‘ਨੈਸ਼ਨਲ ਐੱਸ. ਸੀ. ਐੱਸ. ਟੀ. ਹੱਬ’ ਯੋਜਨਾ ਨੂੰ ਸੂਬੇ ਵਿੱਚ ਸਹੀ ਮਾਅਨਿਆਂ ਵਿੱਚ ਲਾਗੂ ਕੀਤਾ ਜਾਵੇਗਾ-ਸਾਧੂ ਸਿੰਘ ਧਰਮਸੋਤ

Loading

ਕੇਂਦਰ ਸਰਕਾਰ ਨੂੰ ਸੂਬੇ ਦੀ ਆਰਥਿਕ ਤੌਰ ‘ਤੇ ਖਡ਼ਾ ਕਰਨ ਅਤੇ ਲੋਕਾਂ ਦੇ ਜੀਵਨ ਸੁਧਾਰ ਲਈ ਬਣਦਾ ਯੋਗਦਾਨ ਪਾਉਣ ਦੀ ਅਪੀਲ

ਲੁਧਿਆਣਾ, 8 ਜਨਵਰੀ ( ਸਤ ਪਾਲ ਸੋਨੀ ) : ਪੰਜਾਬ ਦੇ ਅਨੁਸੂਚਿਤ ਜਾਤੀਆਂ, ਪੱਛਡ਼ੀਆਂ ਸ਼੍ਰੇਣੀਆਂ ਭਲਾਈ ਵਿਭਾਗ ਅਤੇ ਜੰਗਲਾਤ ਅਤੇ ਜੰਗਲੀ ਜੀਵਾਂ ਬਾਰੇ ਵਿਭਾਗ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਵੱਲੋਂ ਸੂਬੇ ਵਿੱਚ ਸ਼ਹਿਰ ਲੁਧਿਆਣਾ ਨੂੰ ‘ਨੈਸ਼ਨਲ ਐੱਸ. ਸੀ. ਐੱਸ. ਟੀ. ਹੱਬ’ ਵਜੋਂ ਵਿਕਸਤ ਕਰਨ ਦੇ ਉਪਰਾਲੇ ਨੂੰ ਪੰਜਾਬ ਸਰਕਾਰ ਵੱਲੋਂ ਪੂਰਨ ਸਹਿਯੋਗ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਅਨੁਸੂਚਿਤ ਜਾਤੀਆਂ ਅਤੇ ਜਨਜਾਤੀਆਂ ਦੇ ਲੋਕਾਂ ਨੂੰ ਉੱਦਮੀ ਬਣਾਉਣ ਲਈ ਬਣਨ ਵਾਲੀ ਹਰ ਯੋਜਨਾ ਨੂੰ ਪੰਜਾਬ ਵਿੱਚ ਸਹੀ ਮਾਅਨਿਆਂ ਵਿੱਚ ਲਾਗੂ ਕੀਤਾ ਜਾਵੇਗਾ।
ਅੱਜ ਸਥਾਨਕ ਹੋਟਲ ਵਿਖੇ ‘ਨੈਸ਼ਨਲ ਐੱਸ. ਸੀ. ਐੱਸ. ਟੀ. ਹੱਬ’ ਬਾਰੇ ਜਾਗਰੂਕਤਾ ਸੰਮੇਲਨ ਨੂੰ ਸੰਬੋਧਨ ਕਰਦਿਆਂ  ਧਰਮਸੋਤ ਨੇ ਕਿਹਾ ਕਿ ਪੰਜਾਬ ਵਿੱਚ ਇਸ ਵੇਲੇ ਕੁੱਲ ਅਬਾਦੀ ਦਾ 35 ਫੀਸਦੀ ਹਿੱਸਾ ਅਨੁਸੂਚਿਤ ਜਾਤੀਆਂ ਨਾਲ ਸੰਬੰਧਤ ਹੈ, ਜਿਸ ਨੂੰ ਰੁਜ਼ਗਾਰ ਦੇ ਕਾਬਿਲ ਬਣਾਉਣ ਅਤੇ ਹੋਰਾਂ ਲਈ ਰੋਜ਼ਗਾਰ ਦੇ ਮੌਕੇ ਪੈਦਾ ਕਰਨ ਵਾਲਾ ਬਣਾਉਣ ਲਈ ਬਹੁਤ ਕੁਝ ਕੀਤਾ ਜਾਣਾ ਬਾਕੀ ਹੈ। ਉਨਾਂ   ਭਾਰਤ ਸਰਕਾਰ ਵੱਲੋਂ ਅਨੁਸੂਚਿਤ ਜਾਤੀ ਅਤੇ ਅਨੁਸੂਚਿਤ ਜਨ ਜਾਤੀ ਉੱਦਮੀਆਂ ਨੂੰ ਪੇਸ਼ੇਵਰ ਸਹਾਇਤਾ ਮੁਹੱਈਆ ਕਰਵਾ ਕੇ ਉਤਸ਼ਾਹਿਤ ਕਰਨ ਦੇ ਮਨਸ਼ੇ ਨਾਲ ਲੁਧਿਆਣਾ ਸਮੇਤ ਦੇਸ਼ ਦੇ ਕਈ ਸ਼ਹਿਰਾਂ ਨੂੰ ਨੈਸ਼ਨਲ ਐੱਸ. ਸੀ. ਐੱਸ. ਟੀ. ਹੱਬ ਵਜੋਂ ਵਿਕਸਤ ਕਰਨ ਦਾ ਫੈਸਲਾ ਦਾ ਸਵਾਗਤ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਇਸ ਯੋਜਨਾ ਨੂੰ ਸਹੀ ਮਾਅਨਿਆਂ ਵਿੱਚ ਲਾਗੂ ਕੀਤਾ ਜਾਵੇਗਾ।
ਉਨਾਂ   ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਸੂਬੇ ਨੂੰ ਆਰਥਿਕ ਤੌਰ ‘ਤੇ ਪੈਰਾਂ ਸਿਰ ਕਰਨ ਲਈ ਅਤੇ ਇਥੇ ਵੱਸਦੇ ਹਰੇਕ ਵਰਗ ਦੇ ਲੋਕਾਂ ਦੇ ਜੀਵਨ ਸੁਧਾਰ ਲਈ ਬਣਦਾ ਯੋਗਦਾਨ ਪਾਵੇ। ਉਨਾਂ   ਕਿਹਾ ਕਿ ਅਨੁਸੂਚਿਤ ਜਾਤੀ ਅਤੇ ਅਨੁਸੂਚਿਤ ਜਨ ਜਾਤੀਆਂ ਨਾਲ ਸੰਬੰਧਤ ਲੋਕਾਂ ਨੂੰ ਉੱਦਮੀ ਬਣਾਉਣ ਲਈ ਅੱਜ ਜ਼ਰੂਰੀ ਹੈ ਕਿ ਇਨਾਂ   ਨੂੰ ਇਸ ਪਾਸੇ ਲੱਗਣ ਲਈ ਜਾਗਰੂਕ ਕਰਨ ਦੇ ਨਾਲ-ਨਾਲ ਮੁਫ਼ਤ ਸਿਖ਼ਲਾਈ, ਕਾਰੋਬਾਰ ਸ਼ੁਰੂ ਕਰਨ ਲਈ ਕਰਜ਼ਾ ਅਤੇ ਇਨਾਂ   ਵੱਲੋਂ ਤਿਆਰ ਮਾਲ ਦੀ ਖਰੀਦ ਅਤੇ ਵੇਚ ਲਈ ਢੁੱਕਵਾਂ ਬਜ਼ਾਰੀਕਰਨ ਕੀਤਾ ਜਾਵੇ। ਇਨਾਂ   ਬੁਨਿਆਦੀ ਲੋਡ਼ਾਂ ਪੂਰੀਆਂ ਕਰਨ ਤੋਂ ਬਿਨਾ ਅਨੁਸੂਚਿਤ ਜਾਤੀ ਅਤੇ ਅਨੁਸੂਚਿਤ ਜਨ ਜਾਤੀ ਲੋਕਾਂ ਨੂੰ ਉੱਦਮੀ ਵਜੋਂ ਸਥਾਪਤ ਕਰਨਾ ਸੌਖਾ ਨਹੀਂ ਹੈ।
ਉਨਾਂ   ਕਿਹਾ ਕਿ ਕੇਂਦਰੀ ਖਰੀਦ ਯੋਜਨਾ-2012 ਤਹਿਤ ਇਹ ਜ਼ਰੂਰੀ ਹੈ ਕਿ ਕੇਂਦਰੀ, ਜਨਤਕ ਅਦਾਰੇ ਅਤੇ ਹੋਰ ਵਿਭਾਗ 20 ਫੀਸਦੀ ਖਰੀਦ ਸੂਖ਼ਮ, ਲਘੂ ਅਤੇ ਦਰਮਿਆਨੇ ਉਦਯੋਗਾਂ ਤੋਂ ਕਰਨ। ਇਸ 20 ਫੀਸਦੀ ਵਿੱਚੋਂ 4 ਫੀਸਦੀ ਖਰੀਦ ਅਨੁਸੂਚਿਤ ਜਾਤੀ ਅਤੇ ਅਨੁਸੂਚਿਤ ਜਨ ਜਾਤੀ ਉੱਦਮੀਆਂ ਤੋਂ ਵੀ ਕਰਨੀ ਜ਼ਰੂਰੀ ਹੈ। ਪਰ ਇਹ ਬਡ਼ੇ ਦੁੱਖ ਦੀ ਗੱਲ ਹੈ ਕਿ ਇਹ ਹਾਲੇ ਵੀ 0.05 ਫੀਸਦੀ ਹੀ ਹੈ, ਜਿਸ ਵਿੱਚ ਸੁਧਾਰ ਲਿਆਉਣ ਲਈ ਅਜਿਹੇ ਲੋਕਾਂ ਨੂੰ ਉੱਦਮੀ ਵਜੋਂ ਸਥਾਪਤ ਕਰਨਾ ਬਹੁਤ ਜ਼ਰੂਰੀ ਹੈ। ਉਨਾਂ   ਪੰਜਾਬ ਸਰਕਾਰ ਵੱਲੋਂ ਭਰੋਸਾ ਦਿੱਤਾ ਕਿ ਕੇਂਦਰ ਸਰਕਾਰ ਵੱਲੋਂ ਇਸ ਦਿਸ਼ਾ ਵਿੱਚ ਜੋ ਵੀ ਫੰਡ ਜਾਰੀ ਕੀਤੇ ਜਾਣਗੇ, ਉਹ ਉਸ ਮਕਸਦ ਲਈ ਹੀ ਵਰਤੇ ਜਾਣਗੇ ਨਾ ਕਿ ਪਿਛਲੀ ਅਕਾਲੀ ਭਾਜਪਾ ਗਠਜੋਡ਼ ਸਰਕਾਰ ਦੀ ਤਰਾਂ. ਉਨਾਂ   ਫੰਡਾਂ ਦੀ ਦੁਰਵਰਤੋਂ ਕੀਤੀ ਜਾਵੇਗੀ।
ਇਸ ਤੋਂ ਪਹਿਲਾਂ ਸਮਾਗਮ ਨੂੰ ਸੰਬੋਧਨ ਸੂਖ਼ਮ, ਲਘੂ ਅਤੇ ਦਰਮਿਆਨੇ ਉਦਯੋਗਾਂ ਬਾਰੇ ਕੇਂਦਰੀ ਮੰਤਰਾਲੇ ਦੇ ਡਾਇਰੈਕਟਰ ਸ੍ਰੀ ਪੀ. ਜੇ. ਐੱਸ. ਰਾਓ ਇਸ ਪੂਰੀ ਯੋਜਨਾ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਯੋਜਨਾ ਤਹਿਤ ਇਸ ਵਰਗ ਦੇ ਲੋਕਾਂ ਨੂੰ ਆਪਣੇ ਉਦਯੋਗ ਸਥਾਪਤ ਕਰਕੇ ਦੇਸ਼ ਅਤੇ ਸਮਾਜ ਦੇ ਵਿਕਾਸ ਵਿਚ ਯੋਗਦਾਨ ਪਾਉਣ ਵਿੱਚ ਸਹਾਇਤਾ ਮਿਲੇਗੀ। ਉਨਾਂ ਦੱਸਿਆ ਕਿ ਪਿਛਲੇ ਸਾਲ ਪੂਰੇ ਦੇਸ਼ ਨੇ ਡਾ. ਭੀਮ ਰਾਓ ਅੰਬੇਦਕਰ ਦਾ 125ਵਾਂ ਜਨਮ ਦਿਵਸ ਬਡ਼ੀ ਧੂਮ-ਧਾਮ ਨਾਲ ਮਨਾਇਆ। ਇਸ ਦੌਰਾਨ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੁਧਿਆਣਾ ਵਿਖੇ ਇੱਕ ਵਿਸ਼ੇਸ਼ ਸਮਾਗਮ ਦੌਰਾਨ ਦੇਸ਼ ਦੇ ਅਨੁਸੂਚਿਤ ਜਾਤੀ ਅਤੇ ਅਨੁਸੂਚਿਤ ਜਨ ਜਾਤੀ ਲੋਕਾਂ ਦਾ ਆਰਥਿਕ ਤੌਰ ‘ਤੇ ਸਸ਼ਕਤੀਕਰਨ ਕਰਨ ਲਈ ਦੇਸ਼ ਦੇ ਕਈ ਸ਼ਹਿਰਾਂ ਨੂੰ ਐੱਸ. ਸੀ. ਐੱਸ. ਟੀ. ਹੱਬ ਵਜੋਂ ਵਿਕਸਤ ਕਰਨ ਦਾ ਐਲਾਨ ਕੀਤਾ ਸੀ, ਨਾਲ ਹੀ ਇਹ ਐਲਾਨ ਵੀ ਕੀਤਾ ਸੀ ਕਿ ਇਨਾਂ ਸ਼ਹਿਰਾਂ ਵਿੱਚ ਲੁਧਿਆਣਾ ਵੀ ਸ਼ਾਮਿਲ ਹੋਵੇਗਾ।
ਇਸ ਐਲਾਨ ਨੂੰ ਅਮਲੀ ਜਾਮਾ ਪਹਿਨਾਉਂਦਿਆਂ ਦੇਸ਼ ਦੇ ਕਈ ਸ਼ਹਿਰਾਂ ਵਿੱਚ ਨੈਸ਼ਨਲ ਐੱਸ. ਸੀ. ਐੱਸ. ਟੀ. ਹੱਬ ਦੇ ਦਫ਼ਤਰ ਖੋਲੇ ਜਾ ਚੁੱਕੇ ਹਨ। ਲੁਧਿਆਣਾ ਵਿਖੇ ਵੀ ਸਥਾਨਕ ਮਿਲਰਗੰਜ ਸਥਿਤ ਕਰਨਾਟਕਾ ਬੈਂਕ ਦੀ ਇਮਾਰਤ ਵਿੱਚ ਇਹ ਦਫ਼ਤਰ ਸ਼ੁਰੂ ਹੋ ਚੁੱਕਾ ਹੈ। ਇਸ ਦਫ਼ਤਰ ਵੱਲੋਂ ਸਥਾਨਕ ਸਨਅਤੀ ਇਕਾਈਆਂ ਅਤੇ ਸੰਘਾਂ ਦੇ ਸਹਿਯੋਗ ਨਾਲ ਅਨੁਸੂਚਿਤ ਜਾਤੀ ਅਤੇ ਅਨੁਸੂਚਿਤ ਜਨ ਜਾਤੀ ਉੱਦਮੀਆਂ ਨੂੰ ਪੇਸ਼ੇਵਰ ਸਹਾਇਤਾ ਮੁਹੱਈਆ ਕਰਵਾ ਕੇ ਉਤਸ਼ਾਹਿਤ ਕਰਨ ਦੇ ਉਪਰਾਲੇ ਸ਼ੁਰੂ ਕਰ ਦਿੱਤੇ ਹਨ। ਕੇਂਦਰ ਸਰਕਾਰ ਨੇ ਸਾਲ 2016-17 ਦੇ ਕੇਂਦਰੀ ਬਜਟ ਵਿੱਚ ਇਸ ਮਕਸਦ ਲਈ 490 ਕਰੋਡ਼ ਰੁਪਏ ਵਿਸ਼ੇਸ਼ ਤੌਰ ‘ਤੇ ਰੱਖੇ ਹਨ। ਇਸ ਯੋਜਨਾ ਨੂੰ ਨੈਸ਼ਨਲ ਸਮਾਲ ਇੰਡਸਟਰੀਜ਼ ਕਾਰਪੋਰੇਸ਼ਨ ਲਿਮਟਿਡ ਵੱਲੋਂ ਚਲਾਇਆ ਜਾਵੇਗਾ।
ਉਨਾਂ   ਕਿਹਾ ਕਿ ਲੁਧਿਆਣਾ ਦੇ ਨੈਸ਼ਨਲ ਐੱਸ. ਸੀ. ਐੱਸ. ਟੀ. ਹੱਬ ਵਜੋਂ ਵਿਕਸਤ ਹੋਣ ਨਾਲ ਸ਼ਹਿਰ ਅਤੇ ਸੂਬੇ ਦੇ ਵਿਕਾਸ ਨੂੰ ਇੱਕ ਨਵੀਂ ਦਿਸ਼ਾ ਤਾਂ ਮਿਲੇਗੀ ਹੀ, ਸਗੋਂ ਇਸ ਨਾਲ ਕੇਂਦਰੀ ਖਰੀਦ ਯੋਜਨਾ-2012 ਦੇ ਟੀਚਿਆਂ ਨੂੰ ਪ੍ਰਾਪਤ ਕਰਨ ਵਿੱਚ ਵੀ ਲਾਭ ਮਿਲੇਗਾ। ਦੱਸਣਯੋਗ ਹੈ ਕਿ ਕੇਂਦਰੀ ਖਰੀਦ ਯੋਜਨਾ-2012 ਤਹਿਤ ਕੇਂਦਰੀ, ਜਨਤਕ ਅਦਾਰੇ ਅਤੇ ਹੋਰ ਵਿਭਾਗਾਂ ਨੂੰ 20 ਫੀਸਦੀ ਖਰੀਦ ਸੂਖ਼ਮ, ਲਘੂ ਅਤੇ ਦਰਮਿਆਨੇ ਉਦਯੋਗਾਂ ਤੋਂ ਜ਼ਰੂਰੀ ਕਰਨੀ ਨਿਰਧਾਰਤ ਕੀਤੀ ਗਈ ਹੈ। ਇਸ 20 ਫੀਸਦੀ ਵਿੱਚੋਂ 4 ਫੀਸਦੀ ਖਰੀਦ ਅਨੁਸੂਚਿਤ ਜਾਤੀ ਅਤੇ ਅਨੁਸੂਚਿਤ ਜਨ ਜਾਤੀ ਉੱਦਮੀਆਂ ਤੋਂ ਵੀ ਕਰਨੀ ਜ਼ਰੂਰੀ ਹੈ।


ਇਸ ਮੌਕੇ ਕਈ ਕੰਪਨੀਆਂ ਅਤੇ ਅਦਾਰਿਆਂ ਵੱਲੋਂ ਆਪਣੀਆਂ ਪ੍ਰਦਰਸ਼ਨੀਆਂ ਅਤੇ ਸਟਾਲ ਵੀ ਲਗਾਏ ਗਏ ਸਨ। ਉੱਦਮੀਆਂ ਦੀ ਡਾਇਰੈਕਟਰੀ ਵੀ ਰਿਲੀਜ਼ ਕੀਤੀ ਗਈ। ਸਮਾਗਮ ਨੂੰ ਹੋਰਨਾਂ ਤੋਂ ਇਲਾਵਾ ਸਾਬਕਾ ਵਿਧਾਇਕ  ਇੰਦਰ ਇਕਬਾਲ ਸਿੰਘ ਅਟਵਾਲ, ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਸਾਬਕਾ ਚੇਅਰਮੈਨ ਰਾਜੇਸ਼ ਬਾਘਾ, ਡਾਇਰੈਕਟਰ ਐੱਮ. ਐੱਸ. ਐੱਮ.. ਈ.ਲੁਧਿਆਣਾ ਮੇਜਰ ਸਿੰਘ, ਨੈਸ਼ਨਲ ਸਮਾਨ ਇੰਡਸਟਰੀਜ਼ ਕਾਰਪੋਰੇਸ਼ਨ ਲਿਮਟਿਡ ਦੇ ਜ਼ੋਨਲ ਜਨਰਲ ਮੈਨੇਜਰ ਸ੍ਰ. ਪਰਮਜੀਤ ਸਿੰਘ, ਜਨਰਲ ਮੈਨੇਜਰ ਜ਼ਿਲਾ ਉਦਯੋਗ ਕੇਂਦਰ ਅਮਰਜੀਤ ਸਿੰਘ ਅਤੇ ਹੋਰਨਾਂ ਨੇ ਸੰਬੋਧਨ ਕੀਤਾ। ਸਮਾਗਮ ਦੌਰਾਨ ਲੁਧਿਆਣਾ ਕੇਂਦਰ ਦੇ ਮੁੱਖੀ ਰਵੀ ਕਾਂਤ ਅਤੇ ਹਜ਼ਾਰਾਂ ਦੀ ਗਿਣਤੀ ਵਿੱਚ ਉੱਦਮੀ ਅਤੇ ਲੋਕ ਹਾਜ਼ਰ ਸਨ।

10840cookie-check‘ਨੈਸ਼ਨਲ ਐੱਸ. ਸੀ. ਐੱਸ. ਟੀ. ਹੱਬ’ ਯੋਜਨਾ ਨੂੰ ਸੂਬੇ ਵਿੱਚ ਸਹੀ ਮਾਅਨਿਆਂ ਵਿੱਚ ਲਾਗੂ ਕੀਤਾ ਜਾਵੇਗਾ-ਸਾਧੂ ਸਿੰਘ ਧਰਮਸੋਤ

Leave a Reply

Your email address will not be published. Required fields are marked *

error: Content is protected !!