ਸਤਿਗੁਰੂ ਰਾਮ ਸਿੰਘ ਦੀ ਸੋਚ ਨੂੰ ਸਮਾਜ ਸੁਧਾਰ ਦਾ ਆਧਾਰ ਬਣਾਉਣ ਦੀ ਲੋੜ -ਬਲਬੀਰ ਸਿੰਘ ਸਿੱਧੂ

Loading

ਪ੍ਰਮਾਤਮਾ ਦੀ ਪ੍ਰਾਪਤੀ ਅਤੇ ਮੁਕਤੀ ਲਈ ਗੁਰਬਾਣੀ ਨਾਲ ਜੁਡ਼ਨ ਦੀ ਲੋਡ਼-ਸਤਿਗੁਰੂ ਉਦੇ ਸਿੰਘ

ਭੈਣੀ ਸਾਹਿਬ, 10 ਫਰਵਰੀ ( ਸਤ ਪਾਲ ਸੋਨੀ ) : ਪੰਜਾਬ ਦੇ ਪਸ਼ੂ ਪਾਲਣ ਵਿਭਾਗ ਦੇ ਕੈਬਨਿਟ ਮੰਤਰੀ  ਬਲਬੀਰ ਸਿੰਘ ਸਿੱਧੂ ਨੇ ਸਤਿਗੁਰੂ ਰਾਮ ਸਿੰਘ ਜੀ ਨੂੰ ਦੇਸ਼ ਦੇ ਆਜ਼ਾਦੀ ਸੰਗਰਾਮ ਦੀ ਮਹੱਤਵਪੂਰਨ ਕਡ਼ੀ ਕਰਾਰ ਦਿੰਦਿਆਂ ਕਿਹਾ ਕਿ ਅੱਜ ਲੋਡ਼ ਹੈ ਕਿ ਉਨਾਂ ਦੀ ਸੋਚ ਨੂੰ ਸਮਾਜ ਸੁਧਾਰ ਦਾ ਆਧਾਰ ਬਣਾਇਆ ਜਾਵੇ। ਉਹ ਅੱਜ ਸਥਾਨਕ ਭੈਣੀ ਸਾਹਿਬ ਦਰਬਾਰ ਵਿਖੇ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਦੇ ਪ੍ਰਕਾਸ਼ ਪੁਰਬ ਸੰਬੰਧੀ ਮਨਾਏ ਗਏ ਰਾਜ ਪੱਧਰੀ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ। ਇਸ ਮੌਕੇ ਰੱਖੇ ਗਏ ਵਿਸ਼ਾਲ ਧਾਰਮਿਕ ਸਮਾਗਮ ਨੂੰ ਸੰਬੋਧਨ ਕਰਦਿਆਂ ਉਨਾਂ ਕਿਹਾ ਕਿ ਸਤਿਗੁਰੂ ਰਾਮ ਸਿੰਘ ਜੀ ਸਿੱਖੀ ਸਵੈਮਾਣ ਦੇ ਪੁਨਰ ਸੰਸਥਾਪਕ ਅਤੇ ਦੇਸ਼ ਦੀ ਅਜ਼ਾਦੀ ਲਈ ਬਰਤਾਨਵੀ ਸਾਮਰਾਜ ਨਾਲ ਨਾ-ਮਿਲਵਰਤਨ ਅਤੇ ਬਾਈਕਾਟ ਨੂੰ ਸਿਆਸੀ ਹਥਿਆਰ ਵਜੋਂ ਵਰਤਣ ਵਾਲੇ ਵਿਸ਼ਵ ਦੇ ਪਹਿਲੇ ਨੀਤੀ-ਵੇਤਾ ਸਨ। ਦੇਸ਼ ਨੂੰ ਅੰਗਰੇਜ਼ਾਂ ਦੇ ਲੋਟੂ ਰਾਜ ਤੋਂ ਆਜ਼ਾਦ ਕਰਾਉਣ ਲਈ ਭਾਵੇਂ ਵੱਖ-ਵੱਖ ਧਰਮਾਂ, ਮਜ਼ਹਬਾਂ, ਵਰਗਾਂ ਅਤੇ ਪਾਰਟੀਆਂ ਨੇ ਆਪਣੇ-ਆਪਣੇ ਤੌਰ ‘ਤੇ ਉਪਰਾਲੇ ਕੀਤੇ ਪਰ ਆਜ਼ਾਦੀ ਸੰਗਰਾਮ ਵਿੱਚ ਉਨਾਂ ਦੀ ਅਗਵਾਈ ਵਿੱਚ ਨਾਮਧਾਰੀ ਸੰਪਰਦਾ ਵੱਲੋਂ ਪਾਇਆ ਗਿਆ ਯੋਗਦਾਨ ਅਤੇ ਕੂਕਿਆਂ ਵੱਲੋਂ ਕੀਤੀਆਂ ਗਈਆਂ ਸ਼ਹੀਦੀਆਂ ਲਾਮਿਸਾਲ ਹਨ।

ਉਨਾਂ ਕਿਹਾ ਕਿ ਇਹ ਨਾਮਧਾਰੀ ਸਤਿਗੁਰੂ ਰਾਮ ਸਿੰਘ ਜੀ ਹੀ ਸਨ, ਜਿਨਾਂ ਗੁਰੂਆਂ ਵੱਲੋਂ ਦਰਸਾਏ ਹੋਏ ਅਹਿੰਸਾ ਦੇ ਰਸਤੇ ‘ਤੇ ਚੱਲਦਿਆਂ ਅੰਗਰੇਜ਼ਾਂ ਦਾ ਅਤੇ ਉਨਾਂ ਵੱਲੋਂ ਦਿੱਤੀਆਂ ਜਾਂਦੀਆਂ ਸੁੱਖ ਸਹੂਲਤਾਂ ਦਾ ਮੁਕੰਮਲ ਬਾਈਕਾਟ ਕੀਤਾ। ਨਾਮਧਾਰੀ ਸਤਿਗੁਰੂ ਰਾਮ ਸਿੰਘ ਜੀ ਵੱਲੋਂ ਸ਼ੁਰੂ ਕੀਤੇ ਗਏ ਨਾ ਮਿਲਵਰਤਨ ਅੰਦੋਲਨ ਅਤੇ ਨਾ ਫੁਰਮਾਨੀ ਅੰਦੋਲਨ ਨੂੰ ਬਾਅਦ ਵਿੱਚ ਮਹਾਤਮਾ ਗਾਂਧੀ ਵਰਗੇ ਆਗੂਆਂ ਨੇ ਅਪਣਾਉਣ ਨੂੰ ਪਹਿਲ ਦਿੱਤੀ। ਇਤਿਹਾਸ ਗਵਾਹ ਹੈ ਦੇਸ਼ ਦੀ ਅਜ਼ਾਦੀ ਦਾ ਅਸਲ ਮੁੱਢ ਕੂਕਿਆਂ ਵੱਲੋਂ ਮਲੇਰਕੋਟਲਾ ਦੀ ਪਵਿੱਤਰ ਧਰਤੀ ਤੋਂ ਬੱਝਿਆ ਗਿਆ ਸੀ। ਉਨਾਂ ਨਾਮਧਾਰੀ ਸੰਪਰਦਾ ਨੂੰ ਸਾਦਗੀ, ਸੱਚਾਈ ਅਤੇ ਨਿਮਰਤਾ ਦਾ ਸੋਮਾ ਦੱਸਦਿਆਂ ਸੰਗਤ ਨੂੰ ਅਪੀਲ ਕੀਤੀ ਕਿ ਸਾਨੂੰ ਇਸ ਸੰਪਰਦਾ ਅਤੇ ਗੁਰੂਆਂ ਵੱਲੋਂ ਦਰਸਾਏ ਹੋਏ ਮਾਰਗ ‘ਤੇ ਚੱਲਦੇ ਹੋਏ ਪ੍ਰਮਾਤਮਾ ਨੂੰ ਪ੍ਰਾਪਤ ਕਰਨ ਲਈ ਯਤਨ ਕਰਨੇ ਚਾਹੀਦੇ ਹਨ। ਉਨਾਂ ਕਿਹਾ ਕਿ ਇਸ ਸਮਾਗਮ ਵਿੱਚ ਸ਼ਮੂਲੀਅਤ ਕਰਨ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਆਉਣਾ ਸੀ ਪਰ ਕੁਝ ਨਾ ਟਾਲੇ ਜਾਣ ਵਾਲੇ ਕਾਰਨਾਂ ਕਰਕੇ ਉਹ ਪਹੁੰਚ ਨਹੀਂ ਸਕੇ। ਉਨਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਜੋ ਹੁਕਮ ਜਾਂ ਸੇਵਾ ਲਗਾਈ ਜਾਵੇਗੀ, ਉਹ ਸਿਰ ਨਿਵਾ ਕੇ ਪੂਰੀ ਕੀਤੀ ਜਾਵੇਗੀ।

ਸਮਾਗਮ ਦੌਰਾਨ ਮੌਜੂਦਾ ਗੱਦੀਨਸ਼ੀਨ ਨਾਮਧਾਰੀ ਉਦੈ ਸਿੰਘ ਜੀ ਨੇ ਗੁਰੂ ਨਾਨਕ ਦੇਵ ਜੀ, ਸਮੂਹ ਗੁਰੂ ਸਾਹਿਬਾਨ ਅਤੇ ਸਤਿਗੁਰੂ ਰਾਮ ਸਿੰੰਘ ਜੀ ਦੇ ਦੱਸੇ ਮਾਰਗ ‘ਤੇ ਚੱਲਣ ਦੀ ਪ੍ਰੇਰਣਾ ਦਿੰਦਿਆਂ ਸੰਗਤ ਨੂੰ ਸੰਦੇਸ਼ ਦਿੱਤਾ ਕਿ ਗੁਰੂ ਨਾਲ ਜੁਡ਼ ਕੇ ਧਰਮ ਅਤੇ ਦੇਸ਼ ਦੀ ਤਰੱਕੀ ਲਈ ਕੰਮ ਕੀਤਾ ਜਾਵੇ। ਉਨਾਂ ਕਿਹਾ ਕਿ ਗੁਰੂ ਦੀ ਪ੍ਰਾਪਤੀ ਅਤੇ ਮੁਕਤੀ ਪ੍ਰਾਪਤੀ ਲਈ ਸਾਨੂੰ ਖੁਦ ਨੂੰ ਅਤੇ ਆਪਣੇ ਬੱਚਿਆਂ ਨੂੰ ਗੁਰਬਾਣੀ ਨਾਲ ਜੋਡ਼ਨਾ ਚਾਹੀਦਾ ਹੈ। ਇਸ ਮੌਕੇ 1.25 ਲੱਖ ਸ੍ਰੀ ਆਖੰਡ ਪਾਠਾਂ ਦੇ ਭੋਗ ਵੀ ਪਾਏ ਗਏ। ਦੱਸਣਯੋਗ ਹੈ ਕਿ ਇਹ ਪਾਠਾਂ ਦੀ ਆਰੰਭਤਾ ਸਾਲ 1997 ਵਿੱਚ ਸਤਿਗੁਰੂ ਜਗਜੀਤ ਸਿੰਘ ਜੀ ਵੱਲੋਂ ਕਰਵਾਈ ਗਈ ਸੀ। ਸਮਾਗਮ ਦੌਰਾਨ ਪ੍ਰਸਿੱਧ ਲੇਖਕ ਸ੍ਰ. ਸਵਰਨ ਸਿੰਘ ਵਿਰਕ ਦੀ ਪੁਸਤਕ ਵੀ ਰਿਲੀਜ਼ ਕੀਤੀ ਗਈ।

ਇਸ ਮੌਕੇ ਸਮਾਗਮ ਨੂੰ ਹੋਰਨਾਂ ਤੋਂ ਇਲਾਵਾ ਰਕੇਸ਼ ਪਾਂਡੇ, ਨਵਤੇਜ ਸਿੰਘ ਚੀਮਾ, ਦਰਸ਼ਨ ਸਿੰਘ ਬਰਾਡ਼ (ਤਿੰਨੇ ਵਿਧਾਇਕ), ਸੁਖਦੇਵ ਸਿੰਘ ਸਿਰਸਾ ਮੁੱਖੀ ਪੰਜਾਬੀ ਵਿਭਾਗ ਪੰਜਾਬ ਯੂਨੀਵਰਸਿਟੀ ਨੇ ਵੀ ਸੰਬੋਧਨ ਕੀਤਾ। ਸਮਾਗਮ ਵਿੱਚ ਹੋਰਨਾਂ ਤੋਂ ਇਲਾਵਾ ਵਿਧਾਇਕ ਅਮਰੀਕ ਸਿੰਘ ਢਿੱਲੋਂ, ਸਾਬਕਾ ਸਪੀਕਰ ਪੰਜਾਬ ਵਿਧਾਨ ਸਭਾ  ਚਰਨਜੀਤ ਸਿੰਘ ਅਟਵਾਲ, ਐੱਸ. ਡੀ. ਐੱਮ. ਅਮਰਜੀਤ ਸਿੰਘ ਬੈਂਸ, ਨਾਮਧਾਰੀ ਸੁਰਿੰਦਰ ਸਿੰਘ ਅਤੇ ਵੱਡੀ ਗਿਣਤੀ ਵਿੱਚ ਪ੍ਰਮੁੱਖ ਸਖ਼ਸ਼ੀਅਤਾਂ ਅਤੇ ਸੰਗਤਾਂ ਹਾਜ਼ਰ ਸਨ।

34670cookie-checkਸਤਿਗੁਰੂ ਰਾਮ ਸਿੰਘ ਦੀ ਸੋਚ ਨੂੰ ਸਮਾਜ ਸੁਧਾਰ ਦਾ ਆਧਾਰ ਬਣਾਉਣ ਦੀ ਲੋੜ -ਬਲਬੀਰ ਸਿੰਘ ਸਿੱਧੂ

Leave a Reply

Your email address will not be published. Required fields are marked *

error: Content is protected !!