![]()

ਲੁਧਿਆਣਾ, 29 ਅਪ੍ਰੈਲ ( ਸਤ ਪਾਲ ਸੋਨੀ ) : ਗ਼ਰੀਬ ਪਰਿਵਾਰਾਂ ਨੂੰ ਚੰਗੀਆਂ ਸਿਹਤ ਸਹੂਲਤਾਂ ਪ੍ਰਦਾਨ ਕਰਨ ਦੇ ਮੰਤਵ ਨਾਲ ਸ਼ੁਰੂ ਕੀਤੀ ਜਾ ਰਹੀ ਪ੍ਰਧਾਨ ਮੰਤਰੀ ਰਾਸ਼ਟਰੀਆ ਸਵਾਸਥ ਸੁਰਕਸ਼ਾ ਮਿਸ਼ਨ ਅਧੀਨ 5 ਲੱਖ ਰੁਪਏ ਪ੍ਰਤੀ ਸਾਲ ਦਾ ਬੀਮਾ ਯੋਜਨਾ ਬਾਰੇ ਸਬੰਧਤ ਪਰਿਵਾਰਾਂ ਨੂੰ ਜਾਣਕਾਰੀ ਦੇਣ ਦੇ ਮੰਤਵ ਨਾਲ ਸਿਹਤ ਵਿਭਾਗ ਵੱਲੋਂ ਉਪਰਾਲੇ ਕੀਤੇ ਜਾ ਰਹੇ ਹਨ, ਜਿਸ ਸਬੰਧੀ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਡਾ. ਸ਼ੇਨਾ ਅਗਰਵਾਲ ਨੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਇਸ ਸਕੀਮ ਦੇ ਲਾਭਪਾਤਰੀਆਂ ਨੂੰ ਇਸ ਬਾਰੇ ਵਿਸਥਾਰਪੂਰਵਕ ਜਾਣਕਾਰੀ ਦੇਣ ਤਾਂ ਜੋ ਉਹ ਸਰਕਾਰ ਵੱਲੋਂ ਚਲਾਈਆਂ ਜਾਂਦੀਆਂ ਭਲਾਈ ਸਕੀਮਾਂ ਦਾ ਵੱਧ ਤੋਂ ਵੱਧ ਲਾਭ ਪ੍ਰਾਪਤ ਕਰ ਸਕਣ।
ਉਨਾਂ ਕਿਹਾ ਕਿ ਇਸ ਸਕੀਮ ਅਧੀਨ ਆਉਂਦੇ ਪਰਿਵਾਰਾਂ ਦਾ 5 ਲੱਖ ਦਾ ਸਿਹਤ ਬੀਮਾ ਕੀਤਾ ਜਾਵੇਗਾ ਅਤੇ ਇਸ ਵਿੱਚ ਪਰਿਵਾਰ ਦੇ ਮੈਂਬਰਾਂ ਦੀ ਗਿਣਤੀ ਸਬੰਧੀ ਕੋਈ ਬੰਦਿਸ਼ ਨਹੀਂ ਹੈ ਅਤੇ ਸਰਕਾਰੀ ਰਿਕਾਰਡ ਵਿੱਚ ਸ਼ਾਮਿਲ ਸਾਰੇ ਯੋਗ ਮੈਂਬਰ ਇਸ ਸਕੀਮ ਵਿੱਚ ਸ਼ਾਮਿਲ ਹੋਣਗੇ। ਇਸ ਵਿੱਚ ਕਿਸੇ ਨਵੇਂ ਪਰਿਵਾਰ ਦਾ ਵਾਧਾ-ਘਾਟਾ ਨਹੀਂ ਕੀਤਾ ਜਾਵੇਗਾ ਤੇ ਇਹ 2011 ਦੀ ਜਨਗਣਨਾ ‘ਤੇ ਅਧਾਰਿਤ ਹੋਵੇਗੀ।ਉਨਾਂ ਦੱਸਿਆ ਕਿ ਸਕੀਮ ਦੇ ਲਾਭਪਾਤਰੀ ਪਰਿਵਾਰ ਹਸਪਤਾਲਾਂ ਵਿੱਚ ਮੁਫ਼ਤ ਇਲਾਜ ਕਰਵਾ ਸਕਣਗੇ। ਉਨਾਂ ਸਿਵਲ ਸਰਜਨ ਨੂੰ ਕਿਹਾ ਕਿ ਬਲਾਕ ਪੱਧਰ ‘ਤੇ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਤੇ ਸਬੰਧਤ ਐਸ.ਐਮ.ਓਜ਼ ਵੀ ਲੋਕਾਂ ਨੂੰ ਇਸ ਸਕੀਮ ਬਾਰੇ ਵੱਧ ਤੋਂ ਵੱਧ ਜਾਗਰੂਕ ਕਰਨ। ਉਨਾਂ ਦੱਸਿਆ ਕਿ ਇਸ ਸਬੰਧੀ ਬੀ.ਡੀ.ਪੀ.ਓ. ਤੇ ਐਸ.ਐਮ.ਓ. ਨੂੰ ਪਿੰਡਾਂ ਦੇ ਲਾਭਪਾਤਰੀਆਂ ਦੀਆਂ ਲਿਸਟਾਂ ਸੌਂਪੀਆਂ ਜਾ ਚੁੱਕੀਆਂ ਹਨ। ਪਹਿਲੇ ਗੇਡ਼ ਵਿੱਚ ਪੇਂਡੂ ਖੇਤਰਾਂ ਵਿੱਚ ਇਹ ਯੋਜਨਾ ਚਲਾਈ ਜਾ ਰਹੀ ਹੈ, ਜਦਕਿ ਸ਼ਹਿਰੀ ਖੇਤਰਾਂ ਵਿੱਚ ਇਹ ਯੋਜਨਾ ਬਾਅਦ ਵਿੱਚ ਚਲਾਈ ਜਾਵੇਗੀ।
ਇਸ ਮੌਕੇ ਸਿਵਲ ਸਰਜਨ ਡਾ. ਪਰਵਿੰਦਰਪਾਲ ਸਿੰਘ ਸਿੱਧੂ ਨੇ ਦੱਸਿਆ ਕਿ 30 ਅਪ੍ਰੈਲ ਨੂੰ ਆਯੂਸ਼ਮਾਨ ਭਾਰਤ ਦਿਵਸ ਮੌਕੇ ਪਿੰਡਾਂ ਵਿੱਚ ਗ੍ਰਾਮ ਸਭਾਵਾਂ ਦਾ ਆਯੋਜਨ ਕਰਕੇ ਯੋਗ ਪਰਿਵਾਰਾਂ ਦੀ ਸੂਚੀ ਅਨੁਸਾਰ ਪਰਿਵਾਰਾਂ ਨੂੰ ਜਾਗਰੂਕ ਕਰਨ ਵਾਸਤੇ ਇਨਾਂ ਗ੍ਰਾਮ ਸਭਾਵਾਂ ਵਿੱਚ ਸ਼ਾਮਿਲ ਕੀਤਾ ਜਾਵੇਗਾ ਤਾਂ ਜੋ ਜ਼ਿਲੇ ਦਾ ਕੋਈ ਵੀ ਨਾਗਰਿਕ ਇਸ ਸਕੀਮ ਦਾ ਲਾਭ ਲੈਣ ਤੋਂ ਵਾਂਝਾ ਨਾ ਰਹੇ। ਉਨਾਂ ਦੱਸਿਆ ਕਿ ਇਸ ਸਕੀਮ ਅਧੀਨ ਪ੍ਰਤੀ ਪਰਿਵਾਰ ਪ੍ਰਤੀ ਸਾਲ 5 ਲੱਖ ਰੁਪਏ ਦਾ ਬੀਮਾ ਕੀਤਾ ਜਾਵੇਗਾ ਅਤੇ ਸਕੀਮ ਦੇ ਲਾਭਪਾਤਰੀ ਦੇਸ਼ ਦੇ ਕਿਸੇ ਵੀ ਸਥਾਨ ‘ਤੇ ਸਾਰੀਆਂ ਜਨਤਕ ਜਾਂ ਸੂਚੀ ਵਿੱਚ ਸ਼ਾਮਿਲ ਨਿੱਜੀ ਹਸਪਤਾਲਾਂ ਵਿੱਚ ਜਾ ਕੇ ਕੈਸ਼ਲੈਸ ਇਲਾਜ ਕਰਵਾ ਸਕਦੇ ਹਨ। ਉਨਾਂ ਦੱਸਿਆ ਕਿ ਯੋਗ ਲਾਭਪਾਤਰਾਂ ਦਾ ਕਾਰਡ ਬਣਾਇਆ ਜਾਵੇਗਾ ਜਿਸ ਨੂੰ ਵਿਖਾ ਕੇ ਮੁਫ਼ਤ ਇਲਾਜ ਕਰਵਾਇਆ ਜਾ ਸਕੇਗਾ। ਉਨਾਂ ਦੱਸਿਆ ਕਿ 30 ਅਪ੍ਰੈਲ ਨੂੰ ਗ੍ਰਾਮ ਸਭਾਵਾਂ ਰਾਹੀਂ ਯੋਗ ਪਰਿਵਾਰਾਂ ਨੂੰ ਇਸ ਸਕੀਮ ਬਾਰੇ ਬੀ.ਡੀ.ਪੀ.ਓਜ਼ ਤੇ ਐਸ.ਐਮ.ਓਜ਼ ਜਾਗਰੂਕ ਕਰਨਗੇ ਅਤੇ ਜਿਹਡ਼ੇ ਪਰਿਵਾਰ 30 ਅਪ੍ਰੈਲ ਦੀਆਂ ਗ੍ਰਾਮ ਸਭਾਵਾਂ ਵਿੱਚ ਹਾਜ਼ਰ ਨਹੀਂ ਹੋਣਗੇ,ਉਨਾਂ ਨੂੰ ਜਾਗਰੂਕ ਕਰਨ ਲਈ 1 ਮਈ ਤੋਂ 7 ਮਈ ਤੱਕ ਘਰ-ਘਰ ਜਾ ਕੇ ਸਕੀਮ ਦੇ ਫਾਰਮ ਭਰਵਾਏ ਜਾਣਗੇ ਅਤੇ ਸਕੀਮ ਬਾਰੇ ਜਾਗਰੂਕ ਕੀਤਾ ਜਾਵੇਗਾ।