November 21, 2024

Loading

ਯੂ. ਕੇ. ਇਟਲੀ ਅਤੇ ਕੈਨੇਡਾ ਵਿੱਚ ਬੈਠੇ ਸੰਚਾਲਕਾਂ ਬਾਰੇ ਅਹਿਮ ਜਾਣਕਾਰੀ ਮਿਲੀ,ਪੰਜਾਬ ਪੁਲਿਸ ਮੁੱਖੀ ਵੱਲੋਂ ਲੁਧਿਆਣਾ ਵਿਖੇ ਪ੍ਰੈੱਸ ਕਾਨਫਰੰਸ ਦੌਰਾਨ ਖੁਲਾਸਾ

ਲੁਧਿਆਣਾ, 10 ਨਵੰਬਰ ( ਸਤ ਪਾਲ ਸੋਨੀ ) :   ਪੰਜਾਬ ਪੁਲਿਸ ਨੇ ਲੰਘੇ ਸਮੇਂ ਦੌਰਾਨ ਸੋਚੀ ਸਮਝੀ ਸਾਜ਼ਿਸ਼ ਅਧੀਨ ਕੀਤੀਆਂ ਗਈਆਂ ਹੱਤਿਆਵਾਂ ਦੇ ਪ੍ਰਮੁੱਖ ਦੋਸ਼ੀ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫ਼ਲਤਾ ਹਾਸਿਲ ਕੀਤੀ ਹੈ। ਇਨਾਂ ਹੱਤਿਆਵਾਂ ਵਿੱਚ ਬ੍ਰਿਗੇਡੀਅਰ ਗਗਨੇਜਾ ਕਤਲ ਅਤੇ ਹੋਰ ਮਾਮਲੇ ਸ਼ਾਮਿਲ ਹਨ। ਆਰ. ਐੱਸ. ਐੱਸ., ਸ਼ਿਵ ਸੈਨਾ ਅਤੇ ਡੇਰਾ ਸੱਚਾ ਸੌਦਾ ਨੇਤਾਵਾਂ ਦੀਆਂ ਹੱਤਿਆਵਾਂ ਨਾਲ ਸੰਬੰਧਤ ਇਨਾਂ ਸੱਤ ਮਾਮਲਿਆਂ ਵਿੱਚੋਂ 6 ਮਾਮਲਿਆਂ ਵਿੱਚ ਹੁਣ ਤੱਕ 5 ਕਥਿਤ ਹੱਤਿਆਰਿਆਂ ਦੀ ਗ੍ਰਿਫ਼ਤਾਰੀ ਹੋ ਚੁੱਕੀ ਹੈ।
ਪੰਜਾਬ ਪੁਲਿਸ ਨੇ ਇਨਾਂ  ਘਟਨਾਵਾਂ ਨੂੰ ਅੰਜ਼ਾਮ ਦੇਣ ਲਈ ਪਾਕਿਸਤਾਨ ਦੀ ਏਜੰਸੀ ਆਈ. ਐੱਸ. ਆਈ. ਵੱਲੋਂ ਘਡ਼ੀ ਗਈ ਸਾਜਿਸ਼ ਤਹਿਤ ਹੱਤਿਆਰਿਆਂ ਦਾ ਸੰਚਾਲਨ ਕਰਨ ਵਾਲੇ ਯੂ. ਕੇ., ਇਟਲੀ ਅਤੇ ਕੈਨੇਡਾ ਨਾਲ ਸੰਬੰਧਤ ਵਿਅਕਤੀਆਂ ਬਾਰੇ ਵੀ ਅਹਿਮ ਜਾਣਕਾਰੀ ਪ੍ਰਾਪਤ ਕਰਨ ਵਿੱਚ ਸਫ਼ਲਤਾ ਹਾਸਿਲ ਕੀਤੀ ਹੈ। ਪੰਜਾਬ ਪੁਲਿਸ ਦੇ ਮੁੱਖੀ ਸ੍ਰੀ ਸੁਰੇਸ਼ ਅਰੋਡ਼ਾ ਨੇ ਅੱਜ ਲੁਧਿਆਣਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਨਾਂ  ਹੱਤਿਆਵਾਂ ਪਿੱਛੇ ਖਾਲਿਸਤਾਨ ਲਿਬਰੇਸ਼ਨ ਫੋਰਸ (ਕੇ. ਐੱਲ. ਐੱਫ਼.) ਦੀ ਭੂਮਿਕਾ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਉਨਾਂ  ਕਿਹਾ ਕਿ ਜਾਂਚ ਹਾਲੇ ਮੁੱਢਲੇ ਗੇਡ਼ ਵਿੱਚ ਹੀ ਹੋਣ ਕਰਕੇ ਹਾਲੇ ਜਿਆਦਾ ਵੇਰਵੇ ਸਾਂਝੇ ਕੀਤੇ ਜਾਣੇ ਸੰਭਵ ਨਹੀਂ ਹਨ। ਉਨਾਂ  ਕਿਹਾ ਕਿ ਇਨ•ਾਂ ਸਾਜਿਸ਼ਾਂ ਲਈ ਵਿਦੇਸ਼ਾਂ ਤੋਂ ਫੰਡਿੰਗ ਬਾਰੇ ਪਤਾ ਲੱਗਿਆ ਹੈ ਪਰ ਇਸ ਸੰਬੰਧੀ ਹੋਰ ਵੇਰਵੇ ਇਕੱਤਰ ਕੀਤੇ ਜਾ ਰਹੇ ਹਨ।
ਡੀ. ਜੀ. ਪੀ. (ਇੰਟੈਲੀਜੈਂਸ) ਸ੍ਰੀ ਦਿਨਕਰ ਗੁਪਤਾ ਅਤੇ ਹੋਰ ਸੀਨੀਅਰ ਪੁਲਿਸ ਅਧਿਕਾਰੀਆਂ ਦੀ ਹਾਜ਼ਰੀ ਵਿੱਚ ਗੱਲਬਾਤ ਕਰਦਿਆਂ ਪੁਲਿਸ ਮੁਖੀ ਨੇ ਕਿਹਾ ਕਿ ਇਨਾਂ  ਹੱਤਿਆਵਾਂ ਲਈ ਜਿੰਮੇਵਾਰ ਪੰਜਵਾਂ ਦੋਸ਼ੀ ਹਰਦੀਪ ਸਿੰਘ ਉਰਫ਼ ਸ਼ੇਰਾ ਪੁੱਤਰ ਦਲਜੀਤ ਸਿੰਘ ਵਾਸੀ ਪਿੰਡ ਮਾਜਰੀ ਕੀਹਨੇਵਾਲੀ ਡਾਕਖਾਨਾ ਅਮਲੋਹ (ਜ਼ਿਲਾ ਫਤਹਿਗਡ਼ ਸਾਹਿਬ) ਰਮਨਦੀਪ ਸਿੰਘ ਉਰਫ਼ ਕੈਨੇਡੀਅਨ ਉਰਫ਼ ਬਿੱਲਾ ਉਰਫ਼ ਚੂਟੀ ਭੈਣ ਪੁੱਤਰ ਗੁਰਦੇਵ ਸਿੰਘ ਵਾਸੀ ਚੂਹਡ਼ਵਾਲ, ਪੁਲਿਸ ਸਟੇਸ਼ਨ ਮੇਹਰਬਾਨ (ਲੁਧਿਆਣਾ) ਨਾਲ ਰਲ ਕੇ ਮੋਟਰਸਾਈਕਲਾਂ ‘ਤੇ ਸਵਾਰ ਹੋ ਕੇ ਹੱਤਿਆਵਾਂ ਨੂੰ ਅੰਜ਼ਾਮ ਦਿੰਦਾ ਸੀ।
ਦੱਸਣਯੋਗ ਹੈ ਕਿ ਰਮਨਦੀਪ ਨੂੰ ਲੰਘੇ ਬੁੱਧਵਾਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ, ਜਦਕਿ ਹਰਦੀਪ ਸਿੰਘ ਨੂੰ ਅੱਜ ਫਤਹਿਗਡ਼ ਸਾਹਿਬ ਸਥਿਤ ਬਾਜਵਾ ਜਿੰਮ ਤੋਂ ਉਸ ਵੇਲੇ ਗ੍ਰਿਫ਼ਤਾਰ ਕੀਤਾ ਗਿਆ, ਜਦੋਂ ਉਹ ਉਥੇ ਸਵੇਰੇ 7.30 ਵਜੇ ਵਰਜਿਸ਼ ਕਰਨ ਗਿਆ ਸੀ। ਸ੍ਰੀ ਅਰੋਡ਼ਾ ਨੇ ਕਿਹਾ ਕਿ ਹਰਦੀਪ ਸਿੰਘ ਹਰੇਕ ਘਟਨਾ ਨੂੰ ਅੰਜ਼ਾਮ ਦੇਣ ਤੋਂ ਬਾਅਦ ਵਿਦੇਸ਼ ਨੂੰ ਚਲਾ ਜਾਂਦਾ ਸੀ, ਜਿਸ ਕਾਰਨ ਉਸਨੂੰ ਇਨਾਂ  ਸਾਰੇ ਮਾਮਲਿਆਂ ਨਾਲ ਜੋਡ਼ਨ ਵਿੱਚ ਦਿੱਕਤ ਪੇਸ਼ ਆ ਰਹੀ ਸੀ।  ਉਨਾਂ  ਦੱਸਿਆ ਕਿ ਹਰਦੀਪ 6 ਅਗਸਤ, 2016 ਨੂੰ ਆਰ. ਐੱਸ. ਐੱਸ. ਨੇਤਾ ਗਗਨੇਜਾ ਨੂੰ ਮੌਤ ਦੇ ਘਾਟ ਉਤਾਰਨ ਉਪਰੰਤ 12 ਅਗਸਤ, 2016 ਨੂੰ ਇਟਲੀ ਨੂੰ ਚਲਾ ਗਿਆ ਸੀ। ਇਹ ਕੇਸ ਕੇਂਦਰੀ ਜਾਂਚ ਬਿਊਰੋ (ਸੀ. ਬੀ. ਆਈ.) ਨੂੰ ਸੌਂਪਿਆ ਗਿਆ ਸੀ ਪਰ ਇਸ ਮਾਮਲੇ ਵਿੱਚ ਕੋਈ ਵੀ ਸੂਹ ਨਾ ਮਿਲਣ ਦੇ ਚੱਲਦਿਆਂ ਕੇਂਦਰੀ ਜਾਂਚ ਬਿਊਰੋ ਨੂੰ ਵੀ ਕੋਈ ਸਫ਼ਲਤਾ ਹਾਸਿਲ ਨਾ ਹੋਈ ਸੀ।
ਸ੍ਰੀ ਅਰੋਡ਼ਾ ਨੇ ਦੱਸਿਆ ਕਿ ਇਨਾਂ  ਮਾਮਲਿਆਂ ਵਿੱਚ ਪਹਿਲਾਂ ਵੀ ਤਿੰਨ ਦੋਸ਼ੀਆਂ ਵਿੱਚੋਂ ਜੰਮੂ ਵਾਸੀ ਜਿੰਮੀ ਸਿੰਘ, ਜੋ ਕਿ ਕਈ ਸਾਲ ਯੂ. ਕੇ. ਬਿਤਾਉਣ ਉਪਰੰਤ ਭਾਰਤ ਪਰਤਿਆ ਸੀ, ਨੂੰ 1 ਨਵੰਬਰ, 2017 ਨੂੰ ਨਵੀਂ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਗ੍ਰਿਫ਼ਤਾਰ ਕੀਤਾ ਸੀ। ਇਸ ਤੋਂ ਇਲਾਵਾ ਜਗਤਾਰ ਸਿੰਘ ਜੌਹਲ ਉਰਫ਼ ਜੱਗੀ (ਜੋ ਕਿ ਯੂ. ਕੇ. ਦਾ ਨਾਗਰਿਕ ਹੈ ਅਤੇ ਉਸਨੇ ਪਿਛਲੇ ਮਹੀਨੇ ਹੀ ਵਿਆਹ ਕੀਤਾ ਸੀ) ਅਤੇ ਧਰਮਿੰਦਰ ਉਰਫ਼ ਗੁਗਨੀ (ਮੇਹਰਬਾਨ ਲੁਧਿਆਣਾ ਦਾ ਗੈਂਗਸਟਰ ਜੋ ਕਿ ਹੱਤਿਆਰਿਆਂ ਨੂੰ ਹਥਿਆਰ ਸਪਲਾਈ ਕਰਦਾ ਸੀ) ਨੂੰ ਗ੍ਰਿਫ਼ਤਾਰ ਕੀਤਾ ਸੀ।
ਉਨਾਂ  ਕਿਹਾ ਕਿ ਇਨਾਂ  ਗ੍ਰਿਫ਼ਤਾਰੀਆਂ ਨਾਲ ਸੱਤ ਨੇਤਾਵਾਂ ਦੇ ਕਤਲਾਂ ਤੋਂ ਇਲਾਵਾ ਆਰ. ਐੱਸ. ਐੱਸ. ਦੀਆਂ ਸ਼ਾਖਾਵਾਂ ਅਤੇ ਲੁਧਿਆਣਾ ਦੇ ਹਿੰਦੂ ਨੇਤਾ ਅਮਿਤ ਅਰੋਡ਼ਾ ‘ਤੇ ਗੋਲੀਬਾਰੀ ਦੀਆਂ ਘਟਨਾਵਾਂ ਨੂੰ ਵੀ ਸੁਲਝਾ ਲਿਆ ਹੈ। ਉਨਾਂ  ਕਿਹਾ ਕਿ ਅਪ੍ਰੈੱਲ 2016 ਤੋਂ ਫਰਵਰੀ 2017 ਤੱਕ ਪੰਜ ਘਟਨਾਵਾਂ ਵਾਪਰੀਆਂ, ਜਦਕਿ ਦੋ ਘਟਨਾਵਾਂ ਨੂੰ ਜੁਲਾਈ ਅਤੇ ਅਕਤੂਬਰ 2017 ਵਿੱਚ ਅੰਜ਼ਾਮ ਦਿੱਤਾ ਗਿਆ।
ਉਨਾਂ  ਕਿਹਾ ਕਿ ਘੱਟ ਗਿਣਤੀ ਨੇਤਾਵਾਂ ਨੂੰ ਨਿਸ਼ਾਨਾ ਬਣਾ ਕੇ ਸੂਬੇ ਵਿੱਚ ਫਿਰਕੂ ਸਦਭਾਵਨਾ ਦੇ ਮਾਹੌਲ ਨੂੰ ਵਿਗਾਡ਼ਨ ਦੀ ਸਾਜ਼ਿਸ਼ ਪਿੱਛੇ ਪਾਕਿਸਤਾਨ, ਯੂ. ਕੇ., ਇਟਲੀ, ਕੈਨੇਡਾ ਅਤੇ ਹੋਰ ਯੂਰਪੀ ਦੇਸ਼ਾਂ ਵਿੱਚ ਅੱਤਵਾਦੀਆਂ ਦਾ ਹੱਥ ਸੀ। ਪੁਲਿਸ ਮੁੱਖੀ ਨੇ ਕਿਹਾ ਕਿ ਪੁਲਿਸ ਕੋਲ ਇਨਾਂ  ਵਿਅਕਤੀਆਂ ਬਾਰੇ ਪੁਖ਼ਤਾ ਜਾਣਕਾਰੀ ਹੈ, ਜੋ ਕਿ ਹਾਲੇ ਸਾਂਝੀ ਨਹੀਂ ਕੀਤੀ ਜਾ ਸਕਦੀ ਕਿਉਂਕਿ ਇਸ ਨਾਲ ਜਾਂਚ ਪ੍ਰਭਾਵਿਤ ਹੋ ਸਕਦੀ ਹੈ।

ਉਨਾਂ  ਕਿਹਾ ਕਿ ਇਨਾਂ  ਹੱਤਿਆਵਾਂ ਦੌਰਾਨ ਵਰਤੇ ਗਏ ਤਿੰਨ ਮੋਟਰਸਾਈਕਲ ਅਤੇ ਪੰਜ ਹਥਿਆਰ ਬਰਾਮਦ ਕਰ ਲਏ ਗਏ ਹਨ। ਹਥਿਆਰਾਂ ਵਿੱਚ 9 ਐੱਮ. ਐੱਮ. ਪਿਸਤੌਲ, 32 ਬੋਰ ਪਿਸਤੌਲ, 30 ਬੋਰ ਪਿਸਤੌਲ, 315 ਬੋਰ ਪਿਸਟਲ (ਸਿੰਗਲ ਸ਼ਾਟ ਕੰਟਰੀ ਮੇਡ), ਏਅਰ ਪਿਸਟਲ (ਸਵਿੱਸ ਮੇਡ) ਅਤੇ 60 ਕਾਰਤੂਸ ਸ਼ਾਮਿਲ ਹਨ। ਏਅਰ ਪਿਸਟਲ ਨੂੰ ਦੋਸ਼ੀਆਂ ਵੱਲੋਂ ਟਰੇਨਿੰਗ ਲਈ ਵਰਤਿਆ ਜਾਂਦਾ ਸੀ।
ਉਨਾਂ  ਕਿਹਾ ਕਿ ਗਗਨੇਜਾ ਦੀ ਮੌਤ ਲਈ ਵਰਤਿਆ ਗਿਆ ਮੋਟਰਸਾਈਕਲ ਘਟਨਾ ਉਪਰੰਤ ਹਤਿਆਰਿਆਂ ਵੱਲੋਂ ਸਰਹਿੰਦ ਨਹਿਰ ਵਿੱਚ ਸੁੱਟ ਦਿੱਤਾ ਗਿਆ ਸੀ, ਜੋ ਕਿ ਅੱਜ ਹਰਦੀਪ ਦੀ ਗ੍ਰਿਫ਼ਤਾਰ ਉਪਰੰਤ ਉਸਦੀ ਸ਼ਨਾਖ਼ਤ ‘ਤੇ ਬਰਾਮਦ ਕਰ ਲਿਆ ਗਿਆ ਹੈ। ਮੁੱਢਲੀ ਜਾਂਚ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਪੰਜਾਬ ਦੇ ਮਾਹੌਲ ਨੂੰ ਵਿਗਾਡ਼ਨ ਇਹ ਅੰਤਰਰਾਸ਼ਟਰੀ ਸਾਜਿਸ਼ ਵਿਦੇਸ਼ੀ ਧਰਤੀ ‘ਤੇ ਘਡ਼ੀ ਗਈ ਸੀ।
ਉਨ•ਾਂ ਕਿਹਾ ਕਿ ਇਹ ਸਾਜਿਸ਼ ਪੇਸ਼ੇਵਰ ਵਿਅਕਤੀਆਂ ਵੱਲੋਂ ਬਹੁਤ ਹੀ ਯੋਜਨਾਬੱਧ ਤਰੀਕੇ ਨਾਲ ਰਚੀ ਗਈ ਸੀ, ਜਿਸ ਤਹਿਤ ਅਪਰਾਧੀ ਘਟਨਾ ਨੂੰ ਅੰਜ਼ਾਮ ਦੇਣ ਉਪਰੰਤ ਕੋਈ ਵੀ ਨਿਸ਼ਾਨ ਪਿੱਛੇ ਨਹੀਂ ਛੱਡਦੇ ਸਨ, ਜਿਸ ਕਾਰਨ ਕੇਂਦਰੀ ਜਾਂਚ ਏਜੰਸੀਆਂ ਨੂੰ ਵੀ ਇਨਾਂ  ਘਟਨਾਵਾਂ ਨੂੰ ਸੁਲਝਾਉਣ ਵਿੱਚ ਮੁਸ਼ਕਿਲ ਪੇਸ਼ ਆ ਰਹੀ ਸੀ। ਦੂਜੇ ਪਾਸੇ ਘੱਟ ਗਿਣਤੀ ਫਿਰਕਿਆਂ ਵਿੱਚ ਅਸੁਰੱਖਿਆ ਦੀ ਭਾਵਨਾ ਪੈਦਾ ਹੋ ਰਹੀ ਸੀ।
ਉਨ•ਾਂ ਕਿਹਾ ਕਿ ਪੰਜਾਬ ਦਾ ਮਾਹੌਲ ਖ਼ਰਾਬ ਕਰਨ ਦੀ ਨੀਅਤ ਨਾਲ ਹੀ ਆਰ. ਐੱਸ. ਐੱਸ. ਨੇਤਾਵਾਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਸੀ। ਉਹ ਘਟਨਾ ਨੂੰ ਅੰਜ਼ਾਮ ਦੇਣ ਤੋਂ ਪਹਿਲਾਂ ਬਕਾਇਦਾ ਆਪਣੇ ਨਿਸ਼ਾਨੇ ਦੀ ਰੇਕੀ ਕਰਦੇ ਸਨ। ਬ੍ਰਿਗੇਡੀਅਰ ਗਗਨੇਜਾ ਮਾਮਲੇ ਵਿੱਚ ਦੋਸ਼ੀ ਘਟਨਾ ਨੂੰ ਅੰਜ਼ਾਮ ਦੇਣ ਤੋਂ ਪਹਿਲਾਂ ਤਿੰਨ ਵਾਰ ਜਲੰਧਰ ਗਏ ਅਤੇ ਚੌਥੇ ਦਿਨ ਘਟਨਾ ਨੂੰ ਅੰਜ਼ਾਮ ਦਿੱਤਾ। ਉਹ ਘਟਨਾ ਨੂੰ ਅੰਜ਼ਾਮ ਦੇਣ ਵੇਲੇ ਸੀ. ਸੀ. ਟੀ. ਵੀ. ਕੈਮਰਿਆਂ ਤੋਂ ਬਚਣ ਲਈ ਮੂੰਹ ਢਕ ਲੈਂਦੇ ਸਨ ਅਤੇ ਹਰੇਕ ਘਟਨਾ ਤੋਂ ਬਾਅਦ ਆਪਣੇ ਕੱਪਡ਼ੇ ਨਸ਼ਟ ਕਰ ਦਿੰਦੇ ਸਨ।
ਸ੍ਰੀ ਅਰੋਡ਼ਾ ਨੇ ਕਿਹਾ ਕਿ ਪੰਜਾਬ ਪੁਲਿਸ ਯੂ. ਕੇ., ਕੈਨੇਡਾ ਅਤੇ ਇਟਲੀ ਵਿੱਚ ਬੈਠ ਕੇ ਸੋਸ਼ਲ ਮੀਡੀਆ ਰਾਹੀਂ ਇਸ ਪੂਰੇ ਨੈੱਟਵਰਕ ਨੂੰ ਕੰਟਰੋਲ ਕਰ ਰਹੇ ਇਨਾਂ  ਆਕਾਵਾਂ ਤੱਕ ਪੁੱਜਣ ਵਾਲੀ ਹੈ। ਇਹ ਲੋਕ ਸੋਸ਼ਲ ਮੀਡੀਆ ਰਾਹੀਂ ਕੱਟਡ਼ਪੰਥੀਆਂ ਨਾਲ ਸੰਪਰਕ ਕਰਕੇ ਉਨਾਂ  ਨੂੰ ਇਸ ਪਾਸੇ ਤੋਰਦੇ ਹਨ। ਉਨਾਂ  ਕਿਹਾ ਕਿ ਹਰਦੀਪ ਅਤੇ ਰਮਨਦੀਪ ਦੋਵੇਂ ਹੀ ਫੇਸਬੁੱਕ ਰਾਹੀਂ ਇਨਾਂ  ਦੇ ਸੰਪਰਕ ਵਿੱਚ ਆਏ ਸਨ।
ਉਨਾਂ  ਕਿਹਾ ਕਿ ਭਾਵੇਂਕਿ ਹਰਦੀਪ ਅਤੇ ਰਮਨਦੀਪ ਇੱਕ ਦੂਜੇ ਬਾਰੇ ਬਹੁਤਾ ਕੁਝ ਨਹੀਂ ਜਾਣਦੇ ਸਨ ਪਰ ਫਿਰ ਵੀ ਉਹਨਾਂ ਕਾਫੀ ਤਾਲਮੇਲ ਨਾਲ ਘਟਨਾਵਾਂ ਨੂੰ ਅੰਜ਼ਾਮ ਦਿੱਤਾ। ਉਨਾਂ  ਨੂੰ ਮੋਬਾਈਲ ਐਪਲੀਕੇਸ਼ਨ ਸਿਗਨਲ ਨਾਲ ਦਿਸ਼ਾ ਨਿਰਦੇਸ਼ ਦਿੱਤੇ ਜਾਂਦੇ ਸਨ ਅਤੇ ਸੌਖ਼ੇ ਨਿਸ਼ਾਨਿਆਂ ਦੀ ਭਾਲ ਕਰਨ ਲਈ ਕਿਹਾ ਜਾਂਦਾ ਸੀ। ਬ੍ਰਿਗੇਡੀਅਰ ਗਗਨੇਜਾ ਅਤੇ ਪਾਸਟਰ ਨੂੰ ਨਿਸ਼ਾਨਾ ਬਣਾਉਣ ਬਾਰੇ ਇਨਾਂ  ਨੂੰ ਇਨਾਂ  ਦੇ ਆਕਾਵਾਂ ਵੱਲੋਂ ਨਿਰਦੇਸ਼ ਦਿੱਤੇ ਗਏ ਸਨ, ਜਦਕਿ ਬਾਕੀ ਨਿਸ਼ਾਨੇ ਇਨਾਂ  ਵੱਲੋਂ ਖੁਦ ਹੀ ਨਿਰਧਾਰਤ ਕੀਤੇ ਗਏ ਸਨ। ਇਸ ਮੌਕੇ ਸ੍ਰੀ ਅਰੋਡ਼ਾ ਨੇ ਪੰਜਾਬ ਪੁਲਿਸ ਅਤੇ ਇੰਟੈਲੀਜੈਂਸ ਦੇ ਸੀਨੀਅਰ ਅਧਿਕਾਰੀਆਂ ਸਮੇਤ ਪੂਰੀ ਟੀਮ ਦੀ ਵਿਸ਼ੇਸ਼ ਤੌਰ ‘ਤੇ ਸਰਾਹਨਾ ਕੀਤੀ।

 

7810cookie-checkਵੱਖ-ਵੱਖ ਹੱਤਿਆਵਾਂ ਦਾ ਪੰਜਵਾਂ ਪ੍ਰਮੁੱਖ ਦੋਸ਼ੀ ਪੰਜਾਬ ਪੁਲਿਸ ਵੱਲੋਂ ਗ੍ਰਿਫ਼ਤਾਰ

Leave a Reply

Your email address will not be published. Required fields are marked *

error: Content is protected !!