਕੀਤੇ ਜਾਣ। ਉਹਨਾਂ ਦੱਸਿਆ ਕਿ ਇਨਾਂ ਮੇਲਿਆਂ ਵਿੱਚ ਲੁਧਿਆਣਾ ਅਤੇ ਪੰਜਾਬ ਦੀਆਂ ਨਾਮਵਰ ਕੰਪਨੀਆਂ ਦੇ ਨੁਮਾਇੰਦੇ ਨੌਜਵਾਨਾਂ ਨੂੰ ਭਰਤੀ ਕਰਨ ਲਈ ਆ ਰਹੇ ਹਨ। ਉਨਾਂ ਉਮੀਦ ਪ੍ਰਗਟਾਈ ਕਿ ਇਹਨਾਂ ਮੇਲਿਆਂ ਵਿੱਚ ਹਜ਼ਾਰਾਂ ਨੌਜਵਾਨਾਂ ਨੂੰ ਯੋਗਤਾ ਮੁਤਾਬਿਕ ਕੰਪਨੀਆਂ ਰੋਜਗਾਰ ਦੇਣਗੀਆਂ। ਉਹਨਾਂ ਬੇ-ਰੋਜਗਾਰ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ-ਆਪ ਨੂੰ ਵੈਬਸਾਈਟ
www.ghargharrozgar.punjab.gov.in ‘ਤੇ ਰਜਿਸਟਰਡ ਕਰਨ ਅਤੇ ਵੱਧ ਤੋ ਵੱਧ ਲਾਭ ਉਠਾਉਣ। ਇਸ ਮੌਕੇ ਹੋਰਨਾਂ ਤੋਂ ਇਲਾਵਾ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਡਾ. ਸ਼ੇਨਾ ਅਗਰਵਾਲ, ਵਧੀਕ ਡਿਪਟੀ ਕਮਿਸ਼ਨਰ ਜਗਰਾਓ ਨੀਰੂ ਕਤਿਆਲ ਗੁਪਤਾ, ਐਸਡੀਐਮ ਪੱਛਮੀ ਦਮਨਜੀਤ ਸਿੰਘ ਮਾਨ, ਏ.ਈ.ਟੀ.ਸੀ. ਲੁਧਿਆਣਾ-2 ਨਵਰਾਜ ਸਿੰਘ ਬਰਾਡ਼, ਤਹਿਸੀਲਦਾਰ ਲੁਧਿਆਣਾ ਪੱਛਮੀ ਅਜੀਤਪਾਲ ਸਿੰਘ ਚਾਹਲ ਅਤੇ ਸਰਕਾਰੀ ਆਈਟੀਆਈ ਗਿੱਲ ਰੋਡ ਲੁਧਿਆਣਾ ਦੇ ਪ੍ਰਿੰਸੀਪਲ ਜਸਵੰਤ ਸਿੰਘ ਭੱਠਲ ਹਾਜ਼ਰ ਸਨ