![]()

ਜ਼ਿਲਾ ਲੁਧਿਆਣਾ ਅਧੀਨ ਆਉਂਦੀਆਂ ਬੈਂਕਾਂ ਕੋਲ 55120 ਕਰੋਡ਼ ਰੁਪਏ ਦੀ ਜਮਾਂ ਰਾਸ਼ੀ
ਲੁਧਿਆਣਾ, 20 ਦਸੰਬਰ ( ਸਤ ਪਾਲ ਸੋਨੀ ) : ਬੈਂਕਾਂ ਅਤੇ ਵਿੱਤੀ ਲੈਣ ਦੇਣ ਨਾਲ ਜੁਡ਼ੀਆਂ ਏਜੰਸੀਆਂ ਦੀ ਦੂਜੀ ਤਿਮਾਹੀ ਦੀ ਕਾਰਗੁਜ਼ਾਰੀ ਦੀ ਸਮੀਖਿਆ ਕਰਨ ਲਈ ਜ਼ਿਲਾ ਪੱਧਰੀ ਰਿਵਿਊ ਕਮੇਟੀ ਦੀ ਮੀਟਿੰਗ ਅੱਜ ਸਥਾਨਕ ਬਚਤ ਭਵਨ ਵਿਖੇ ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਅਗਰਵਾਲ ਦੀ ਅਗਵਾਈ ਹੇਠ ਹੋਈ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵ) ਸ੍ਰੀਮਤੀ ਸੁਰਭੀ ਮਲਿਕ, ਸਹਾਇਕ ਕਮਿਸ਼ਨਰ ਪੁਲਿਸ ਰੁਪਿੰਦਰ ਕੌਰ, ਅਨੂਪ ਸਿੰਘ ਚਾਵਲਾ ਲੀਡ ਬੈਂਕ ਮੈਨੇਜਰ ਵਰਿੰਦਰਜੀਤ ਸਿੰਘ ਜ਼ੋਨਲ ਮੈਨੇਜਰ ਪੰਜਾਬ ਐਂਡ ਸਿੰਧ ਬੈਂਕ ਵਿਸ਼ੇਸ਼ ਮਹਿਮਾਨ ਵਜੋਂ ਪੁੱਜੇ। ਇਸ ਤੋਂ ਇਲਾਵਾ ਬੈਂਕਾਂ ਨਾਲ ਸੰਬੰਧਤ ਹੋਰ ਵੀ ਕਈ ਅਧਿਕਾਰੀ ਵੱਡੀ ਗਿਣਤੀ ਵਿੱਚ ਪੁੱਜੇ ਹੋਏ ਸਨ।
ਮੀਟਿੰਗ ਦੌਰਾਨ ਸੰਬੋਧਨ ਕਰਦਿਆਂ ਸ੍ਰੀ ਅਗਰਵਾਲ ਨੇ ਬੈਂਕਾਂ ਨੂੰ ਅਕਤੂਬਰ 2017 ਮਹੀਨੇ ਜਾਰੀ ਹੋਏ ਕਰਜ਼ਾ ਮੁਆਫੀ ਨੋਟੀਫਿਕੇਸ਼ਨ ਬਾਰੇ ਬਣਦੀ ਕਾਰਵਾਈ ਕਰਨ ਦੀ ਹਦਾਇਤ ਕੀਤੀ। ਉਨਾਂ ਇਹ ਵੀ ਕਿਹਾ ਕਿ ਭਾਰਤੀ ਰਿਜ਼ਰਵ ਬੈਂਕ ਵੱਲੋਂ ਬੈਂਕ ਖ਼ਾਤਿਆਂ ਨੂੰ ਆਧਾਰ ਕਾਰਡ ਨਾਲ ਲਿੰਕ ਕਰਨ ਸੰਬੰਧੀ ਤੈਅ ਸਮਾਂ ਸੀਮਾ ਵਿੱਚ ਕਾਰਵਾਈ ਮੁਕੰਮਲ ਕੀਤੀ ਜਾਵੇ। ਉਨਾਂ ਨੇ ਜ਼ਿਲੇ ਦੇ ਸਮੂਹ ਬੈਂਕ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਪ੍ਰਧਾਨ ਮੰਤਰੀ ਅਵਾਸ ਯੋਜਨਾ ਸਕੀਮ ਅਧੀਨ ਯੋਗਪਾਤਰੀਆਂ ਨੂੰ ਬਣਦਾ ਲਾਭ ਦਿੱਤਾ ਜਾਵੇ। ਉਨਾਂ ਨੇ ਬੈਂਕ ਅਧਿਕਾਰੀਆਂ ਨੂੰ ਇਹ ਵੀ ਇਹ ਵੀ ਹਦਾਇਤ ਕੀਤੀ ਕਿ ਪ੍ਰਧਾਨ ਮੰਤਰੀ ਅਵਾਸ ਯੋਜਨਾ ਅਧੀਨ ਅਪਲਾਈ ਕਰਨ ਵਾਲੇ ਵਿਅਕਤੀਆਂ ਦੀਆਂ ਅਰਜ਼ੀਆਂ ਨੂੰ ਬਿਨਾਂ ਕਿਸੇ ਠੋਸ ਕਾਰਨ ਦੇ ਰੱਦ ਨਾ ਕੀਤਾ ਜਾਵੇ, ਤਾਂ ਕਿ ਵੱਧ ਤੋਂ ਵੱਧ ਵਿਅਕਤੀ ਇਸ ਸਕੀਮ ਦਾ ਲਾਭ ਉਠਾ ਸਕਣ। ਉਨਾਂ ਜ਼ਿਲੇ ਦੇ ਸਮੂਹ ਬੈਂਕ ਅਧਿਕਾਰੀਆਂ ਨੂੰ ਇਹ ਵੀ ਹਦਾਇਤ ਕੀਤੀ ਕਿ ਉਹ ਸਰਕਾਰੀ ਸਕੀਮਾਂ ਅਧੀਨ ਪ੍ਰਾਪਤ ਅਰਜ਼ੀਆਂ ਅਤੇ ਉਹਨਾਂ ‘ਤੇ ਕੀਤੀ ਕਾਰਵਾਈ ਦੀ ਰਿਪੋਰਟ ਹਰ ਮੰਗਲਵਾਰ ਸ਼ਾਮ 5 ਵਜੇ ਜ਼ਿਲਾ ਲੀਡ ਬੈਂਕ ਅਧਿਕਾਰੀ ਨੂੰ ਭੇਜ਼ਣੀ ਯਕੀਨੀ ਬਣਾਉਣ। ਉਨਾਂ ਕਿਹਾ ਕਿ ਲੋਕ ਭਲਾਈ ਸਕੀਮਾਂ ਨੂੰ ਲਾਗੂ ਕਰਨ ਵਿੱਚ ਕਿਸੇ ਵੀ ਬੈਂਕ ਦੀ ਕੋਤਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਲੀਡ ਬੈਂਕ ਮੈਨੇਜਰ ਸ੍ਰੀ ਚਾਵਲਾ ਨੇ ਮੀਟਿੰਗ ਦੀ ਕਾਰਵਾਈ ਚਲਾਉਂਦਿਆਂ ਦੱਸਿਆ ਕਿ 30 ਸਤੰਬਰ, 2017 ਤੱਕ ਜ਼ਿਲਾ ਲੁਧਿਆਣਾ ਅਧੀਨ ਆਉਂਦੀਆਂ ਸਾਰੀਆਂ ਬੈਂਕਾਂ ਕੋਲ 55120 ਕਰੋਡ਼ ਰੁਪਏ ਦੀ ਜਮਾਂ ਰਾਸ਼ੀ ਹੈ। ਕੁੱਲ ਅਡਵਾਂਸ ਰਾਸ਼ੀ 68331 ਕਰੋਡ਼ ਰੁਪਏ ਹੈ। ਇਸ ਤੋਂ ਇਲਾਵਾ ਤਰਜ਼ੀਹੀ ਖੇਤਰ ਵਿੱਚ ਅਡਵਾਂਸ 26494 ਕਰੋਡ਼ ਰੁਪਏ ਹੈ, ਖੇਤੀਬਾਡ਼ੀ ਅਡਵਾਂਸ 8406 ਕਰੋਡ਼ ਰੁਪਏ, ਗਰੀਬੀ ਰੇਖਾ ਤੋਂ ਹੇਠਾਂ ਵਾਲੇ ਤਬਕੇ ਲਈ 6128 ਕਰੋਡ਼ ਰੁਪਏ, ਛੋਟੇ ਕਿਸਾਨਾਂ ਲਈ 3616 ਕਰੋਡ਼ ਰੁਪਏ ਅਤੇ ਅਨੁਸੂਚਿਤ ਜਾਤੀਆਂ ਅਤੇ ਜਨ ਜਾਤੀਆਂ ਲਈ 826 ਕਰੋਡ਼ ਰੁਪਏ ਰੱਖੇ ਗਏ। ਉਨਾਂ ਕਿਹਾ ਕਿ ਕਰਜ਼ੇ ਜਾਰੀ ਕਰਨ ਵੇਲੇ ਔਰਤਾਂ, ਘੱਟ ਗਿਣਤੀਆਂ ਅਤੇ ਅਨੁਸੂਚਿਤ ਜਾਤੀਆਂ ਅਤੇ ਜਨ ਜਾਤੀਆਂ ਨੂੰ ਵਿਸ਼ੇਸ਼ ਤੌਰ ‘ਤੇ ਪ੍ਰਮੁੱਖਤਾ ਦਿੱਤੀ ਜਾਂਦੀ ਹੈ। ਉਨਾਂ ਦੱਸਿਆ ਕਿ ਆਧਾਰ ਕਾਰਡ ਨਾਲ ਬੈਂਕ ਖਾਤੇ ਲਿੰਕ ਕਰਨ ਦੀ ਆਖ਼ਰੀ ਮਿਤੀ ਮਾਰਚ 31, 2018 ਹੈ, ਅਜਿਹਾ ਨਾ ਕਰਨ ਦੀ ਸੂਰਤ ਵਿਚ ਸੰਬੰਧਤ ਖ਼ਾਤੇ ਤੋਂ ਵਿੱਤੀ ਲੈਣ-ਦੇਣ ਬੰਦ ਕਰ ਦਿੱਤਾ ਜਾਵੇਗਾ। ਉਨਾਂ ਅੱਗੇ ਦੱਸਿਆ ਕਿ ਵੱਖ-ਵੱਖ ਬੈਂਕਾਂ ਵੱਲੋਂ ਜ਼ਿਲਾ ਲੁਧਿਆਣਾ ਵਿੱਚ ਪ੍ਰਧਾਨ ਮੰਤਰੀ ਮੁਦਰਾ ਯੋਜਨਾ ਤਹਿਤ 326 ਖ਼ਾਤਿਆਂ ਅਧੀਨ 9 ਕਰੋਡ਼ ਰੁਪਏ ਦੀ ਆਰਥਿਕ ਸਹਾਇਤਾ ਜਾਰੀ ਕੀਤੀ ਗਈ।