ਵਪਾਰਕ ਘਰਾਣੇ ਅਤੇ ਬੋਰਡ ਖਿਡਾਰੀਆਂ ਨੂੰ ਅਪਨਾਉਣ ਲਈ ਅੱਗੇ ਆਉਣ-ਖੇਡ ਮੰਤਰੀ

Loading


ਸਿੱਖ ਭਾਈਚਾਰੇ ਦੀ ਮਜ਼ਬੂਤੀ ‘ਚ ਜੱਸਾ ਸਿੰਘ ਰਾਮਗਡ਼ੀਆ ਦਾ ਮਹਾਨ ਯੋਗਦਾਨ-ਰਾਣਾ ਗੁਰਮੀਤ ਸਿੰਘ ਸੋਢੀ

ਲੁਧਿਆਣਾ, 5 ਮਈ ਮਈ ( ਸਤ ਪਾਲ ਸੋਨੀ ) : ਪੰਜਾਬ ਸਰਕਾਰ ਵਿੱਚ ਖੇਡਾਂ ਤੇ ਯੁਵਕ ਮਾਮਲਿਆਂ ਬਾਰੇ ਵਿਭਾਗਾਂ ਦੇ ਕੈਬਨਿਟ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਵਪਾਰਕ ਘਰਾਣਿਆਂ ਅਤੇ ਵੱਖ-ਵੱਖ ਬੋਰਡਾਂ ਨੂੰ ਸੱਦਾ ਦਿੱਤਾ ਹੈ ਕਿ ਉਹ ਸੂਬੇ ਵਿੱਚ ਖੇਡਾਂ ਦੇ ਵਿਕਾਸ ਲਈ ਖ਼ਿਡਾਰੀਆਂ ਅਤੇ ਟੀਮਾਂ ਨੂੰ ਅਪਨਾਉਣ ਲਈ ਅੱਗੇ ਆਉਣ ਤਾਂ ਜੋ ਖ਼ਿਡਾਰੀਆਂ ਦੀਆਂ ਹਰ ਤਰਾਂ ਦੀਆਂ ਲੋਡ਼ਾਂ ਨੂੰ ਪੰਜਾਬ ਸਰਕਾਰ ਵਪਾਰਕ ਘਰਾਣਿਆਂ ਦੇ ਸਹਿਯੋਗ ਨਾਲ ਹੋਰ ਬੇਹਤਰ ਤਰੀਕੇ ਨਾਲ ਪੂਰਾ ਕਰ ਸਕੇ।
ਅੱਜ ਸਥਾਨਕ ਗੁਰੂ ਨਾਨਕ ਦੇਵ ਭਵਨ ਵਿਖੇ ਪੰਜਾਬ ਸਰਕਾਰ ਵੱਲੋਂ ਮਹਾਰਾਜਾ ਜੱਸਾ ਸਿੰਘ ਰਾਮਗਡ਼ੀਆ ਦੇ 295ਵੇਂ ਜਨਮ ਦਿਹਾਡ਼ੇ ਸੰਬੰਧੀ ਰੱਖੇ ਰਾਜ ਪੱਧਰੀ ਸਮਾਗਮ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਣਾ ਸੋਢੀ ਨੇ ਕਿਹਾ ਕਿ ਪੰਜਾਬ ਵਿੱਚ ਖੇਡਾਂ ਅਤੇ ਖ਼ਿਡਾਰੀਆਂ ਦੀ ਤਰੱਕੀ ਲਈ ਬਕਾਇਦਾ ਖਾਕਾ ਤਿਆਰ ਕੀਤਾ ਜਾ ਰਿਹਾ ਹੈ ਤਾਂ ਜੋ ਪੰਜਾਬ ਦੀ ਖੇਡਾਂ ਵਿੱਚ ਬਾਦਸ਼ਾਹਤ ਕਾਇਮ ਕੀਤੀ ਜਾ ਸਕੇ। ਉਨਾਂ ਕਿਹਾ ਕਿ ਇਸ ਦਿਸ਼ਾ ਵਿੱਚ ਵਪਾਰਕ ਘਰਾਣੇ ਅਤੇ ਬੋਰਡ ਵੱਡਾ ਸਹਿਯੋਗ ਦੇ ਸਕਦੇ ਹਨ, ਜਿਸ ਲਈ ਉਨਾਂ ਨੂੰ ਅੱਗੇ ਆਉਣਾ ਚਾਹੀਦਾ ਹੈ। ਉਨਾਂ ਕਿਹਾ ਕਿ ਪੰਜਾਬ ਸਰਕਾਰ ਜਲਦ ਹੀ ਇਸ ਪ੍ਰਸਤਾਵ ਨੂੰ ਹਕੀਕਤ ਵਿੱਚ ਬਦਲਣ ਲਈ ਯਤਨ ਕਰ ਰਹੀ ਹੈ। ਇਸ ਸੰਬੰਧੀ ਬੋਰਡਾਂ ਦੇ ਮੁੱਖੀਆਂ ਅਤੇ ਵਪਾਰਕ ਘਰਾਣਿਆਂ ਨਾਲ ਮੀਟਿੰਗਾਂ ਕੀਤੀਆਂ ਜਾਣਗੀਆਂ।
ਪੱਤਰਕਾਰਾਂ ਵੱਲੋਂ ਪੁੱਛੇ ਜਾਣ ‘ਤੇ ਉਨਾਂ ਕਿਹਾ ਕਿ ਪੰਜਾਬ ਖੇਡ ਵਿਭਾਗ ਅਤੇ ਖ਼ਿਡਾਰੀਆਂ ਦਾ ਪਹਿਲਾ ਨਿਸ਼ਾਨਾ ਹੁਣ ਰਾਸ਼ਟਰੀ ਖੇਡਾਂ ਹਨ, ਜਿਨਾਂ ਵਿੱਚ ਪੰਜਾਬ ਦੇ ਪ੍ਰਦਰਸ਼ਨ ਵਿੱਚ ਸੁਧਾਰ ਕਰਨਾ ਹੈ, ਇਸ ਤੋਂ ਬਾਅਦ ਅੰਤਰਰਾਸ਼ਟਰੀ ਅਤੇ ਉਲੰਪਿਕ ਪੱਧਰ ‘ਤੇ ਪੰਜਾਬੀ ਖ਼ਿਡਾਰੀਆਂ ਦਾ ਵਧੀਆ ਪ੍ਰਦਰਸ਼ਨ ਯਕੀਨੀ ਬਣਾਉਣ ਲਈ ਢੁੱਕਵੀਂ ਤਿਆਰੀ ਕਰਵਾਈ ਜਾਵੇਗੀ। ਉਨਾਂ ਕਿਹਾ ਕਿ ਪੰਜਾਬ ਦੇ ਖਿਡਾਰੀਆਂ ਦੀਆਂ ਖੇਡਾਂ ਅਤੇ ਖੁਰਾਕ ਲੋਡ਼ਾਂ ਨੂੰ ਪੂਰਾ ਕਰਨ ਲਈ ਪੰਜਾਬ ਸਰਕਾਰ ਵੱਲੋਂ ਵਿਸ਼ੇਸ਼ ਫੰਡ ਕਾਇਮ ਕੀਤਾ ਜਾਵੇਗਾ। ਖ਼ਿਡਾਰੀ ਨੂੰ ਉਸਦੀ ਯੋਗਤਾ ਅਤੇ ਪ੍ਰਦਰਸ਼ਨ ਮੁਤਾਬਿਕ ਨੌਕਰੀ ਮੁਹੱਈਆ ਕਰਵਾਈ ਜਾਵੇਗੀ। ਇਸ ਮੌਕੇ ਉਨਾਂ ਐਲਾਨ ਕੀਤਾ ਕਿ ਜਲਦ ਹੀ ਲੁਧਿਆਣਾ ਦੇ ਸਟੇਡੀਅਮ ਵਿਖੇ ਐਸਟਰੋਟਰਫ਼ ਦੀ ਮੁਰੰਮਤ ਕਰਵਾਈ ਜਾਵੇਗੀ ਅਤੇ ਇੰਡੋਰ ਸਟੇਡੀਅਮ ਨੂੰ ਮੁਕੰਮਲ ਕਰਨ ਲਈ ਰਹਿੰਦੀਆਂ ਬੁਨਿਆਦੀ ਕਮੀਆਂ ਨੂੰ ਪੂਰਾ ਕੀਤਾ ਜਾਵੇਗਾ।

 

ਸਮਾਗਮ ਨੂੰ ਸੰਬੋਧਨ ਕਰਦਿਆਂ ਰਾਣਾ ਸੋਢੀ ਨੇ ਕਿਹਾ ਕਿ ਸਿੱਖ ਇਤਿਹਾਸ ਵਿੱਚ ਮਹਾਰਾਜਾ ਜੱਸਾ ਸਿੰਘ ਰਾਮਗਡ਼ੀਆ ਅਤੇ ਹੋਰ ਸਿੱਖ ਸਰਦਾਰਾਂ ਦੀਆਂ ਬਹਾਦਰੀਆਂ ਦੀਆਂ ਮਿਸਾਲਾਂ ਸੁਨਹਿਰੀ ਅੱਖਰਾਂ ਵਿੱਚ ਦਰਜ ਹਨ। ਸਿੱਖ ਪੰਥ ਦੀ ਸਥਾਪਨਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਕੀਤੀ ਪਰ ਸਿੱਖ ਪੰਥ ਨੂੰ ਮਜ਼ਬੂਤੀ ਵੱਖ-ਵੱਖ ਮਿਸਲਾਂ ਅਤੇ ਹੋਰ ਸਿੱਖ ਆਗੂਆਂ ਨੇ ਦਿੱਤੀ। ਉਨਾਂ ਕਿਹਾ ਕਿ ਜੱਸਾ ਸਿੰਘ ਰਾਮਗਡ਼ੀਆ ਵੱਲੋਂ ਸਿੱਖ ਭਾਈਚਾਰੇ ਦੀ ਮਜ਼ਬੂਤੀ ‘ਚ ਮਹਾਨ ਯੋਗਦਾਨ ਪਾਇਆ ਗਿਆ। ਉਨਾਂ ਦਾ ਜੀਵਨ ਸਾਡੇ ਲਈ ਇੱਕ ਚਾਨਣ ਮੁਨਾਰਾ ਹੈ। ਸਾਨੂੰ ਸਭ ਨੂੰ ਉਨਾਂ ਦੇ ਜੀਵਨ ਤੋਂ ਸਿੱਖਿਆ ਲੈਣੀ ਚਾਹੀਦੀ ਹੈ। ਇਸ ਮੌਕੇ ਉਨਾਂ ਰਾਮਗਡ਼ੀਆ ਭਾਈਚਾਰੇ ਦੀ ਮੰਗ ‘ਤੇ ਭਾਈਚਾਰੇ ਦੀ ਭਲਾਈ ਲਈ 15 ਲੱਖ ਰੁਪਏ ਦੀ ਗਰਾਂਟ ਜਾਰੀ ਕਰਨ ਦਾ ਐਲਾਨ ਕੀਤਾ।
ਵਿਸ਼ੇਸ਼ ਮਹਿਮਾਨ ਵਜੋਂ ਪੁੱਜੇ ਮੈਂਬਰ ਲੋਕ ਸਭਾ ਸ੍ਰੀ ਰਵਨੀਤ ਸਿੰਘ ਬਿੱਟੂ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਿੱਖਾਂ ਅਤੇ ਪੰਜਾਬੀਆਂ ਦੀਆਂ ਬਹਾਦਰੀ ਦੀਆਂ ਮਿਸਾਲਾਂ ਵਿਸ਼ਵ ਵਿੱਚ ਹੋਰ ਕਿਤੇ ਨਹੀਂ ਮਿਲਦੀਆਂ। ਪੰਜਾਬ ਸਰਕਾਰ ਅਤੇ ਕਾਂਗਰਸ ਪਾਰਟੀ ਇਤਿਹਾਸ ਅਤੇ ਪੰਜਾਬੀਆਂ ਦੀਆਂ ਬਹਾਦਰੀ ਦੀਆਂ ਮਿਸਾਲਾਂ ਨੂੰ ਸੰਭਾਲਣ ਲਈ ਵਚਨਬੱਧ ਹੈ। ਬਿੱਟੂ ਨੇ ਲੁਧਿਆਣਾ ਦੇ ਗੁਰੂ ਨਾਨਕ ਸਟੇਡੀਅਮ ਦੀ ਐਸਟਰੋਟਰਫ਼ ਨੂੰ ਨਵਿਆਉਣ ਸਮੇਤ ਹੋਰ ਮੰਗਾਂ ਵੀ ਰਾਣਾ ਸੋਢੀ ਮੂਹਰੇ ਰੱਖੀਆਂ। ਸਮਾਗਮ ਨੂੰ ਉਪਰੋਕਤ ਤੋਂ ਇਲਾਵਾ ਵਿਧਾਇਕ  ਕੁਲਦੀਪ ਸਿੰਘ ਵੈਦ, ਜ਼ਿਲਾ ਕਾਂਗਰਸ ਪ੍ਰਧਾਨ  ਗੁਰਦੇਵ ਸਿੰਘ ਲਾਪਰਾਂ, ਸੀਨੀਅਰ ਕਾਂਗਰਸੀ ਆਗੂ  ਕਮਲਜੀਤ ਸਿੰਘ ਕਡ਼ਵਲ ਅਤੇ ਹੋਰਾਂ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਰਾਮਗਡ਼ੀਆ ਭਾਈਚਾਰੇ ਦੀਆਂ ਉੱਘੀਆਂ ਸਖ਼ਸ਼ੀਅਤਾਂ ਦਰਸ਼ਨ ਸਿੰਘ ਲੋਟੇ, ਰਣਧੀਰ ਸਿੰਘ ਦਹੇਲੇ, ਰਣਜੀਤ ਸਿੰਘ ਮਠਾਡ਼ੂ ਅਤੇ ਸੁਰਿੰਦਰ ਸਿੰਘ ਨਾਮਧਾਰੀ (ਮੈਪਕੋ) ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ।
ਇਸ ਤੋਂ ਪਹਿਲਾਂ ਰਾਣਾ ਗੁਰਮੀਤ ਸਿੰਘ ਸੋਢੀ ਨੂੰ ਕੈਬਨਿਟ ਮੰਤਰੀ ਬਣਨ ਉਪਰੰਤ ਜ਼ਿਲਾ ਲੁਧਿਆਣਾ ਵਿਖੇ ਪਹਿਲੀ ਵਾਰ ਪਹੁੰਚਣ ‘ਤੇ ‘ਗਾਰਡ ਆਫ਼ ਆਨਰ’ ਪੇਸ਼ ਕੀਤਾ ਗਿਆ। ਇਸ ਮੌਕੇ ਡਿਪਟੀ ਕਮਿਸ਼ਨਰ  ਪ੍ਰਦੀਪ ਕੁਮਾਰ ਅਗਰਵਾਲ, ਪੁਲਿਸ ਕਮਿਸ਼ਨਰ ਸੁਖਚੈਨ ਸਿੰਘ ਗਿੱਲ ਅਤੇ ਹੋਰ ਹਾਜ਼ਰ ਸਨ।
ਸਮਾਗਮ ਦੌਰਾਨ ਵਿਧਾਇਕ  ਸੰਜੇ ਤਲਵਾਡ਼, ਸਾਬਕਾ ਮੰਤਰੀ  ਮਲਕੀਅਤ ਸਿੰਘ ਦਾਖਾ, ਮੇਅਰ ਬਲਕਾਰ ਸਿੰਘ, ਸੀਨੀਅਰ ਡਿਪਟੀ ਮੇਅਰ  ਸ਼ਾਮ ਸੁੰਦਰ ਮਲਹੋਤਰਾ, ਡਿਪਟੀ ਮੇਅਰ  ਸਰਬਜੀਤ ਕੌਰ, ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਅਗਰਵਾਲ, ਪੁਲਿਸ ਕਮਿਸ਼ਨਰ ਸੁਖਚੈਨ ਸਿੰਘ ਗਿੱਲ, ਸੀਨੀਅਰ ਕਾਂਗਰਸੀ ਆਗੂ ਅਮਰਜੀਤ ਸਿੰਘ ਟਿੱਕਾ, ਜ਼ਿਲਾ ਪ੍ਰਧਾਨ ਗੁਰਪ੍ਰੀਤ ਸਿੰਘ ਗੋਗੀ, .ਮੇਜਰ ਸਿੰਘ ਭੈਣੀ, ਪਵਨ ਦੀਵਾਨ, ਕ੍ਰਿਸ਼ਨ ਕੁਮਾਰ ਬਾਵਾ, ਸਤਵਿੰਦਰ ਕੌਰ ਬਿੱਟੀ,  ਬਲਵੰਤ ਸਿੰਘ ਸ਼ੇਰਗਿੱਲ, ਕੁਲਵੰਤ ਸਿੰਘ ਸਿੱਧੂ,  ਆਨੰਦ ਸਰੂਪ ਸਿੰਘ ਮੋਹੀ, ਨਰੇਸ਼ ਧੀਂਗਾਨ, ਹਰਜਿੰਦਰ ਸਿੰਘ ਢੀਂਡਸਾ ਸਹਾਇਕ ਮੈਂਬਰ ਲੋਕ ਸਭਾ, ਸੁਖਵਿੰਦਰ ਸਿੰਘ ਰਾਜਾ ਬਿੰਦਰਾ, ਕੌਂਸਲਰ  ਹਰਕਰਨ ਸਿੰਘ ਵੈਦ, ਤੇਜਿੰਦਰ ਸਿੰਘ ਲਾਡੀ ਸਰਪੰਚ ਜੱਸਡ਼, ਤਰਲੋਚਨ ਸਿੰਘ ਲਲਤੋਂ, ਮਹਿਲਾ ਆਗੂ  ਸ਼ਸ਼ੀ ਸੂਦ,  ਰੇਸ਼ਮ ਸਿੰਘ ਸੱਗੂ ਅਤੇ ਹੋਰ ਵੱਡੀ ਗਿਣਤੀ ਵਿੱਚ ਹਾਜ਼ਰ ਸਨ।

17990cookie-checkਵਪਾਰਕ ਘਰਾਣੇ ਅਤੇ ਬੋਰਡ ਖਿਡਾਰੀਆਂ ਨੂੰ ਅਪਨਾਉਣ ਲਈ ਅੱਗੇ ਆਉਣ-ਖੇਡ ਮੰਤਰੀ

Leave a Reply

Your email address will not be published. Required fields are marked *

error: Content is protected !!