![]()

-ਨੌਜਵਾਨ, ਏਜੰਟਾਂ ਅਤੇ ਠੱਗਾਂ ਦੇ ਬਹਿਕਾਵੇ ਵਿੱਚ ਨਾ ਆਉਣ- ਏ.ਕੇ. ਰਾਣੌਤ
ਲੁਧਿਆਣਾ, 04 ਅਪ੍ਰੈੱਲ ( ਸਤ ਪਾਲ ਸੋਨੀ ) : ਸਥਾਨਕ ਢੋਲੇਵਾਲ ਮਿਲਟਰੀ ਕੈਂਪ ਵਿਖੇ ਅੱਜ ਚਾਰ ਜ਼ਿਲਿਆਂ ਦੇ ਨੌਜਵਾਨਾਂ ਨੂੰ ਭਾਰਤੀ ਫੌਜ ਵਿੱਚ ਭਰਤੀ ਕਰਨ ਲਈ ਭਰਤੀ ਰੈਲੀ ਸ਼ੁਰੁ ਹੋਈ, ਜੋ ਕਿ 08 ਅਪ੍ਰੈੱਲ, 2018 ਤੱਕ ਚੱਲੇਗੀ। ਇਸ ਰੈਲੀ ਵਿੱਚ ਜ਼ਿਲਾ ਲੁਧਿਆਣਾ, ਮੋਗਾ, ਰੂਪਨਗਰ ਅਤੇ ਅਜੀਤਗੜ (ਮੋਹਾਲੀ) ਦੇ ਨੌਜਵਾਨ ਹਿੱਸਾ ਲੈ ਰਹੇ ਹਨ।
ਰੈਲੀ ਦੇ ਪਹਿਲੇ ਦਿਨ ਮੁੱਖ ਮਹਿਮਾਨ ਵਜੋਂ ਕਰਨਲ ਏ.ਕੇ. ਰਾਣੌਤ, ਡਾਇਰੈਕਟਰ ਰਿਕਰੂਟਿੰਗ (ਪੰਜਾਬ ਅਤੇ ਜੰਮੂ ਕਸ਼ਮੀਰ) ਸ਼ਾਮਿਲ ਹੋਏ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨਾਂ ਦੱਸਿਆ ਕਿ ਇਸ ਭਰਤੀ ਲਈ ਚਾਰ ਜ਼ਿਲਿਆਂ ਤੋਂ 15,134 ਨੌਜਵਾਨਾਂ ਨੇ ਆਨਲਾਈਨ ਅਪਲਾਈ ਕੀਤਾ ਹੈ।

ਉਨਾਂ ਕਿਹਾ ਕਿ ਜੋ ਉਮੀਦਵਾਰ ਸਰੀਰਕ ਸਮਰੱਥਾ ਪ੍ਰੀਖਿਆ ਵਿੱਚ ਪਾਸ ਹੋ ਰਹੇ ਹਨ, ਉਨਾਂ ਦੇ ਸਰੀਰ ਦੀ ਮਿਣਤੀ ਅਤੇ ਮੈਡੀਕਲ ਜਾਂਚ ਕਰਨ ਉਪਰੰਤ ਕਾਗਜ਼ਾਤ ਚੈੱਕ ਕੀਤੇ ਜਾ ਰਹੇ ਹਨ। ਸ਼ੱਕੀ ਉਮੀਦਵਾਰਾਂ ਦੇ ਮਾਹਿਰ ਡਾਕਟਰਾਂ ਵੱਲੋਂ ਡੋਪ ਟੈਸਟ ਵੀ ਕੀਤੇ ਜਾ ਰਹੇ ਹਨ। ਇਸ ਪੂਰੀ ਪ੍ਰਕਿਰਿਆ ਦੌਰਾਨ ਸਫ਼ਲ ਰਹਿਣ ਵਾਲੇ ਉਮੀਦਵਾਰਾਂ ਦੀ 27 ਮਈ, 2018 ਨੂੰ ਲਿਖ਼ਤੀ ਪ੍ਰੀਖਿਆ ਲਈ ਜਾਵੇਗੀ। ਮੈਰਿਟ ਵਿੱਚ ਆਉਣ ਵਾਲੇ ਉਮੀਦਵਾਰਾਂ ਨੂੰ ਫੌਜ ਦਾ ਹਿੱਸਾ ਬਣਾਉਣ ਤੋਂ ਪਹਿਲਾਂ ਸਿਖ਼ਲਾਈ ਲਈ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਭੇਜਿਆ ਜਾਵੇਗਾ। ਸ੍ਰੀ ਰਾਣੌਤ ਨੇ ਕਿਹਾ ਕਿ ਇਹ ਭਰਤੀ ਪ੍ਰਕਿਰਿਆ ਪੂਰੀ ਤਰਾਂ ਕੰਪਿਊਟਰਾਈਜ਼ਡ ਅਤੇ ਪਾਰਦਰਸ਼ਤਾ ਨਾਲ ਕੀਤੀ ਜਾ ਰਹੀ ਹੈ। ਜਿਸ ਦੀ ਨਿਗਰਾਨੀ ਫੌਜ ਦੇ ਅਲੱਗ-ਅਲੱਗ ਬੋਰਡਾਂ ਦੇ ਸੀਨੀਅਰ ਅਫ਼ਸਰਾਂ ਵੱਲੋਂ ਕੀਤੀ ਜਾ ਰਹੀ ਹੈ। ਉਨਾਂ ਨੌਜਵਾਨਾਂ ਨੂੰ ਸੱਦਾ ਦਿੱਤਾ ਕਿ ਉਹ ਭਰਤੀ ਸੰਬੰਧੀ ਧੋਖੇਬਾਜ਼ ਏਜੰਟਾਂ ਅਤੇ ਠੱਗਾਂ ਦੇ ਬਹਿਕਾਵੇ ਵਿੱਚ ਨਾ ਆਉਣ ਅਤੇ ਭਾਰਤੀ ਫੌਜ ਦਾ ਹਿੱਸਾ ਬਣਨ ਲਈ ਪੂਰੇ ਦਿਲੋ ਜਾਨ ਨਾਲ ਕੋਸ਼ਿਸ਼ ਕਰਨ।
ਉਨਾਂ ਸਥਾਨਕ ਮਿਲਟਰੀ ਸਟੇਸ਼ਨ ਦੇ ਅਮਲੇ, ਡਿਪਟੀ ਕਮਿਸ਼ਨਰ, ਪੁਲਿਸ ਕਮਿਸ਼ਨਰ, ਬਿਜਲੀ ਵਿਭਾਗ ਅਤੇ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵੱਲੋਂ ਦਿੱਤੇ ਜਾ ਰਹੇ ਸਹਿਯੋਗ ਲਈ ਧੰਨਵਾਦ ਕੀਤਾ।