ਗੁਰੂ ਗੋਬਿੰਦ ਸਿੰਘ ਜੀ ਨੇ ‘ਦਲੇਰੀ ਅਤੇ ਨਿਡਰਤਾ ਨਾਲ ਮਨੁੱਖਤਾ ਦੀ ਸੇਵਾ’ ਦਾ ਸੰਦੇਸ਼ ਦਿੱਤਾ-ਰਾਣਾ ਗੁਰਜੀਤ ਸਿੰਘ

Loading

ਗੁਰੂ ਗੋਬਿੰਦ ਸਿੰਘ ਜੀ ਦੇ 350ਵੇਂ ਪ੍ਰਕਾਸ਼ ਪੁਰਬ ਸੰਬੰਧੀ ਵਿਸ਼ੇਸ਼ ਸਮਾਗਮ ਦਾ ਆਯੋਜਨ ਸ੍ਰੀ ਆਨੰਦਪੁਰ ਸਾਹਿਬ ਵਿਖੇ

ਲੁਧਿਆਣਾ, 21 ਦਸੰਬਰ ( ਸਤ ਪਾਲ ਸੋਨੀ ) :  ”ਸਿੱਖ ਧਰਮ ਸਮੇਤ ਬਹੁਤ ਸਾਰੇ ਧਰਮਾਂ ਨੇ ਮਨੁੱਖਤਾ ਦੀ ਸੇਵਾ ਦਾ ਸੰਦੇਸ਼ ਦਿੱਤਾ ਹੈ ਪਰ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ‘ਦਲੇਰੀ ਅਤੇ ਨਿਡਰਤਾ ਨਾਲ ਮਨੁੱਖਤਾ ਦੀ ਸੇਵਾ’ ਦਾ ਸੰਦੇਸ਼ ਦਿੰਦਿਆਂ ਸਿੱਖ ਨੂੰ ਹਰ ਮਾਡ਼ੇ ਕੰਮ, ਜ਼ਬਰ, ਜ਼ੁਲਮ ਅਤੇ ਭੇਦ ਭਾਵ ਦਾ ਟਾਕਰਾ ਦਾ ਸੰਦੇਸ਼ ਦਿੱਤਾ ਹੈ”। ਇਹ ਵਿਚਾਰ ਪੰਜਾਬ ਸਰਕਾਰ ਦੇ ਸਿੰਚਾਈ ਅਤੇ ਬਿਜਲੀ ਮੰਤਰੀ ਸ੍ਰ. ਰਾਣਾ ਗੁਰਜੀਤ ਸਿੰਘ ਨੇ ਅੱਜ ਸਥਾਨਕ ਪੰਜਾਬ ਖੇਤੀਬਾਡ਼ੀ ਯੂਨੀਵਰਸਿਟੀ ਵਿਖੇ ਪੰਜਾਬ ਸਰਕਾਰ ਵੱਲੋਂ ਗੁਰੂ ਗੋਬਿੰਦ ਸਿੰਘ ਜੀ ਦੇ 350ਵੇਂ ਪ੍ਰਕਾਸ਼ ਉਤਸਵ ਸੰਬੰਧੀ ਕਰਵਾਏ ਗਏ ‘ਸਿੰਪੋਜ਼ੀਅਮ’ ਨੂੰ ਸੰਬੋਧਨ ਕਰਦਿਆਂ ਪ੍ਰਗਟ ਕੀਤੇ। ਉਨਾਂ ਕਿਹਾ ਕਿ ਸਿੱਖ ਧਰਮ ਅਤੇ ਇਸ ਦੀਆਂ ਵਡਿਆਈ ਦੀਆਂ ਕਈ ਉਦਾਹਰਨਾਂ ਅੱਜ ਸਾਡੇ ਸਾਹਮਣੇ ਹਨ। ਸਿੱਖ ਧਰਮ ਦੇ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਸ਼ੁਰੂ ਕੀਤੇ ਗਏ ਲੋਕਾਈ ਦੀ ਭਲਾਈ ਦੇ ਕਾਰਜ ਨੂੰ ਦਸ ਗੁਰੂ ਸਾਹਿਬਾਨ ਨੇ ਆਪਣੇ-ਆਪਣੇ ਤਰੀਕੇ ਨਾਲ ਅੱਗੇ ਲਿਜਾਣ ਦੀ ਕੋਸ਼ਿਸ਼ ਕੀਤੀ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਹੋਰ ਸਾਰੇ ਕਾਰਜਾਂ ਦੇ ਨਾਲ-ਨਾਲ ਮਨੁੱਖਤਾ ਦੀ ਸੇਵਾ ਵਾਲੇ ਕਾਰਜ ਨੂੰ ਵੀ ਅੱਗੇ ਤੋਰਿਆ। ਉਨਾਂ ਇਸ ਕਾਰਜ ਨੂੰ ‘ਦਲੇਰੀ ਅਤੇ ਨਿਡਰਤਾ’ ਨਾਲ ਕਰਨ ਦਾ ਰਾਹ ਦੱਸਿਆ। ਜਿਸ ਦੀ ਬਦੌਲਤ ਇੱਕ ਨਵੇਂ ਸਿੱਖ ਧਰਮ ਦਾ ਜਨਮ ਹੋਇਆ ਅਤੇ ਇਹ ਧਰਮ ਅੱਜ ਵਿਸ਼ਵ ਦੇ ਕੋਨੇ-ਕੋਨੇ ਵਿੱਚ ਮਨੁੱਖਤਾ ਦੀ ਸੇਵਾ ਲਈ ਜਾਣਿਆ ਜਾਂਦਾ ਹੈ।
ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਜਿੱਥੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350ਵੇਂ ਪ੍ਰਕਾਸ਼ ਪੁਰਬ ਨੂੰ ਪੂਰੀ ਸ਼ਾਨੋ-ਸ਼ੌਕਤ ਨਾਲ 24 ਦਸੰਬਰ ਨੂੰ ਸ੍ਰੀ ਆਨੰਦਪੁਰ ਸਾਹਿਬ ਵਿਖੇ ਮਨਾ ਰਹੀ ਹੈ, ਉਥੇ ਹੀ ਫੈਸਲਾ ਕੀਤਾ ਗਿਆ ਹੈ ਕਿ ਸਾਲ 2019 ਵਿੱਚ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਵੀ ਪੂਰੋ ਜਾਹੋ-ਜਲਾਲ ਨਾਲ ਥਾਂ-ਥਾਂ ਮਨਾਇਆ ਜਾਵੇਗਾ। ਮੁੱਖ ਸਮਾਗਮ ਸੁਲਤਾਨਪੁਰ ਲੋਧੀ ਵਿਖੇ ਮਨਾਇਆ ਜਾਵੇਗਾ। ਜਿਸ ਲਈ ਉਨਾਂ ਸਿੱਖ ਵਿਦਵਾਨਾਂ ਅਤੇ ਸਾਹਿਤਕਾਰਾਂ ਤੋਂ ਸਹਿਯੋਗ ਦੀ ਮੰਗ ਕੀਤੀ। ਉਨਾਂ 350 ਸਾਲਾ ਸਮਾਗਮ ਮਨਾਉਣ ਲਈ ਬਿਹਾਰ ਦੀ ਨਿਤਿਸ਼ ਕੁਮਾਰ ਦੀ ਅਗਵਾਈ ਵਾਲੀ ਸਰਕਾਰ ਦੀ ਵਿਸ਼ੇਸ਼ ਤੌਰ ‘ਤੇ ਸ਼ਲਾਘਾ ਕੀਤੀ। ਸਮਾਗਮ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਚੋਣ ਵਾਅਦੇ ਨੂੰ ਪੂਰਾ ਕਰਦਿਆਂ 1 ਜਨਵਰੀ, 2018 ਤੋਂ ਸਨਅਤਕਾਰਾਂ ਨੂੰ 5 ਰੁਪਏ ਪ੍ਰਤੀ ਯੂਨਿਟ ਬਿਜਲੀ ਦੀ ਸਹੂਲਤ ਦਿੱਤੀ ਜਾਵੇਗੀ। ਜਿਸ ਲਈ ਪੰਜਾਬ ਸਰਕਾਰ ਵੱਲੋਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਉਨਾਂ ਕਿਹਾ ਕਿ ਸਸਤੀ ਬਿਜਲੀ ਸੰਬੰਧੀ ਸਨਅਤਕਾਰਾਂ ਦੀ ਮੰਗ ਨੂੰ ਪੰਜਾਬ ਸਰਕਾਰ ਨੇ ਮੰਨ ਲਿਆ ਹੈ, ਜਿਸ ਉਪਰੰਤ ਦੋਵੇਂ ਧਿਰਾਂ ਸੰਤੁਸ਼ਟ ਹਨ। ਬਿਜਲੀ ਦੀਆਂ ਦਰਾਂ ਵਧਣ ਬਾਰੇ ਉਨਾਂ ਕਿਹਾ ਕਿ ਅਸਲ ਵਿੱਚ ਬਿਜਲੀ ਰੇਗੂਲੇਟਰੀ ਅਥਾਰਟੀ ਵੱਲੋਂ ਅਕਤੂਬਰ 2017 ਮਹੀਨੇ ਵਿੱਚ ਬਿਜਲੀ ਦੀਆਂ ਦਰਾਂ ਵਧਾ ਦਿੱਤੀਆਂ ਗਈਆਂ ਸਨ, ਜੋ ਕਿ 1 ਅਪ੍ਰੈੱਲ, 2017 ਤੋਂ ਲਾਗੂ ਕੀਤੀਆਂ ਗਈਆਂ ਸਨ, ਇਸੇ ਕਾਰਨ ਇਹ ਭਾਰੀ ਬੋਝ ਸਨਅਤਕਾਰਾਂ ‘ਤੇ ਪੈ ਗਿਆ ਸੀ। ਇਸ ਸੰਬੰਧੀ ਸਨਅਤਕਾਰਾਂ ਦੇ ਬੋਝ ਨੂੰ ਘੱਟ ਕਰਨ ਲਈ ਪੰਜਾਬ ਸਰਕਾਰ ਵੱਲੋਂ ਇਸਦਾ ਅੱਧਾ ਬੋਝ ਆਪਣੇ ਸਿਰ ਲਿਆ ਗਿਆ ਹੈ।
ਉਨਾਂ ਸਪੱਸ਼ਟ ਕੀਤਾ ਕਿ ਪੰਜਾਬ ਸਰਕਾਰ ਵੱਲੋਂ ਬਠਿੰਡਾ ਅਤੇ ਰੋਪਡ਼ ਥਰਮਲ ਪਲਾਂਟ ਦੇ ਯੂਨਿਟ ਬੰਦ ਕਰਨ ਦੇ ਫੈਸਲੇ ਨਾਲ ਉਥੇ ਕੰਮ ਕਰਦੇ ਮੁਲਾਜ਼ਮਾਂ ਦੀ ਨੌਕਰੀ ਨੂੰ ਕੋਈ ਨੁਕਸਾਨ ਨਹੀਂ ਹੋਵੇਗਾ। ਉਨਾਂ ਭਰੋਸਾ ਦਿੱਤਾ ਕਿ ਇਨਾਂ ਸਾਰੇ ਮੁਲਾਜ਼ਮਾਂ ਨੂੰ ਸਹੀ ਜਗਾ ‘ਤੇ ਐਡਜਸਟ ਕੀਤਾ ਜਾਵੇਗਾ। ਉਨਾਂ ਕਿਹਾ ਕਿ ਸੂਬੇ ਵਿੱਚ ਮੌਜੂਦਾ ਸਮੇਂ ਬਿਜਲੀ ਦੀ ਕੋਈ ਕਮੀ ਨਹੀਂ ਹੈ। ਜੇਕਰ ਕਿਸੇ ਹੋਰ ਸੂਬੇ ਤੋਂ ਸਸਤੀ ਬਿਜਲੀ ਮਿਲੇਗੀ ਤਾਂ ਉਹ ਪੰਜਾਬ ਸਰਕਾਰ ਖਰੀਦੇਗੀ। ਥਰਮਲ ਪਲਾਂਟਾਂ ਦੇ ਬੰਦ ਹੋਣ ਨਾਲ ਸੂਬੇ ਦੀ ਵਿਕਾਸ ਗਤੀ ਨੂੰ ਕੋਈ ਠੇਸ ਨਹੀਂ ਪੁੱਜੇਗੀ।
ਇਸ ਤੋਂ ਸਮਾਗਮ ਦੌਰਾਨ ਪ੍ਰਸਿੱਧ ਵਿਦਵਾਨ ਡਾ. ਹਰਪਾਲ ਸਿੰਘ ਪੰਨੂੰ ਨੇ ‘ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜੀਵਨ ਅਤੇ ਫਲਸਫਾ’, ਡਾ. ਜਸਬੀਰ ਸਿੰਘ ਸਾਬਰ ਨੇ ‘ਆਪੇ ਗੁਰ ਚੇਲਾ’, ਡਾ. ਬਲਵਿੰਦਰਪਾਲ ਸਿੰਘ ਨੇ ‘ਮਾਨਸ ਕੀ ਜਾਤਿ ਸਭੈ ਏਕੇ ਪਹਿਚਾਨਬੋ’ ਅਤੇ ਡਾ. ਸਰਬਜੀਤ ਸਿੰਘ ਨੇ ‘ਜ਼ਫਰਨਾਮਾ’ ਵਿਸ਼ਿਆਂ ‘ਤੇ ਆਪਣੇ-ਵਿਚਾਰ ਪੇਸ਼ ਕੀਤੇ ਅਤੇ ਬਹੁਤ ਹੀ ਵਧੀਆ ਜਾਣਕਾਰੀ ਦਰਸ਼ਕਾਂ ਨਾਲ ਸਾਂਝੀ ਕੀਤੀ। ਪੰਜਾਬ ਖੇਤੀਬਾਡ਼ੀ ਯੂਨੀਵਰਸਿਟੀ ਦੇ ਉੱਪ ਕੁਲਪਤੀ ਡਾ. ਬਲਦੇਵ ਸਿੰਘ ਔਲਖ਼ ਨੇ ਸਮੂਹ ਹਾਜ਼ਰੀਨ ਨੂੰ ਜੀ ਆਇਆਂ ਨੂੰ ਕਿਹਾ ਅਤੇ ਇਸ ਸਮਾਗਮ ਬਾਰੇ ਚਾਨਣਾ ਪਾਇਆ। ਸਮਾਗਮ ਨੂੰ ਸਾਬਕਾ ਉਪ ਕੁਲਪਤੀ ਡਾ. ਖੇਮ ਸਿੰਘ ਗਿੱਲ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਪੁਸਤਕਾਂ ਦੀ ਪ੍ਰਦਰਸ਼ਨੀ ਵੀ ਲਗਾਈ ਗਈ ਅਤੇ ਇੱਕ ਕਿਤਾਬਚਾ ਵੀ ਰਿਲੀਜ਼ ਕੀਤਾ ਗਿਆ। ਇਸ ਮੌਕੇ ਐਡਵੋਕੇਟ . ਹਰਪ੍ਰੀਤ ਸਿੰਘ ਸੰਧੂ, ਸੁਸ਼ੀਲ ਮਲਹੋਤਰਾ ਅਤੇ ਹੋਰ ਕਈ ਸਖ਼ਸ਼ੀਅਤਾਂ ਹਾਜ਼ਰ ਸਨ।

10060cookie-checkਗੁਰੂ ਗੋਬਿੰਦ ਸਿੰਘ ਜੀ ਨੇ ‘ਦਲੇਰੀ ਅਤੇ ਨਿਡਰਤਾ ਨਾਲ ਮਨੁੱਖਤਾ ਦੀ ਸੇਵਾ’ ਦਾ ਸੰਦੇਸ਼ ਦਿੱਤਾ-ਰਾਣਾ ਗੁਰਜੀਤ ਸਿੰਘ

Leave a Reply

Your email address will not be published. Required fields are marked *

error: Content is protected !!