![]()

ਪੰਜਾਬੀ ਮੂਲ ਦੇ 14 ਬਰਤਾਨਵੀ ਨੌਜਵਾਨ ਕਰਨਗੇ ਪਹਿਲੀ ਵਾਰ ਪੰਜਾਬ ਦਾ ਦੌਰਾ
ਲੁਧਿਆਣਾ, 7 ਅਗਸਤ ( ਸਤ ਪਾਲ ਸੋਨੀ ) : ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ਪ੍ਰੋਗਰਾਮ ‘ਆਪਣੀਆਂ ਜਡ਼ਾਂ ਨਾਲ ਜੁਡ਼ੋ’ ਤਹਿਤ ਇੰਗਲੈਂਡ ਤੋਂ ਆਉਣ ਵਾਲੇ ਨੌਜਵਾਨ ਮਿਤੀ 15 ਅਗਸਤ ਨੂੰ ਲੁਧਿਆਣਾ ਵਿਖੇ ਹੋਣ ਵਾਲੇ ਰਾਜ ਪੱਧਰੀ ਆਜ਼ਾਦੀ ਦਿਹਾਡ਼ਾ ਸਮਾਗਮ ਵਿੱਚ ਵਿਸ਼ੇਸ਼ ਮਹਿਮਾਨ ਵਜੋਂ ਪਹੁੰਚਣਗੇ। ਪੰਜਾਬੀ ਮੂਲ ਦੇ 14 ਨੌਜਵਾਨਾਂ ਦਾ ਪਹਿਲਾ ਬੈਚ 7 ਤੋਂ 16 ਅਗਸਤ ਤੱਕ ਸੂਬੇ ਦਾ ਦੌਰਾ ਕਰ ਰਿਹਾ ਹੈ। ਇਸ ਗਰੁੱਪ ਵਿੱਚ 16-22 ਸਾਲ ਦੀ ਉਮਰ ਦੇ ਅੱਠ ਲਡ਼ਕੇ ਅਤੇ ਛੇ ਲਡ਼ਕੀਆਂ ਸ਼ਾਮਿਲ ਹਨ।
ਪ੍ਰਦੀਪ ਕੁਮਾਰ ਅਗਰਵਾਲ ਨੇ ਦੱਸਿਆ ਕਿ ਇਨਾਂ ਨੌਜਵਾਨਾਂ ਦੇ ਦੌਰੇ ਦੇ ਅਹਿਮ ਪਲਾਂ ਵਿੱਚ ਆਜ਼ਾਦੀ ਦਿਹਾਡ਼ੇ ਮੌਕੇ ਲੁਧਿਆਣਾ ਵਿਖੇ ਹੋਣ ਵਾਲੇ ਸੂਬਾ ਪੱਧਰੀ ਸਮਾਗਮ ਵਿੱਚ ਸ਼ਿਰਕਤ ਕਰਨਾ ਵੀ ਹੈ, ਜਿਸ ਦੀ ਪ੍ਰਧਾਨਗੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੀਤੀ ਜਾਵੇਗੀ। ਇਸ ਮੌਕੇ ਕੈਪਟਨ ਅਮਰਿੰਦਰ ਸਿੰਘ ਨਿੱਜੀ ਤੌਰ ‘ਤੇ ਵੀ ਇਨਾਂ ਨੌਜਵਾਨਾਂ ਨੂੰ ਮਿਲਣਗੇ। ਪੰਜਾਬ ਸਰਕਾਰ ਵੱਲੋਂ ਇਨਾਂ ਨੌਜਵਾਨਾਂ ਦੇ ਰਹਿਣ-ਸਹਿਣ ਦੇ ਪ੍ਰਬੰਧਾਂ ਤੋਂ ਇਲਾਵਾ ਪ੍ਰਮੁੱਖ ਥਾਵਾਂ ‘ਤੇ ਜਾਣ ਅਤੇ ਹੋਰ ਪ੍ਰੋਗਰਾਮਾਂ ਲਈ ਆਵਾਜਾਈ ਦੀ ਸਹੂਲਤ ਮੁਹੱਈਆ ਕਰਵਾਈ ਜਾ ਰਹੀ ਹੈ। ਇਨਾਂ ਨੌਜਵਾਨਾਂ ਵੱਲੋਂ ਸੂਬੇ ਵਿਚਲੀਆਂ ਧਾਰਮਿਕ, ਸੱਭਿਆਚਾਰਕ ਅਤੇ ਇਤਿਹਾਸਕ ਮਹੱਤਤਾ ਵਾਲੀਆਂ ਵੱਖ-ਵੱਖ ਥਾਵਾਂ ‘ਤੇ ਵੀ ਜਾਣ ਦਾ ਪ੍ਰੋਗਰਾਮ ਹੈ।
ਸ੍ਰੀ ਅਗਰਵਾਲ ਨੇ ਦੱਸਿਆ ਕਿ ਇਹ ਨੌਜਵਾਨ ਮਿਤੀ 14 ਅਗਸਤ ਨੂੰ ਜ਼ਿਲਾ ਲੁਧਿਆਣਾ ਵਿੱਚ ਪਹੁੰਚਣਗੇ, ਜਿੱਥੇ ਕਿ ਉਹ ਬੁੱਧ ਧਰਮ ਨਾਲ ਸੰਬੰਧਤ ਧਾਰਮਿਕ ਸਥਾਨ ਅਤੇ ਪੰਜਾਬ ਖੇਤੀਬਾਡ਼ੀ ਯੂਨੀਵਰਸਿਟੀ ਦਾ ਦੌਰਾ ਕਰਨਗੇ। ਦੂਜੇ ਦਿਨ 15 ਅਗਸਤ ਨੂੰ ਸਥਾਨਕ ਗੁਰੂ ਨਾਨਕ ਸਟੇਡੀਅਮ ਵਿਖੇ ਹੋਣ ਵਾਲੇ ਰਾਜ ਪੱਧਰੀ ਆਜ਼ਾਦੀ ਦਿਹਾਡ਼ਾ ਸਮਾਗਮ ਵਿੱਚ ਸ਼ਿਰਕਤ ਕਰਨਗੇ। ਲੁਧਿਆਣਾ ਤੋਂ ਇਲਾਵਾ ਇਨਾਂ ਨੌਜਵਾਨਾਂ ਵੱਲੋਂ ਜ਼ਿਲਾ ਸ੍ਰੀ ਅੰਮ੍ਰਿਤਸਰ ਸਾਹਿਬ, ਚੰਡੀਗਡ਼, ਪਟਿਆਲਾ, ਸ਼ਹੀਦ ਭਗਤ ਸਿੰਘ ਨਗਰ, ਰੂਪਨਗਰ, ਹੁਸ਼ਿਆਰਪੁਰ, ਜਲੰਧਰ, ਫਤਹਿਗਡ਼ ਸਾਹਿਬ ਅਤੇ ਮੁਹਾਲੀ ਦੇ ਮਹੱਤਵਪੂਰਨ ਸਥਾਨਾਂ ਅਤੇ ਆਪਣੇ ਪੁਰਖਿਆਂ ਦੇ ਸਥਾਨਾਂ ਦਾ ਦੌਰਾ ਕੀਤਾ ਜਾਣਾ ਹੈ। ਪੁਰਖ਼ਿਆਂ ਦੇ ਸਥਾਨਾਂ ਦਾ ਦੌਰਾ ਕਰਨ ਦੌਰਾਨ ਉਹ ਆਪਣੇ ਪਰਿਵਾਰ ਦੇ ਮੈਂਬਰਾਂ, ਦੋਸਤਾਂ, ਮਾਪਿਆਂ ਅਤੇ ਬਜ਼ੁਰਗਾਂ ਦੇ ਰਿਸ਼ਤੇਦਾਰਾਂ ਨੂੰ ਮਿਲਣਗੇ, ਜਿਸ ਨਾਲ ਉਨਾਂ ਨੂੰ ਆਪਣੇ ਪੁਰਖਿਆਂ ਦੀਆਂ ਜਡ਼ਾਂ ਨਾਲ ਜੁਡ਼ਨ ਦਾ ਮੌਕਾ ਮਿਲੇਗਾ।
ਇਹ ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਤੰਬਰ, 2017 ਨੂੰ ਲੰਡਨ ਤੋਂ ‘ਆਪਣੀਆਂ ਜਡ਼ਾਂ ਨਾਲ ਜੁਡ਼ੋ’ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਸੀ। ਦੋ ਹਫਤਿਆਂ ਦੇ ਪ੍ਰੋਗਰਾਮ ਦੌਰਾਨ ਕਦੀ ਵੀ ਮੁਲਕ ਵਿੱਚ ਨਾ ਆਉਣ ਵਾਲੇ ਭਾਰਤੀ ਮੂਲ ਦੇ ਨੌਜਵਾਨਾਂ ਨੂੰ ਆਪਣੇ ਪੁਰਖਿਆਂ ਦੀਆਂ ਜਡ਼ਾਂ ਨਾਲ ਜੁਡ਼ਨ ਦਾ ਮੌਕਾ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ।