ਚੜ੍ਹਤ ਪੰਜਾਬ ਦੀ
ਲੁਧਿਆਣਾ, 21 ਫਰਵਰੀ (ਸਤ ਪਾਲ ਸੋਨੀ) : ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਮੰਗਲਵਾਰ ਨੂੰ ਲੁਧਿਆਣਾ ਪੁਲਿਸ ਕਮਿਸ਼ਨਰੇਟ ਦੇ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਮਾਂ ਬੋਲੀ ਪੰਜਾਬੀ ਨੂੰ ਸਰਕਾਰੀ ਕੰਮਾਂ ਦੇ ਨਾਲ-ਨਾਲ ਆਪਣੇ ਨਿੱਜੀ ਜੀਵਨ ਵਿੱਚ ਵੀ ਵੱਧ ਤੋਂ ਵੱਧ ਵਰਤਣ ਅਤੇ ਮਾਂ ਬੋਲੀ ਨੂੰ ਪ੍ਰਫੁੱਲਤ ਕਰਨ ਦੀ ਅਪੀਲ ਵੀ ਕੀਤੀ।
ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ 2023 ਦੀ ਪੂਰਵ ਸੰਧਿਆਂ `ਤੇ ਪੰਜਾਬੀ ਭਾਸ਼ਾ ਨੂੰ ਉਜਾਗਰ ਕਰਨ ਲਈ ਪੁਲਿਸ ਲਾਈਨ ਲੁਧਿਆਣਾ ਵਿਖੇ ਕਰਵਾਏ ਗਏ ਸਮਾਗਮ ਦੌਰਾਨ ਪੁਲਿਸ ਫੋਰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਆਪਣੀ ਮਾਂ ਬੋਲੀ ਪੰਜਾਬੀ `ਤੇ ਮਾਣ ਹੋਣਾ ਚਾਹੀਦਾ ਹੈ ਕਿਉਂਕਿ ਇਹ ਸਾਡੀ ਪਛਾਣ ਨੂੰ ਪਰਿਭਾਸ਼ਤ ਕਰਦੀ ਹੈ ਅਤੇ ਸਮਾਜ ਵਿੱਚ ਏਕਤਾ ਲਿਆਉਂਦੀ ਹੈ। ਉਨ੍ਹਾਂ ਕਿਹਾ ਕਿ ਇਹ ਮਾਂ ਬੋਲੀ ਹੀ ਹੈ ਜਿਸ ਲਈ ਬੱਚੇ ਨੂੰ ਕਿਸੇ ਸਿਖਲਾਈ ਦੀ ਲੋੜ ਨਹੀਂ ਹੁੰਦੀ ਸਗੋਂ ਇਹ ਸੁਭਾਵਿਕ ਹੀ ਆਉਂਦੀ ਹੈ। ਉਨ੍ਹਾਂ ਕਿਹਾ ਕਿ ਅਸੀਂ ਭਾਵੇਂ ਦੁਨੀਆਂ ਭਰ ਵਿੱਚ ਜਾ ਕੇ ਕਈ ਭਾਸ਼ਾਵਾਂ ਸਿੱਖੀਏ ਪਰ ਸਾਨੂੰ ਆਪਣੀ ਮਾਂ ਬੋਲੀ ਪੰਜਾਬੀ ਨੂੰ ਕਦੇ ਨਹੀਂ ਭੁੱਲਣਾ ਚਾਹੀਦਾ।
ਹਰ ਵਿਅਕਤੀ ਨੂੰ ਮਾਂ ਬੋਲੀ ਪੰਜਾਬੀ ਦਾ ਕਰਨਾ ਚਾਹੀਦਾ ਹੈ ਸਤਿਕਾਰ
ਉਨ੍ਹਾਂ ਨੌਜਵਾਨਾਂ ਨੂੰ ਸਨੇਹਾ ਦਿੰਦਿਆਂ ਕਿਹਾ ਕਿ ਉਹ ਆਪਣੀ ਮਾਂ-ਬੋਲੀ ਪੰਜਾਬੀ ਦਾ ਵੱਧ ਤੋ ਵੱਧ ਪ੍ਰਚਾਰ ਤੇ ਪ੍ਰਸਾਰ ਕਰਕੇ ਆਪਣੇ ਸਫ਼ਲ ਜੀਵਨ ਲਈ ਪੰਜਾਬੀ ਭਾਸ਼ਾ ਦੇ ਦੂਤ ਬਣਨ। ਉਨ੍ਹਾਂ ਕਿਹਾ ਕਿ ਸਮਾਜ ਦੀ ਪਛਾਣ ਉਸ ਦੀ ਬੋਲੀ ਤੋ ਕੀਤੀ ਜਾਂਦੀ ਹੈ ਕਿ ਲੋਕ ਆਪਣੀ ਮਾਤ ਭਾਸ਼ਾ ਬੋਲੀ ਦਾ ਕਿੰਨਾ ਸਤਿਕਾਰ ਕਰਦੇ ਹਨ। ਉਨ੍ਹਾਂ ਬੱਚਿਆਂ ਦੇ ਮਾਪਿਆਂ ਨੂੰ ਵੀ ਅਪੀਲ ਕਰਦਿਆਂ ਕਿਹਾ ਕਿ ਉਹ ਆਪਣੇ ਬੱਚਿਆਂ ਨੂੰ ਆਪਣੀ ਮਾਂ ਬੋਲੀ ਪੰਜਾਬੀ ਦੀ ਕਦਰ ਕਰਨ ਲਈ ਉਤਸ਼ਾਹਿਤ ਕਰਨ, ਤਾਂ ਜੋ ਉਹ ਇਸ ਨੂੰ ਖੁੱਲ੍ਹ ਕੇ ਅਤੇ ਭਰੋਸੇ ਨਾਲ ਬੋਲਣ ਵਿੱਚ ਮਾਣ ਮਹਿਸੂਸ ਕਰਨ।
ਅਧਿਕਾਰੀਆਂ ਨੂੰ ਸਰਕਾਰੀ ਅਤੇ ਨਿੱਜੀ ਜੀਵਨ ਵਿੱਚ ਪੰਜਾਬੀ ਭਾਸ਼ਾ ਦੀ ਵਰਤੋਂ ਨੂੰ ਯਕੀਨੀ ਬਣਾਉਣ ਲਈ ਕਿਹਾ
ਮਨਦੀਪ ਸਿੰਘ ਸਿੱਧੂ ਨੇ ਕਿਹਾ ਕਿ ਮਾਂ ਬੋਲੀ ਸਿਰਫ਼ ਸ਼ਬਦ ਨਹੀਂ ਹੁੰਦੀ ਸਗੋਂ ਇਹ ਤੁਹਾਨੂੰ ਆਪਣੇ, ਤੁਹਾਡੇ ਪਰਿਵਾਰ ਅਤੇ ਤੁਹਾਡੇ ਲੋਕਾਂ ਨਾਲ ਜੋੜਦੀ ਹੈ। ਉਨ੍ਹਾਂ ਸਮੂਹ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਅਪੀਲ ਕੀਤੀ ਕਿ ਉਹ ਰੋਜ਼ਾਨਾ ਦੇ ਦਫ਼ਤਰੀ ਕੰਮਕਾਜ ਦੇ ਨਾਲ-ਨਾਲ ਆਪਣੀ ਨਿੱਜੀ ਜਿ਼ੰਦਗੀ ਵਿੱਚ ਵੀ ਪੰਜਾਬੀ ਭਾਸ਼ਾ ਦੀ ਵੱਧ ਤੋਂ ਵੱਧ ਵਰਤੋਂ ਕਰਨ ਨੂੰ ਯਕੀਨੀ ਬਣਾਉਣ।ਉਨ੍ਹਾਂ ਸਮਾਜ ਨੂੰ ਹਰ ਵਿਅਕਤੀ ਦੀ ਮਾਂ ਬੋਲੀ ਦਾ ਸਤਿਕਾਰ ਕਰਨ ਦੀ ਅਪੀਲ ਵੀ ਕੀਤੀ।
ਇਸ ਦੌਰਾਨ ਪੁਲਿਸ ਕਮਿਸ਼ਨਰ ਨੇ ਵਿਸ਼ੇਸ਼ ਤੌਰ `ਤੇ ਗੁਰਮੁਖੀ ਲਿਪੀ `ਚ ਪੰਜਾਬੀ ਵਰਣਨਮਾਲਾ ਦੇ 35 ਅੱਖਰ ਉੱਕਰੇ ਹੋਏ ਅਤੇ ਹੇਠਾਂ “ਮਾਂ ਬੋਲੀ ਸਾਡਾ ਮਾਣ“ ਸਲੋਗਨ ਹੈ ਸਬੰਧੀ ਸਾਰੇ ਅਧਿਕਾਰੀਆਂ ਨੂੰ ਤਿਆਰ ਕੀਤੀਆਂ ਘੜੀਆਂ ਵੀ ਵੰਡੀਆਂ, ਤਾਂ ਜੋ ਇਹ ਘੜੀਆਂ ਉਨ੍ਹਾਂ ਦੇ ਸਬੰਧਤ ਦਫ਼ਤਰਾਂ ਵਿੱਚ ਲਗਾਈਆਂ ਜਾ ਸਕਣ। ਉਨ੍ਹਾਂ ਕਿਹਾ ਕਿ ਇਹ ਘੜੀ ਸਾਨੂੰ ਸਾਡੀ ਮਾਂ ਬੋਲੀ ਪੰਜਾਬੀ ਨਾਲ 24 ਘੰਟੇ ਜੁੜੇ ਰਹਿਣ ਦੀ ਯਾਦ ਵੀ ਦਿਵਾਉਦੀ ਰਹੇਗੀ।
#For any kind of News and advertisment contact us on 9803 -450-601
#Kindly LIke,Share & Subscribe our News Portal://charhatpunjabdi.com
1413800cookie-checkਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਮਾਂ ਬੋਲੀ ਪੰਜਾਬੀ ਨੂੰ ਪ੍ਰਫੁੱਲਤ ਕਰਨ ਦਾ ਲਿਆ ਅਹਿਦ