![]()
ਨਗਰ ਨਿਗਮ ਸ਼ਹਿਰ ਨੂੰ ਸਾਫ਼ ਅਤੇ ਹਰਾ-ਭਰਾ ਬਣਾਉਣ ਲਈ ਵਚਨਬੱਧ-ਮੇਅਰ ਬਲਕਾਰ ਸਿੰਘ

ਸ਼ਹਿਰ ਵਾਸੀ ‘ਆਈ ਹਰਿਆਲੀ’ ਮੋਬਾਈਲ ਐਪ ਰਾਹੀਂ ਪ੍ਰਾਪਤ ਕਰਨ ਪੌਦੇ-ਕੌਂਸਲਰ ਮਮਤਾ ਆਸ਼ੂ
ਲੁਧਿਆਣਾ, 6 ਅਗਸਤ ( ਸਤ ਪਾਲ ਸੋਨੀ ) : ਨਗਰ ਨਿਗਮ ਲੁਧਿਆਣਾ ਨੇ ਅੱਜ ਭਾਰਤੀ ਫੌਜ ਦੇ ਜਵਾਨਾਂ ਦੇ ਸਹਿਯੋਗ ਨਾਲ ਬੁੱਢਾ ਨਾਲਾ ਦੇ ਆਸਿਆਂ ਪਾਸਿਆਂ ‘ਤੇ ਪੌਦੇ ਲਗਾਉਣ ਦੀ ਮੁਹਿੰਮ ਦੀ ਸ਼ੁਰੂਆਤ ਕੀਤੀ। ਇਸ ਮੁਹਿੰਮ ਦਾ ਨਗਰ ਨਿਗਮ ਲੁਧਿਆਣਾ ਦੇ ਮੇਅਰ ਬਲਕਾਰ ਸਿੰਘ ਸੰਧੂ ਨੇ ਪੌਦਾ ਲਗਾ ਕੇ ਆਰੰਭ ਕੀਤਾ। ਇਸ ਮੌਕੇ ਉਨਾਂ ਨਾਲ ਕੌਂਸਲਰ ਮਮਤਾ ਆਸ਼ੂ ਵੀ ਹਾਜ਼ਰ ਸਨ। ਇਹ ਮੁਹਿੰਮ ਸਥਾਨਕ ਹੈਬੋਵਾਲ ਪੁੱਲੀ ਦੇ ਕੋਲ ਕਰੀਬ 100 ਤੋਂ ਵਧੇਰੇ ਪੌਦੇ ਲਗਾ ਕੇ ਸ਼ੁਰੂ ਕੀਤੀ ਗਈ।
ਇਸ ਮੌਕੇ ਸੰਬੋਧਨ ਕਰਦਿਆਂ ਮੇਅਰ ਸੰਧੂ ਨੇ ਕਿਹਾ ਕਿ ਨਗਰ ਨਿਗਮ ਸ਼ਹਿਰ ਲੁਧਿਆਣਾ ਨੂੰ ਸਾਫ਼ ਸੁਥਰਾ ਅਤੇ ਹਰਾ-ਭਰਾ ਬਣਾਉਣ ਲਈ ਦ੍ਰਿਡ਼ ਵਚਨਬੱਧ ਹੈ। ਇਸੇ ਕਰਕੇ ਹੀ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਪੌਦੇ ਲਗਾਏ ਜਾ ਰਹੇ ਹਨ। ਉਨਾਂ ਕਿਹਾ ਕਿ ਨਗਰ ਨਿਗਮ ਵੱਲੋਂ ਪੌਦੇ ਲਗਾਉਣ ਦੇ ਨਾਲ-ਨਾਲ ਇਨਾਂ ਨੂੰ ਸੰਭਾਲਣ ਲਈ ਵੱਖ-ਵੱਖ ਗੈਰ ਸਰਕਾਰੀ ਸੰਸਥਾਵਾਂ ਦਾ ਸਹਿਯੋਗ ਵੀ ਲਿਆ ਜਾ ਰਿਹਾ ਹੈ। ਇਸ ਮੌਕੇ ਉਨਾਂ ਭਾਰਤੀ ਫੌਜ ਦੇ ਜਵਾਨਾਂ ਦਾ ਇਸ ਗੱਲ ਲਈ ਧੰਨਵਾਦ ਕੀਤਾ ਕਿ ਉਹ ਇਸ ਵਾਤਾਵਰਣ ਪੱਖੀ ਕਾਰਜ ਵਿੱਚ ਨਗਰ ਨਿਗਮ ਦਾ ਸਹਿਯੋਗ ਕਰ ਰਹੇ ਹਨ।
ਇਸ ਮੌਕੇ ਕੌਂਸਲਰ ਮਮਤਾ ਆਸ਼ੂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਘਰ-ਘਰ ਹਰਿਆਲੀ ਫੈਲਾਉਣ ਲਈ ‘ਆਈ ਹਰਿਆਲੀ’ ਮੋਬਾਈਲ ਐਪਲੀਕੇਸ਼ਨ ਦੀ ਸ਼ੁਰੂਆਤ ਕੀਤੀ ਹੋਈ ਹੈ, ਜਿਸ ਨੂੰ ਆਮ ਲੋਕਾਂ ਵੱਲੋਂ ਬਹੁਤ ਲਾਭ ਲਿਆ ਜਾ ਰਿਹਾ ਹੈ। ਉਨਾਂ ਦੱਸਿਆ ਕਿ ਇਹ ਐਪਲੀਕੇਸ਼ਨ (‘ਆਈ ਹਰਿਆਲੀ’) ਕਿਸੇ ਵੀ ਐਂਡਰਾਈਡ ਫੋਨ ‘ਤੇ ਪਲੇਅ ਸਟੋਰ ਰਾਹੀਂ ਡਾਊਨਲੋਡ ਕਰਕੇ ਇੰਸਟਾਲ ਕੀਤੀ ਜਾ ਸਕਦੀ ਹੈ। ਇਸ ਐਪ ‘ਤੇ ਲੱਖਾਂ ਦੀ ਤਾਦਾਦ ਵਿੱਚ ਪੌਦਿਆਂ ਦਾ ਵੇਰਵਾ ਅਲੱਗ-ਅਲੱਗ ਕੈਟੇਗਰੀਆਂ (ਫਰੂਟ, ਮੈਡੀਸਨਲ, ਓਰਨਾਮੈਂਟਲ ਟਰੀ ਪਲਾਂਟ, ਓਰਨਾਮੈਂਟਲ ਸ਼ਰੱਬ, ਟਿੰਬਰ) ਵਿੱਚ ਦਰਜ ਹੈ। ਇਕ ਵਿਅਕਤੀ ਇੱਕ ਮੋਬਾਈਲ ਨੰਬਰ ਰਾਹੀਂ ਇੱਕ ਸਮੇਂ 10 ਪੌਦੇ ਹੀ ਪ੍ਰਾਪਤ ਕਰ ਸਕਦਾ ਹੈ। ਇਹ ਸਾਰੇ ਪੌਦੇ ਬਿਲਕੁਲ ਮੁਫ਼ਤ ਮੁਹੱਈਆ ਕਰਵਾਏ ਜਾ ਰਹੇ ਹਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਕੌਂਸਲਰ ਮਹਾਰਾਜ ਸਿੰਘ ਰਾਜੀ, ਕੌਂਸਲਰ ਰਾਸ਼ੀ ਅਗਰਵਾਲ, ਸਾਬਕਾ ਕੌਂਸਲਰ ਹੇਮਰਾਜ ਅਗਰਵਾਲ ਮੀਨੂੰ ਪੰਕਜ ਮਲਹੋਤਰਾ ਵੀ ਹਾਜ਼ਰ ਸਨ।