ਚੜ੍ਹਤ ਪੰਜਾਬ ਦੀ
ਲਧਿਆਣਾ,12 ਅਪ੍ਰੈਲ (ਸਤ ਪਾਲ ਸੋਨੀ) : ਸਿੱਖ ਯੂਥ ਪਾਵਰ ਆਫ਼ ਪੰਜਾਬ ਦੇ ਪ੍ਰਧਾਨ ਭਾਈ ਪ੍ਰਦੀਪ ਸਿੰਘ ਇਆਲੀ ਤੇ ਭਾਈ ਘਨੱਈਆ ਜੀ ਮਿਸ਼ਨ ਸੇਵਾ ਸੁਸਾਇਟੀ ਦੇ ਮੁੱਖ ਸੇਵਾਦਾਰ ਜੱਥੇਦਾਰ ਤਰਨਜੀਤ ਸਿੰਘ ਨਿਮਾਣਾ ਦੀ ਅਗਵਾਈ ਹੇਠ ਇੱਕਤਰ ਹੋਏ ਦੋਹਾਂ ਜੱਥੇਬੰਦੀਆਂ ਦੇ ਪ੍ਰਮੁੱਖ ਆਗੂਆਂ ਨੇ ਅੱਜ ਸਾਂਝੇ ਤੌਰ ਤੇ ਡਿਪਟੀ ਕਮਿਸ਼ਨਰ ਲੁਧਿਆਣਾ ਵਰਿੰਦਰ ਕੁਮਾਰ ਸ਼ਰਮਾ ਨੂੰ ਇੱਕ ਮੰਗ ਪੱਤਰ ਸੌਂਪ ਕੇ ਕੇਂਦਰ ਅਤੇ ਪੰਜਾਬ ਸਰਕਾਰ ਤੋਂ ਜ਼ੋਰਦਾਰ ਮੰਗ ਕੀਤੀ ਕਿ ਸਿੱਖੀ ਭਾਵਨਾਵਾਂ ਦੇ ਉਲਟ ਨਿਹਾਲ ਨਿਹਾਲ ਨਿਹਾਲ ਪ੍ਰੋਡਕਸ਼ਨ ਵੱਲੋਂ ਮਾਤਾ ਸਾਹਿਬ ਕੌਰ ਜੀ ਦੀ ਜੀਵਨੀ ਤੇ ਬਣਾਈ ਗਈ ਐਨੀਮੇਸ਼ਨ ਫਿ਼ਲਮ ਨੂੰ ਕਿਸੇ ਵੀ ਕੀਮਤ ਤੇ ਦੇਸ਼ ਦੇ ਸਿਨੇਮਾ ਘਰਾਂ ਵਿੱਚ ਰਿਲੀਜ਼ ਨਾਂਹ ਹੋਣ ਦਿੱਤਾ ਜਾਵੇ ਅਤੇ ਫਿਲਮ ਉਪਰ ਤਰੁੰਤ ਪੂਰਨ ਰੂਪ ਵਿੱਚ ਪਾਬੰਦੀ ਲਗਾਈ ਜਾਵੇ।ਇਸ ਦੌਰਾਨ ਪੱਤਰਕਾਰਾਂ ਦੇ ਨਾਲ ਵਿਸ਼ੇਸ਼ ਤੌਰ ਤੇ ਗੱਲਬਾਤ ਕਰਦਿਆਂ ਸਿੱਖ ਯੂਥ ਪਾਵਰ ਆਫ਼ ਪੰਜਾਬ ਦੇ ਪ੍ਰਧਾਨ ਭਾਈ ਪ੍ਰਦੀਪ ਸਿੰਘ ਇਆਲੀ ਤੇ ਭਾਈ ਘਨੱਈਆ ਜੀ ਮਿਸ਼ਨ ਸੇਵਾ ਸੁਸਾਇਟੀ ਦੇ ਮੁੱਖ ਸੇਵਾਦਾਰ ਜੱਥੇਦਾਰ ਤਰਨਜੀਤ ਸਿੰਘ ਨਿਮਾਣਾ ਨੇ ਕਿਹਾ ਕਿ ਮਾਤਾ ਸਾਹਿਬ ਕੌਰ ਜੀ ਦੀ ਜੀਵਨ ਉਪਰ ਨਿਹਾਲ ਨਿਹਾਲ ਨਿਹਾਲ ਪ੍ਰੋਡਕਸ਼ਨ(ਮਾਤਾ ਸਾਹਿਬ ਕੌਰ ਐਜੂਕੇਸ਼ਨ ਟਰੱਸਟ ਯੂ.ਕੇ) ਵੱਲੋ ਬਣਾਈ ਗਈ ਐਨੀਮੇਸ਼ਨ ਫਿਲਮ ਨੂੰ ਕਿਸੇ ਵੀ ਕੀਮਤ ਤੇ 14 ਅਪ੍ਰੈਲ ਨੂੰ ਰਿਲੀਜ਼ ਨਹੀਂ ਹੋਣ ਦਿੱਤਾ ਜਾਵੇਗਾ।
ਗੁਰੂ ਸਾਹਿਬਾਨ ਨੂੰ ਐਨੀਮੇਸ਼ਨ ਦੇ ਰੂਪ ‘ਚ ਨਹੀਂ ਦਿਖਾਇਆ ਜਾ ਸਕਦਾ-ਜੱਥੇ.ਨਿਮਾਣਾ, ਭਾਈ ਪ੍ਰਦੀਪ ਸਿੰਘ
ਦੋਹਾਂ ਆਗੂਆਂ ਨੇ ਉਕਤ ਐਨੀਮੇਸ਼ਨ ਫਿ਼ਲਮ ਪ੍ਰਤੀ ਆਪਣਾ ਸਖ਼ਤ ਇਤਰਾਜ਼ ਪ੍ਰਗਟ ਕਰਦਿਆਂ ਕਿਹਾ ਕਿ ਸਿੱਖ ਸਿਧਾਂਤਾਂ ਤੇ ਇਤਿਹਾਸ ਦੇ ਉਲਟ ਬਣਾਈ ਗਈ ਉਕਤ ਫਿਲਮ ਦੀ ਸਕਰਿਪਟ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿਦਵਾਨਾਂ ਦੀ ਸਬ ਕਮੇਟੀ ਪਹਿਲਾਂ ਹੀ ਰੱਦ ਕਰ ਚੁੱਕੀ ਹੈ,ਕਿਉ ਕਿ ਫਿਲਮ ਵਿੱਚ ਬਹੁਤ ਸਾਰੀਆਂ ਕਮੀਆਂ ਪਾਈਆਂ ਗਈਆਂ ਸਨ। ਆਪਣੀ ਗੱਲਬਾਤ ਦੌਰਾਨ ਜਥੇਦਾਰ ਨਿਮਾਣਾ ਅਤੇ ਭਾਈ ਪ੍ਰਦੀਪ ਸਿੰਘ ਇਆਲੀ ਨੇ ਕਿਹਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਤੋੰ ਜਾਰੀ ਹੋਏ ਆਦੇਸ਼ਾਂ ਅਨੁਸਾਰ ਗੁਰੂ ਸਾਹਿਬਾਨ ਨੂੰ ਐਨੀਮੇਸ਼ਨ ਦੇ ਰੂਪ ਵਿੱਚ ਨਹੀ ਦਿਖਾਇਆ ਜਾ ਸਕਦਾ ਦੂਜੀ ਗੱਲ ਇਤਿਹਾਸਕ ਤੱਥਾਂ ਅਨੁਸਾਰ ਉਕਤ ਫਿਲਮ ਦੀ ਕਹਾਣੀ ਕੋਈ ਤਰਤੀਬਵਾਰ ਨਹੀਂ ਹੈ ਜਿਸ ਦੇ ਸਦਕਾ ਸ਼੍ਰੋਮਣੀ ਕਮੇਟੀ ਨੇ ਵੱਡੀਆਂ ਇਤਿਹਾਸਕ ਉਨਤਾਈਆਂ ਨੂੰ ਦੇਖਦਿਆਂ ਹੋਇਆ ਫਿਲਮ ਨੂੰ ਪਾਸ ਕਰਨ ਤੋ ਨਾਂਹ ਕਰ ਦਿੱਤੀ ਸੀ।ਪਰ ਇਸ ਦੇ ਬਾਵਜੂਦ ਉਕਤ ਫਿਲਮ ਬਣਾਉਣ ਵਾਲੇ ਪ੍ਰਬੰਧਕਾਂ ਨੇ ਫਿਲਮ ਰਿਲੀਜ਼ ਕਰਨ ਦਾ ਐਲਾਨ ਕਰਕੇ ਸਿੱਖ ਸੰਗਤਾਂ ਦੀਆਂ ਧਾਰਮਿਕ ਭਾਵਨਾਵਾਂ ਨਾਲ ਖਿਲਵਾੜ ਕਰ ਰਹੀ ਹੈ ਜਿਸ ਨੂੰ ਸਮੁੱਚੀ ਸਿੱਖ ਕੌਮ ਕਦਾ ਚਿੱਤ ਬਰਦਾਸ਼ਤ ਨਹੀਂ ਕਰੇਗੀ।
ਇਸ ਮੌਕੇ ਸਿੱਖ ਯੂਥ ਪਾਵਰ ਆਫ ਪੰਜਾਬ ਜਿਲ੍ਹਾ ਪ੍ਰਧਾਨ ਭਾਈ ਜਰਨੈਲ ਸਿੰਘ ਬੈਂਸ ਨੇ ਕਿਹਾ ਕਿ ਸਿੱਖ ਵਿਰੋਧੀ ਤਾਕਤਾਂ ਪਿਛਲੇ ਲੰਮੇ ਸਮੇਂ ਤੋ ਇਸ ਤਰ੍ਹਾਂ ਦੀਆਂ ਘਿਨੌਣੀਆ ਸ਼ਰਾਰਤਾਂ ਕਰਕੇ ਸਿੱਖ ਕੌਮ ਦੇ ਮਾਣ ਸਨਮਾਨ ਨੂੰ ਢਾਹ ਲਗਾਉਣ ਖਾਸ ਕਰਕੇ ਫਿਲਮੀ ਕਿਰਦਾਰਾਂ ਰਾਹੀਂ ਸਿੱਖਾਂ ਦੇ ਅਕਸ ਨੂੰ ਖਰਾਬ ਕਰਨ ਦੀਆਂ ਨਾਪਾਕ ਕੋਸ਼ਿਸ਼ਾਂ ਕਰਦੀਆਂ ਆ ਰਹੀਆਂ ਹਨ ਜਿਸ ਨੂੰ ਰੋਕਣ ਦੇ ਲਈ ਸਮੁੱਚੇ ਸਿੱਖ ਪੰਥ ਨੂੰ ਇੱਕਜੁੱਟਤਾ ਦੇ ਨਾਲ ਆਪਣੀ ਆਵਾਜ਼ ਬੁਲੰਦ ਕਰਨੀ ਹੋਵੇਗੀ।ਉਨ੍ਹਾਂ ਨੇ ਕੇਂਦਰ ਤੇ ਪੰਜਾਬ ਸਰਕਾਰ ਦੇ ਉੱਚ ਅਧਿਕਾਰੀਆਂ ਤੋ ਮੰਗ ਕੀਤੀ ਕਿ ਸਮੁੱਚੀ ਸਿੱਖ ਕੌਮ ਦੀਆਂ ਧਾਰਮਿਕ ਭਾਵਨਾਵਾਂ ਨੂੰ ਸਮਝਦੇ ਹੋਏ ਉਕਤ ਐਨੀਮੇਸ਼ਨ ਫਿਲਮ ਤੇ ਤੁਰੰਤ ਰੋਕ ਲਗਾਈ ਜਾਵੇ ਤਾਂ ਕੀ ਹਰ ਹਾਲਤ ਵਿੱਚ ਦੇਸ਼ ਤੇ ਪੰਜਾਬ ਅੰਦਰ ਸ਼ਾਤੀ ਤੇ ਅਮਨ ਵਾਲਾ ਮਾਹੌਲ ਕਾਇਮ ਰੱਖਿਆ ਜਾ ਸਕੇ। ਇਸ ਮੌਕੇ ਕੁਲਦੀਪ ਸਿੰਘ ਲਾਂਬਾ, ਦੀਪਜੋਤ ਸਿੰਘ, ਸੁਖਪ੍ਰੀਤ ਸਿੰਘ ਸੁਖੀ, ਪ੍ਰੇਮ ਸਿੰਘ,ਰਾਣਾ ਸਿੰਘ, ਰਘਬੀਰ ਸਿੰਘ, ਗੁਰਦੌਰ ਸਿੰਘ ਹਾਜ਼ਰ ਸਨ।
1142600cookie-checkਮਾਮਲਾ ਸਿੱਖੀ ਭਾਵਨਾਵਾਂ ਦੇ ਉਲਟ ਬਣੀ ਐਨੀਮੇਸ਼ਨ ਫਿਲਮ ਤੇ ਪਾਬੰਦੀ ਲਗਾਉਣ ਦਾ