ਗਲੋਬਲ ਕਬੱਡੀ ਲੀਗ ਦੇ ਦੂਜੇ ਗੇੜ ਦਾ ਲੁਧਿਆਣਾ ਵਿਖੇ ਰੰਗਾਰੰਗ ਆਗਾਜ਼

Loading

ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਕੀਤਾ ਉਦਘਾਟਨ

 

ਸ਼ੁਰੂਆਤੀ ਮੈਚ ਦਿੱਲੀ ਟਾਈਗਰਜ਼ ਦੀ ਟੀਮ ਨੇ ਹਰਿਆਣਾ ਲਾਇਨਜ਼ ਦੀ ਟੀਮ ਨੂੰ 49 ਦੇ ਮੁਕਾਬਲੇ 55 ਅੰਕਾਂ ਨਾਲ ਹਰਾਇਆ

ਲੁਧਿਆਣਾ, 24 ਅਕਤੂਬਰ( ਸਤ ਪਾਲ ਸੋਨੀ ) : ਕੌਮਾਂਤਰੀ ਪੱਧਰ ਦੀ ਗਲੋਬਲ ਕਬੱਡੀ ਲੀਗ 2018, ਜੋ ਕਿ ਪੰਜਾਬ ਦੇ ਜਲੰਧਰ, ਲੁਧਿਆਣਾ ਅਤੇ ਅਜੀਤਗੜ (ਮੋਹਾਲੀ) ਵਿੱਚ ਕਰਵਾਈ ਜਾ ਰਹੀ ਹੈ, ਦੇ ਦੂਜੇ ਗੇਡ਼ ਦੇ ਮੁਕਾਬਲੇ ਸਥਾਨਕ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਹਾਕੀ ਸਟੇਡੀਅਮ ਵਿਖੇ ਅੱਜ ਤੋਂ ਸ਼ੁਰੂ ਹੋ ਗਏ ਜੋ ਕਿ 29 ਅਕਤੂਬਰ, 2018 ਤੱਕ ਜਾਰੀ ਰਹਿਣਗੇ। ਉਦਘਾਟਨੀ ਸਮਾਰੋਹ ਵਿੱਚ ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਮੁੱਖ ਮਹਿਮਾਨ ਵਜੋਂ ਪਹੁੰਚੇ ਅਤੇ ਉਨਾਂ ਨੇ ਮੁਕਾਬਲਿਆਂ ਦੀ ਸ਼ੁਰੂਆਤ ਕਰਵਾਈ। ਸ਼ੁਰੂਆਤੀ ਮੈਚ ਵਿੱਚ ਦਿੱਲੀ ਟਾਈਗਰਜ਼ ਦੀ ਟੀਮ ਨੇ ਹਰਿਆਣਾ ਲਾਇਨਜ਼ ਦੀ ਟੀਮ ਨੂੰ 49 ਦੇ ਮੁਕਾਬਲੇ 55 ਅੰਕਾਂ ਨਾਲ ਹਰਾਇਆ।

ਇਸ ਮੌਕੇ ਜਾਣਕਾਰੀ ਦਿੰਦਿਆਂ ਰਵਨੀਤ ਸਿੰਘ ਬਿੱਟੂ ਨੇ ਦੱਸਿਆ ਕਿ ਇਹ ਕਬੱਡੀ ਲੀਗ ਪੰਜਾਬ ਸਰਕਾਰ ਵੱਲੋਂ ‘ਮਿਸ਼ਨ ਤੰਦਰੁਸਤ ਪੰਜਾਬ’ ਤਹਿਤ ਨੌਜਵਾਨਾਂ ਨੂੰ ਨਸ਼ਿਆਂ ਨਾਲੋਂ ਤੋੜ ਕੇ ਖੇਡਾਂ ਨਾਲ ਜੋੜਨ ਦੇ ਮਕਸਦ ਤਹਿਤ ਕਰਵਾਈ ਜਾ ਰਹੀ ਹੈ, ਜਿਸ ਵਿੱਚ ਵਿਸ਼ਵ ਦੀਆਂ 6 ਕਬੱਡੀ ਟੀਮਾਂ ਭਾਗ ਲੈ ਰਹੀਆਂ ਹਨ, ਇਨਾਂ ਟੀਮਾਂ ਵਿੱਚ ਸਿੰਘ ਵਾਰੀਅਰਜ਼ ਪੰਜਾਬ, ਹਰਿਆਣਾ ਲਾਇਨਜ਼, ਬਲੈਕ ਪੈਂਥਰਜ਼, ਦਿੱਲੀ ਟਾਈਗਰਜ਼, ਮੈਪਲ ਲੀਫ਼ਜ਼ ਅਤੇ ਕੈਲੇਫੋਰਨੀਆ ਈਗਲਜ਼ ਸ਼ਾਮਿਲ ਹਨ।ਉਨਾਂ ਦੱਸਿਆ ਕਿ ਲੀਗ ਦੌਰਾਨ ਮਿਤੀ 24 ਦੀ ਤਰਾਂ 25, 26 ਅਤੇ 29 ਨੂੰ ਰੋਜ਼ਾਨਾ 2-2 ਮੈਚ ਖੇਡੇ ਜਾਇਆ ਕਰਨਗੇ। ਜਦਕਿ 27 ਅਤੇ 28 ਅਕਤੂਬਰ ਨੂੰ 3-3 ਮੈਚ ਖੇਡੇ ਜਾਣਗੇ। ਮੈਚ ਰੋਜ਼ਾਨਾ ਸ਼ਾਮ ਨੂੰ 5 ਵਜੇ ਸ਼ੁਰੂ ਹੋਇਆ ਕਰਨਗੇ ਅਤੇ ਫਲੱਡ ਲਾਈਟਾਂ ਵਿੱਚ ਖੇਡੇ ਜਾਇਆ ਕਰਨਗੇ। ਲੁਧਿਆਣਾ ਵਿਖੇ ਕੁੱਲ 14 ਮੁਕਾਬਲੇ ਖੇਡੇ ਜਾਣਗੇ।ਇਸ ਲੀਗ ਦਾ ਫਾਈਨਲ ਗੇੜ ਅਜੀਤਗੜ (ਮੋਹਾਲੀ) ਵਿਖੇ ਖੇਡਿਆ ਜਾਵੇਗਾ। ਇਸ ਲੀਗ ਦੀ ਜੇਤੂ ਟੀਮ ਨੂੰ 1 ਕਰੋਡ਼ ਰੁਪਏ, ਉਪ-ਜੇਤੂ ਨੂੰ 50 ਲੱਖ ਰੁਪਏ ਅਤੇ ਤੀਜੇ ਸਥਾਨ ‘ਤੇ ਆਉਣ ਵਾਲੀ ਟੀਮ ਨੂੰ 25 ਲੱਖ ਰੁਪਏ ਦੀ ਇਨਾਮੀ ਰਾਸ਼ੀ ਨਾਲ ਸਨਮਾਨਿਤ ਕੀਤਾ ਜਾਵੇਗਾ। ਉਨਾਂ ਕਿਹਾ ਕਿ ਇਸ ਲੀਗ ਦੀ ਖਾਸੀਅਤ ਇਹ ਹੈ ਕਿ ਇਸ ਵਿੱਚ 70 ਫੀਸਦੀ ਨਵੇਂ ਨੌਜਵਾਨਾਂ ਨੂੰ ਖੇਡਣ ਦਾ ਮੌਕਾ ਦਿੱਤਾ ਜਾ ਰਿਹਾ ਹੈ, ਤਾਂ ਜੋ ਅਜਿਹੇ ਨੌਜਵਾਨ ਅੰਤਰਰਾਸ਼ਟਰੀ ਪੱਧਰ ‘ਤੇ ਆਪਣੀ ਖੇਡ ਵਿਖਾ ਸਕਣ।

ਪਰਮੀਸ਼ ਵਰਮਾ ਨੇ ਕੀਤਾ ਦਰਸ਼ਕਾਂ ਦਾ ਮਨੋਰੰਜਨ

ਉਦਘਾਟਨੀ ਸਮਾਰੋਹ ਵਿੱਚ ਉਸ ਵੇਲੇ ਰੰਗ ਬੱਝ ਗਏ ਜਦੋਂ ਪੰਜਾਬੀ ਦੇ ਪ੍ਰਸਿੱਧ ਗਾਇਕ ਪਰਮੀਸ਼ ਵਰਮਾ ਵੱਲੋਂ ਦਰਸ਼ਕਾਂ ਦਾ ਮਨੋਰੰਜਨ ਕੀਤਾ ਗਿਆ।

ਦਰਸ਼ਕਾਂ ਨੂੰ ਖੇਡਾਂ ਦੇਖਣ ਵੱਲ ਉਤਸ਼ਾਹਿਤ ਕਰਨ ਲਈ ਰੋਜ਼ਾਨਾ ਮੋਬਾਈਲ ਫੋਨ ਅਤੇ ਫਾਈਨਲ ਵਾਲੇ ਦਿਨ ਮੋਟਰਸਾਈਕਲ ਦੇ ਉਤਸ਼ਾਹੀ ਇਨਾਮ ਕੱਢੇ ਜਾਣਗੇ। ਰੋਜ਼ਾਨਾ 5 ਮੋਬਾਈਲ ਫੋਨ ਦਿੱਤੇ ਜਾਣਗੇ, ਜਿਸ ਲਈ ਦਰਸ਼ਕਾਂ ਨੂੰ ਲੱਕੀ ਕੂਪਨ ਐਂਟਰੀ ਗੇਟ ‘ਤੇ ਮੁਹੱਈਆ ਕਰਵਾਏ ਜਾਇਆ ਕਰਨਗੇ। ਰੋਜ਼ਾਨਾ ਆਖ਼ਰੀ ਮੈਚ ਤੋਂ ਬਾਅਦ ਲੱਕੀ ਡਰਾਅ ਕੱਢਿਆ ਜਾਇਆ ਕਰੇਗਾ। ਇਹੀ ਕੂਪਨ ਮੋਟਰਸਾਈਕਲ ਇਨਾਮ ਲਈ ਵੀ ਵਰਤੇ ਜਾ ਸਕਣਗੇ।

ਇਸ ਮੌਕੇ ਵਿਸ਼ੇਸ਼ ਮਹਿਮਾਨਾਂ ਵਿੱਚ ਵਿਧਾਇਕ  ਅਮਰੀਕ ਸਿੰਘ ਢਿੱਲੋਂ, ਵਿਧਾਇਕ ਕੁਲਦੀਪ ਸਿੰਘ ਵੈਦ, ਵਿਧਾਇਕ ਜਗਤਾਰ ਸਿੰਘ ਹਿੱਸੋਵਾਲ, ਨਗਰ ਨਿਗਮ ਲੁਧਿਆਣਾ ਦੇ ਮੇਅਰ ਬਲਕਾਰ ਸਿੰਘ ਸੰਧੂ, ਪੁਲਿਸ ਕਮਿਸ਼ਨਰ ਡਾ. ਸੁਖਚੈਨ ਸਿੰਘ ਗਿੱਲ, ਸਾਬਕਾ ਮੰਤਰੀ  ਮਲਕੀਤ ਸਿੰਘ ਦਾਖਾ, ਵਧੀਕ ਡਿਪਟੀ ਕਮਿਸ਼ਨਰ (ਜ)  ਇਕਬਾਲ ਸਿੰਘ ਸੰਧੂ, ਲੀਗ ਨਾਲ ਜੁੜੇ ਪ੍ਰਬੰਧਕਾਂ ‘ਚ  ਸੁਰਜੀਤ ਸਿੰਘ ਟੁੱਟ, ਅਮਰਜੀਤ ਸਿੰਘ ਟੁੱਟ,  ਯੋਗੇਸ਼ ਛਾਬਡ਼ਾ, ਰਣਬੀਰ ਸਿੰਘ ਟੁੱਟ, ਲੀਗ ਦੇ ਕਾਨੂੰਨੀ ਸਲਾਹਕਾਰ ਐਡਵੋਕੇਟ ਹਰਪ੍ਰੀਤ ਸਿੰਘ ਸੰਧੂ, ਗੁਰਦੇਵ ਸਿੰਘ ਲਾਪਰਾਂ ਜ਼ਿਲਾ ਪ੍ਰਧਾਨ ਕਾਂਗਰਸ ਪਾਰਟੀ, ਜ਼ਿਲਾ ਯੂਥ ਪ੍ਰਧਾਨ  ਰਾਜੀਵ ਰਾਜਾ,  ਅਮਰਜੀਤ ਸਿੰਘ ਟਿੱਕਾ,  ਕੇ. ਕੇ. ਬਾਵਾ, ਮੇਜਰ ਸਿੰਘ ਭੈਣੀ ਅਤੇ ਵੱਡੀ ਗਿਣਤੀ ਵਿੱਚ ਖੇਡ ਪ੍ਰੇਮੀ ਹਾਜ਼ਰ ਸਨ।

27660cookie-checkਗਲੋਬਲ ਕਬੱਡੀ ਲੀਗ ਦੇ ਦੂਜੇ ਗੇੜ ਦਾ ਲੁਧਿਆਣਾ ਵਿਖੇ ਰੰਗਾਰੰਗ ਆਗਾਜ਼

Leave a Reply

Your email address will not be published. Required fields are marked *

error: Content is protected !!