November 24, 2024

Loading

ਚੜ੍ਹਤ ਪੰਜਾਬ ਦੀ, ਲੁਧਿਆਣਾ, (ਸਤ ਪਾਲ ਸੋਨੀ) : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਜਨਰਲ ਸਕੱਤਰ ਗੁਰਚਰਨ ਸਿੰਘ ਗਰੇਵਾਲ ਦਾ  ਗੁਰੂ ਘਰਾਂ, ਇਸ ਅਧੀਨ ਕੰਮ ਕਰਦੇ ਵਿਦਿਅਕ ਅਦਾਰਿਆਂ ਵਿੱਚ ਸਨਮਾਨ ਹਿਤ ਪੁਸਤਕਾਂ ਭੇਂਟ ਕਰਨ ਰਾਹੀਂ ਸਾਹਿੱਤ ਪਸਾਰ ਸੇਵਾਵਾਂ ਲਈ ਪੰਜਾਬੀ ਲੋਕ ਵਿਰਾਸਤ ਅਕਾਡਮੀ ਵੱਲੋਂ ਸਨਮਾਨਿਤ ਕੀਤਾ ਗਿਆ।
ਸਨਮਾਨਿਤ ਕਰਦਿਆਂ ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋਃ ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਲਗਪਗ ਸੌ ਸਾਲਾ ਇਤਿਹਾਸ ਵਿੱਚ ਸ਼ਬਦ ਸੱਭਿਆਚਾਰ ਦਾ ਪ੍ਰਕਾਸ਼ ਕਰਨ ਹਿਤ ਇਹ ਇਨਕਲਾਬੀ ਫ਼ੈਸਲਾ ਹੈ ਜਿਸ ਨਾਲ ਸ਼ਾਸਤਰ ਦੀ ਸਰਦਾਰੀ ਲਈ ਮਾਹੌਲ ਉੱਸਰੇਗਾ। ਉਨ੍ਹਾਂ ਕਿਹਾ ਕਿ ਹਰ ਪੰਜਾਬੀ ਦੇ ਘਰ ਵਿੱਚ ਸਾਹਿੱਤ, ਧਰਮ, ਸੱਭਿਆਚਾਰ ਅਤੇ ਵਿਰਾਸਤ ਨਾਲ ਸਬੰਧਿਤ ਪੁਸਤਕਾਂ ਦੀ ਅਲਮਾਰੀ ਜ਼ਰੂਰ ਹੋਣੀ ਚਾਹੀਦੀ ਹੈ ਤਾਂ ਜੋ ਨਵੀਂ ਪਨੀਰੀ ਨੂੰ ਕਿਤਾਬਾਂ ਨਾਲ ਸਨੇਹ ਵਾਲਾ ਮਾਹੌਲ ਮਿਲੇ। ਪ੍ਰੋਂਃ ਗੁਰਭਜਨ ਸਿੰਘ ਗਿੱਲ ਨੇ ਸੁਝਾਅ ਦਿੱਤਾ ਕਿ ਸ਼੍ਰੋਮਣੀ ਕਮੇਟੀ ਅਧੀਨ ਆਉਂਦੇ ਸਾਰੇ ਇਤਿਹਾਸਕ ਗੁਰੂ ਘਰਾਂ ਵਿੱਚ ਰੀਡਿੰਗ ਰੂਮ ਤੇ ਲਾਇਬਰੇਰੀਆਂ ਵੀ ਉਸਾਰੀਆਂ ਜਾਣ ਤਾਂ ਜੋ ਯਾਤਰੂ ਵੀ ਉਥੇ ਬੈਠ ਕੇ ਗਿਆਨਵਾਨ ਹੋ ਸਕਣ। ਸ਼੍ਰੋਮਣੀ ਕਮੇਟੀ  ਵੱਲੋਂ ਪ੍ਰਕਾਸ਼ਿਤ ਸਾਹਿੱਤ ਦੀ ਪਹੁੰਚ ਵੀ ਪਿੰਡ ਪੱਧਰ ਤੀਕ ਯਕੀਨੀ ਬਣਾਈ ਜਾਵੇ।
ਟੋਰੰਟੋ ਤੋਂ ਆਏ ਪ੍ਰਸਿੱਧ ਪੱਤਰਕਾਰ ਤੇ ਕੌਮਾਂਤਰੀ ਸਾਹਿੱਤ ਕਲਾ ਪਰਿਸ਼ਦ ਦੇ ਜਨਰਲ ਸਕੱਤਰ ਸਤਿਬੀਰ ਸਿੰਘ ਸਿੱਧੂ ਨੇ ਗੁਰਚਰਨ ਸਿੰਘ ਗਰੇਵਾਲ ਨੂੰ ਸ਼੍ਰੋਮਣੀ ਕਮੇਟੀ ਦਾ ਜਨਰਲ ਸਕੱਤਰ ਬਣਨ ਤੇ ਪਰਵਾਸੀ ਪੰਜਾਬੀਆਂ ਵੱਲੋਂ ਮੁਬਾਰਕ ਦਿੰਦਿਆਂ ਸਲਾਹ ਦਿੱਤੀ ਕਿ  ਬਦੇਸ਼ਾਂ ਚ ਵੱਸਦੀ ਪੰਜਾਬੀਆਂ ਦੀ ਨਵੀਂ ਪੀੜ੍ਹੀ ਲਈ ਧਾਰਮਿਕ ਪੁਸਤਕਾਂ ਨੂੰ ਅੰਗਰੇਜ਼ੀ ਵਿੱਚ ਅਨੁਵਾਦ ਕਰਕੇ ਔਨਲਾਈਨ ਮੁਹੱਈਆ ਕਰਵਾਇਆ ਜਾਵੇ। ਇਸ ਨਾਲ ਸਿੱਕੇਬੰਦ ਗਿਆਨ ਵਿਸ਼ਵ ਪੱਧਰ ਤੇ ਪੜ੍ਹਿਆ ਜਾ ਸਕੇਗਾ। ਪਹਿਲਾਂ  ਪ੍ਰਕਾਸ਼ਿਤ ਪੁਸਤਕਾਂ  ਦੀ ਪੀ ਡੀ ਐੱਫ ਕਾਪੀ ਦਾ ਔਨਲਾਈਨ ਪੈਣਾ ਵੀ ਸਾਹਿੱਤ ਪ੍ਰਚਾਰ ਪਸਾਰ ਵਿੱਚ ਵੱਡਾ ਯੋਗਦਾਨ ਪਾ ਸਕਦੀ ਹੈ।
 ਗੁਰਚਰਨ ਸਿੰਘ ਗਰੇਵਾਲ ਨੂੰ ਇਸ ਮੌਕੇ ਪ੍ਰੋਃ ਗੁਰਭਜਨ ਸਿੰਘ ਗਿੱਲ,ਉਨ੍ਹਾਂ ਦੀ ਜੀਵਨ ਸਾਥਣ ਜਸਵਿੰਦਰ ਕੌਰ,ਸਤਿਬੀਰ ਸਿੰਘ ਤੇ ਚੰਡੀਗੜ੍ਹ ਆਧਾਰਿਤ ਸੀਨੀਅਰ ਪੱਤਰਕਾਰ ਪਰਮਿੰਦਰ ਸਿੰਘ ਜੱਟਪੁਰੀ ਨੇ ਪੰਜਾਬੀ ਲੋਕ ਵਿਰਾਸਤ ਅਕਾਡਮੀ ਵੱਲੋਂ ਸਨਮਾਨਿਤ ਕੀਤਾ ਗਿਆ।
ਧੰਨਵਾਦ ਕਰਦਿਆਂ ਗੁਰਚਰਨ ਸਿੰਘ ਗਰੇਵਾਲ ਨੇ ਕਿਹਾ ਕਿ ਆਪਣੇ ਪਰਿਵਾਰ ਵੱਲੋਂ ਸ਼ੁਭ ਕਾਰਜ ਲਈ ਮਾਣ ਮਿਲਣਾ ਤੇ ਸੁਝਾਅ ਪ੍ਰਾਪਤੀ ਮੇਰਾ ਸੁਭਾਗ ਹੈ। ਇਨ੍ਹਾਂ ਸੁਝਾਵਾਂ ਤੇ ਸਲਾਹਾਂ ਨੂੰ ਨੇੜ ਭਵਿੱਖ ਵਿੱਚ ਸ਼੍ਰੋਮਣੀ ਕਮੇਟੀ ਕਾਰਜਕਾਰਨੀ ਨਾਲ ਸਾਂਝਾ ਕਰਕੇ ਲਾਗੂ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਜਾਵੇਗੀ ਤਾਂ ਜੋ ਸ਼ਬਦ ਸੱਭਿਆਚਾਰ ਦੀ ਉਸਾਰੀ ਰਾਹੀਂ ਗੁਰੂ ਆਸ਼ੇ ਅਨੁਕੂਲ ਸਮਾਜ ਸਿਰਜਿਆ ਜਾ ਸਕੇ। ਉਨ੍ਹਾਂ ਆਖਿਆ ਕਿ ਇੱਕ ਵਿਦਿਅਕ ਅਦਾਰੇ ਵੱਲੋਂ ਪਿਛਲੇ ਦਿਨੀੰ ਮੈਨੂੰ ਭਾਈ ਕਾਹਨ ਸਿੰਘ ਨਾਭਾ ਰਚਿਤ ਮਹਾਨ ਕੋਸ਼ ਨਾਲ ਨਿਵਾਜਿਆ ਗਿਆ ਤਾਂ ਮੇਰੀ ਖ਼ੁਸ਼ੀ ਦਾ ਕੋਈ ਪਾਰਾਵਾਰ ਨਹੀਂ ਸੀ ਕਿਉਂਕਿ ਲੱਕੜ ਦੇ ਸਨਮਾਨ ਚਿੰਨ੍ਹ ਘਰਾਂ ਚ ਥਾਂ ਮੱਲਦੇ ਹਨ ਪਰ ਪੁਸਤਕਾਂ ਰੂਹ ਵਿੱਚ ਚਾਨਣ ਕਰਦੀਆਂ ਹਨ।

 

#For any kind of News and advertisment contact us on 9803 -450-601

#Kindly LIke, Share & Subscribe our News Portal://charhatpunjabdi.com

144730cookie-checkਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਗੁਰਚਰਨ ਸਿੰਘ ਗਰੇਵਾਲ ਦਾ ਸ਼ਬਦ ਪ੍ਰਕਾਸ਼ ਸੇਵਾਵਾਂ ਲਈ ਲੋਕ ਵਿਰਾਸਤ ਅਕਾਡਮੀ ਵੱਲੋਂ ਸਨਮਾਨ
error: Content is protected !!