ਚੜ੍ਹਤ ਪੰਜਾਬ ਦੀ
ਲੁਧਿਆਣਾ,(ਸਤ ਪਾਲ ਸੋਨੀ):ਪੰਜਾਬੀ ਲੇਖਕ ਕਲਾਕਾਰ ਸੁਸਾਇਟੀ ਲੁਧਿਆਣਾ ਵੱਲੋਂ ਪੰਜਾਬੀ ਭਵਨ ਲੁਧਿਆਣਾ ਵਿਖੇ ‘ ਨਵੀਆਂ ਕਲਮਾਂ ਨਾਲ ਸਾਹਿਤਕ ਮਿਲਣੀ ਅਤੇ ਅੰਤਰਰਾਸ਼ਟਰੀ ਕਵੀ ਦਰਬਾਰ’ ਕਰਵਾਇਆ ਗਿਆ ਜਿਸ ਵਿੱਚ ਦੇਸ਼ ਦੇ ਵੱਖ- ਵੱਖ ਸੂਬਿਆਂ ਅਤੇ ਕਨੇਡਾ,ਅਮਰੀਕਾ,ਆਸਟ੍ਰੇਲੀਆ, ਜਰਮਨੀ, ਪੁਰਤਗਾਲ ਆਦਿ ਦੇਸ਼ਾਂ ਤੋਂ ਕੁਲ 52 ਕਵੀਆਂ/ ਕਵਿਤਰੀਆਂ ਨੇ ਹਿੱਸਾ ਲਿਆ।ਇਸ ਪ੍ਰੋਗਰਾਮ ਵਿਚ ਓਂਟਾਰੀਓ ਫ੍ਰੈਂਡਜ਼ ਕਲੱਬ, ਕਨੇਡਾ ਦੇ ਪ੍ਰਧਾਨ ਰਵਿੰਦਰ ਸਿੰਘ ਕੰਗ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ ਅਤੇ ਸੁਸਾਇਟੀ ਦੀ ਪ੍ਰਧਾਨ ਨੈਸ਼ਨਲ ਅਵਾਰਡੀ ਡਾ. ਗੁਰਚਰਨ ਕੌਰ ਕੋਚਰ ਨੇ ਸਮਾਗਮ ਦੀ ਪ੍ਰਧਾਨਗੀ ਕੀਤੀ।
ਸਭ ਤੋਂ ਪਹਿਲਾਂ ਡਾ:ਗੁਰਚਰਨ ਕੌਰ ਕੋਚਰ ਨੇ ਆਏ ਹੋਏ ਮਹਿਮਾਨਾਂ ਅਤੇ ਕਵੀਆਂ ਨੂੰ ਜੀ ਆਇਆਂ ਆਖਦੇ ਹੋਏ ਦੱਸਿਆ ਕਿ ਪੰਜਾਬੀ ਮਾਂ ਬੋਲੀ ਦੇ ਪ੍ਰਚਾਰ, ਪ੍ਰਸਾਰ ਅਤੇ ਪ੍ਰਫੁੱਲਤਾ ਲਈ ਪੰਜਾਬੀ ਲੇਖਕ ਕਲਾਕਾਰ ਸੁਸਾਇਟੀ ਦੀ ਸਮੁੱਚੀ ਟੀਮ ਪਿਛਲੇ ਦੋ ਦਹਾਕਿਆਂ ਤੋਂ ਨਿਰੰਤਰ ਯਤਨ ਕਰਦੀ ਹੋਈ ਨਵੀਆਂ ਕਲਮਾਂ ਨੂੰ ਪੁਸਤਕ ਸਭਿਆਚਾਰ ਨਾਲ ਜੁੜਨ ਲਈ ਉਤਸ਼ਾਹਿਤ ਕਰ ਰਹੀ ਹੈ।ਉਨ੍ਹਾਂ ਨੇ ਇਹ ਵੀ ਕਿਹਾ ਕਿ ਇਸ ਤਰ੍ਹਾਂ ਦੇ ਸਾਹਿਤਕ ਉਪਰਾਲੇ ਆਉਣ ਵਾਲੇ ਸਮੇਂ ਵਿਚ ਵੀ ਜਾਰੀ ਰਹਿਣਗੇ।
ਇਸ ਮੌਕੇ ਮੁੱਖ ਮਹਿਮਾਨ ਰਵਿੰਦਰ ਸਿੰਘ ਕੰਗ ਨੇ ਕਿਹਾ ਕਿ ਸਾਹਿਤ ਮਨੁੱਖ ਨੂੰ ਵਧੀਆ ਜੀਵਨ -ਜਾਚ ਸਿਖਾਉਂਦਾ ਹੋਇਆ ਵਧੀਆ ਇਨਸਾਨ ਬਣਾਉਂਦਾ ਹੈ। ਉਨ੍ਹਾਂ ਨੇ ਕਨੇਡਾ ਵਿਖੇ ਆਪਣੇ ਵੱਲੋਂ ਪੰਜਾਬੀ ਭਾਸ਼ਾ,ਸਾਹਿਤ ਅਤੇ ਸੱਭਿਆਚਾਰ ਦੇ ਵਿਕਾਸ ਲਈ ਕੀਤੇ ਉਪਰਾਲਿਆਂ ਬਾਰੇ ਚਾਨਣਾ ਪਾਇਆ। ਵਿਸ਼ੇਸ਼ ਮਹਿਮਾਨਾਂ ਵੱਜੋਂ ਅਮਰੀਕਾ ਤੋਂ ਪਹੁੰਚੇ ਮੈਡਮ ਕੰਵਲਦੀਪ ਕੌਰ ਕੋਚਰ , ਦਿਲਬਾਗ ਭੰਵਰਾ (ਕਨੇਡਾ), ਪ੍ਰੋ: ਲਖਵਿੰਦਰ ਕੌਰ ਲੱਕੀ (ਅਮਰੀਕਾ),ਸੁਰਿੰਦਰ ਕੌਰ ਸੈਣੀ ਰੋਪੜ, ਜਤਿੰਦਰ ਕੌਰ ਸੰਧੂ, ਮਧੂ ਤਨਹਾ (ਆਸਟ੍ਰੇਲੀਆ),ਪ੍ਰਿੰ.ਕਮਲਗੀਤ ਸਰਹਿੰਦ, ਦੀਪ ਬੈਂਸ, ਮਨਦੀਪ ਕੌਰ ਭੰਮਰਾ, ਏ -ਪੀ ਮੌਰੀਆ,ਹਰਦੀਪ ਬਿਰਦੀ, ਰਘਬੀਰ ਵੜੈਚ ,ਇੰਦਰਜੀਤਪਾਲ ਕੌਰ ਅਤੇ ਹੋਰ ਆਏ ਹੋਏ ਮਹਿਮਾਨਾਂ ਨੇ ਪੰਜਾਬੀ ਲੇਖਕ ਕਲਾਕਾਰ ਸੁਸਾਇਟੀ ਵੱਲੋਂ ਕੀਤੇ ਜਾ ਰਹੇ ਸਾਰਥਕ ਯਤਨਾਂ ਦੀ ਰੱਜਵੀਂ ਪ੍ਰਸੰਸਾ ਕਰਦੇ ਹੋਏ ਸੁਸਾਇਟੀ ਨਾਲ ਜੁੜੀ ਸਮੁੱਚੀ ਟੀਮ ਨੂੰ ਵਧਾਈ ਦਿੱਤੀ।
ਇਸ ਸ਼ਾਨਦਾਰ ਕਵੀ ਦਰਬਾਰ ਵਿਚ ਸ਼ਾਮਿਲ ਸਾਰੇ ਕਵੀਆਂ-ਕਵਿਤਰੀਆਂ ਨੇ ਆਪਣੀਆਂ ਰਚਨਾਵਾਂ ਰਾਹੀਂ ਸਮੇਂ ਨੂੰ ਬੰਨਦੇ ਹੋਏ ਸਰੋਤਿਆਂ ਤੋਂ ਵਾਹ- ਵਾਹ ਖੱਟੀ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਪੰਜਾਬੀ ਸਾਹਿਤ ਅਕਾਡਮੀ ਦੇ ਜਨਰਲ ਸਕੱਤਰ ਡਾ. ਗੁਰਇਕਬਾਲ ਸਿੰਘ, ਕੇ,ਸਾਧੂ, ਪ੍ਰਭਜੋਤ ਸੋਹੀ, ਰਾਜਦੀਪ ਤੂਰ , ਇੰਜ. ਸੁਰਜਨ ਸਿੰਘ, ਮੀਤ ਅਨਮੋਲ,ਪਰਮਜੀਤ ਮਹਿਕ, ਅੰਕੁਸ਼ ਮਕੋਲ, ਮਨਜੀਤ ਦਿਓਲ, ਮਿਸਿਜ਼ ਪ੍ਰਭਜੋਤ ਭੰਵਰਾ, ਕਮਲਪ੍ਰੀਤ ਸਿੰਘ ,ਕੁਲਵਿੰਦਰ ਕਿਰਨ,ਇੰਜ.ਜੇ.ਬੀ ਸਿੰਘ ਕੋਚਰ ਸਮੇਤ ਵੱਡੀ ਗਿਣਤੀ ਵਿਚ ਲੇਖਕ ਅਤੇ ਸਾਹਿਤ ਪ੍ਰੇਮੀ ਹਾਜ਼ਰ ਸਨ। ਇਸ ਅਵਸਰ ਤੇ ਆਏ ਹੋਏ ਸਾਰੇ ਮਹਿਮਾਨਾਂ ਤੇ ਕਵੀਜਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਮੰਚ ਸੰਚਾਲਨ ਦਾ ਕਾਰਜ ਸੁਸਾਇਟੀ ਦੇ ਜਨਰਲ ਸਕੱਤਰ ਸੁਖਵਿੰਦਰ ਅਨਹਦ ਅਤੇ ਮੀਤ ਪ੍ਰਧਾਨ ਸੁਖਰਾਜ ਐੱਸ -ਜੇ ਕੈਫ਼ੇ ਵਰਲਡ ਨੇ ਬਾਖ਼ੂਬੀ ਕੀਤਾ।
1151000cookie-checkਪੰਜਾਬੀ ਲੇਖਕ ਕਲਾਕਾਰ ਸੁਸਾਇਟੀ ਲੁਧਿਆਣਾ ਵੱਲੋਂ ਪੰਜਾਬੀ ਭਵਨ ਲੁਧਿਆਣਾ ਵਿਖੇ ‘ ਨਵੀਆਂ ਕਲਮਾਂ ਨਾਲ ਸਾਹਿਤਕ ਮਿਲਣੀ ਅਤੇ ਅੰਤਰਰਾਸ਼ਟਰੀ ਕਵੀ ਦਰਬਾਰ’ ਕਰਵਾਇਆ ਗਿਆ