November 25, 2024

Loading

-12 ਲੱਖ 55 ਹਜ਼ਾਰ ਬੱਚਿਆਂ ਦਾ ਕੀਤਾ ਜਾਵੇਗਾ ਟੀਕਾਕਰਨ-ਡਿਪਟੀ ਕਮਿਸ਼ਨਰ
ਲੁਧਿਆਣਾ, 1 ਮਈ ( ਸਤ ਪਾਲ ਸੋਨੀ ) : ਦੇਸ਼ ਭਰ ਵਿਚੋਂ ਖਸਰੇ ਨੂੰ ਜਡ਼ੋ ਪੁੱਟਣ ਅਤੇ ਰੁਬੇਲਾ ਦੀ ਰੋਕਥਾਮ ਲਈ ਵਿਸ਼ੇਸ਼ ਟੀਕਾਕਰਨ ਮੁਹਿੰਮ ਅੱਜ ਸ਼ੁਰੂ ਹੋ ਗਈ। ਲੁਧਿਆਣਾ ਵਿਖੇ ਇਸ ਮੁਹਿੰਮ ਦੀ ਸ਼ੁਰੂਆਤ ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਅਗਰਵਾਲ ਵੱਲੋਂ ਸਥਾਨਕ ਇੰਟਰਨੈਸ਼ਨਲ ਪਬਲਿਕ ਸਕੂਲ, ਸੰਧੂ ਨਗਰ ਤੋਂ ਕੀਤੀ ਗਈ। ਟੀਕਾਕਰਨ ਮੁਹਿੰਮ ਦੌਰਾਨ ਬੱਚਿਆਂ ਵਿੱਚ ਕਾਫੀ ਉਤਸ਼ਾਹ ਦੇਖਿਆ ਗਿਆ। ਇਸ ਮੁਹਿੰਮ ਤਹਿਤ ਜ਼ਿਲਾ ਲੁਧਿਆਣਾ ਵਿੱਚ 9 ਮਹੀਨੇ ਤੋਂ ਲੈ ਕੇ 15 ਸਾਲ ਤੱਕ ਦੇ ਉਮਰ ਵਰਗ ਦੇ ਕਰੀਬ 12.55 ਲੱਖ ਬੱਚਿਆਂ ਦਾ ਟੀਕਾਕਰਨ ਕੀਤਾ ਜਾਵੇਗਾ। ਇਹ ਮੁਹਿੰਮ ਤਿੰਨ ਹਫ਼ਤੇ ਚੱਲੇਗੀ।
ਇਸ ਮੁਹਿੰਮ ਦੀ ਸ਼ੁਰੂਆਤ ਕਰਦਿਆਂ ਅਗਰਵਾਲ ਨੇ ਸਮਾਜ ਨੂੰ ਸੁਨੇਹਾ ਦਿੱਤਾ ਕਿ ਜਿਸ ਤਰਾਂ ਦੇਸ਼ ਵਾਸੀਆਂ ਨੇ ਇਕੱਠਾ ਹੰਭਲਾ ਮਾਰ ਕੇ ਦੇਸ਼ ਵਿੱਚੋਂ ਪੋਲੀਓ ਵਰਗੀ ਨਾਮੁਰਾਦ ਬਿਮਾਰੀ ਨੂੰ ਜਡ਼ੋ ਖ਼ਤਮ ਕੀਤਾ ਹੈ, ਉਸੇ ਤਰਾਂ ਹੁਣ ਸਾਲ 2020 ਤੱਕ ਖ਼ਸਰਾ ਨੂੰ ਖ਼ਤਮ ਅਤੇ ਰੂਬੇਲਾ ਨੂੰ ਵੀ ਕਾਬੂ ਕਰਨਾ ਹੈ। ਦੇਸ਼ ਵਿੱਚ ਇਸ ਮੁਹਿੰਮ ਦੇ ਤਿੰਨ ਗੇਡ਼ ਸਫ਼ਲਤਾਪੂਰਵਕ ਮੁਕੰਮਲ ਹੋ ਚੁੱਕੇ ਹਨ, ਜਦਕਿ ਚੌਥਾ ਗੇਡ਼ ਅੱਜ ਸ਼ੁਰੂ ਹੋਇਆ ਹੈ। ਉਨਾਂ ਕਿਹਾ ਕਿ ਸਾਨੂੰ ਇਲਾਜ਼ ਨਾਲੋਂ ਬਚਾਅ ਵਾਲੇ ਰਾਹ ਤੁਰਨਾ ਚਾਹੀਦਾ ਹੈ। ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਮੁਹਿੰਮ ਵਿੱਚ ਆਪਣੇ ਬੱਚਿਆਂ ਦਾ ਇਹ ਜ਼ਰੂਰੀ ਟੀਕਾਕਰਨ ਕਰਵਾ ਕੇ ਸਿਹਤਮੰਦ ਦੇਸ਼ ਸਿਰਜਣ ਵਿੱਚ ਆਪਣਾ ਯੋਗਦਾਨ ਪਾਉਣ। ਇਸ ਮੌਕੇ ਉਨਾਂ ਬੱਚਿਆਂ ਦੀ ਟੀਕਾਕਰਨ ਪ੍ਰਕਿਰਿਆ ਨੂੰ ਬੜੇ ਗਹੁ ਨਾਲ ਦੇਖਿਆ ਅਤੇ ਬੱਚਿਆਂ ਨੂੰ ਉਤਸ਼ਾਹਿਤ ਕੀਤਾ।
ਇਸ ਮੌਕੇ ਹਾਜ਼ਰ ਸਿਵਲ ਸਰਜਨ ਲੁਧਿਆਣਾ ਡਾ. ਪਰਵਿੰਦਰ ਪਾਲ ਸਿੰਘ ਸਿੱਧੂ ਨੇ ਦੱਸਿਆ ਕਿ ਐਮ.ਆਰ. ਮੁਹਿੰਮ ਦੇਸ਼ ਭਰ ਵਿੱਚ 13 ਸੂਬਿਆਂ ਵਿੱਚ 7 ਤੋਂ 8 ਕਰੋਡ਼ ਬੱਚਿਆਂ ਨੂੰ ਆਪਣੇ ਕਲਾਵੇ ਵਿੱਚ ਲੈ ਚੁੱਕੀ ਹੈ ਅਤੇ ਚੌਥੇ ਪਡ਼ਾਅ ਵਿੱਚ ਇਹ ਮੁਹਿੰਮ ਪੰਜਾਬ ਵਿਚ ਸ਼ੁਰੂ ਹੋਈ ਹੈ। ਉਨਾਂ ਦੱਸਿਆ ਕਿ ਪਹਿਲਾਂ ਇਸ ਸਕੀਮ ਅਧੀਨ ਸਕੂਲਾਂ ਨੂੰ ਲਿਆ ਗਿਆ ਹੈ ਅਤੇ ਬਾਅਦ ਵਿਚ ਦੂਰ ਦੁਰਾਡੇ ਦੇ ਸਿਹਤ ਕੇਂਦਰਾਂ ਵਿੱਚ ਇਹ ਸਕੀਮ ਚਲਾਈ ਜਾਵੇਗੀ। ਇਸ ਸਕੀਮ ਤਹਿਤ ਹਰੇਕ ਬੱਚੇ ਲਈ ਇੱਕ ਵਾਰ ਵਰਤੀਆਂ ਜਾਣ ਵਾਲੀਆਂ ਸਰਿੰਜਾਂ (ਆਟੋ ਡਿਸਏਬਲ ਸਰਿੰਜਾਂ) ਦਾ ਹੀ ਇਸਤੇਮਾਲ ਹੋ ਰਿਹਾ ਹੈ। ਇਸ ਸਕੀਮ ਤਹਿਤ ਟੀਕਾਕਰਨ ਲਈ ਸਿਹਤਕਰਮੀਆਂ ਦੀਆਂ ਟੀਮਾਂ ਪੂਰੀ ਤਰਾਂ ਹੁਨਰਮੰਦ ਹਨ, ਜਿਹਡ਼ੇ ਆਮ ਟੀਕਾਕਰਨ ਪ੍ਰੋਗਰਾਮ ਨੂੰ ਨੇਪਰੇ ਚਾਡ਼ਨ ਦਾ ਤਜ਼ਰਬਾ ਰੱਖਦੇ ਹਨ।
ਪੂਰੇ ਜ਼ਿਲੇ ਦੇ ਬੱਚਿਆਂ ਨੂੰ ਇਸ ਸਕੀਮ ਦੇ ਘੇਰੇ ਵਿਚ ਲਿਆਉਣ ਦਾ ਖਾਕਾ ਖਿੱਚਦਿਆਂ ਜ਼ਿਲਾ ਟੀਕਾਕਰਨ ਅਫ਼ਸਰ ਡਾ. ਜਸਬੀਰ ਸਿੰਘ ਨੇ ਦੱਸਿਆ ਕਿ ਇਸ ਮੁਹਿੰਮ ਵਿਚ ਲਗਭਗ 488 ਟੀਕਾਕਰਨ ਟੀਮਾਂ ਅਤੇ 163 ਸੁਪਰਵਾਈਜਰਾਂ ਵੱਲੋਂ 2989 ਸਕੂਲਾਂ ਵਿੱਚ ਲਗਭਗ 4656 ਟੀਕਾਕਰਨ ਸ਼ੈਸ਼ਨ ਲਗਾਏ ਜਾਣਗੇ। ਸਕੂਲਾਂ ਦੇ ਅਧਿਆਪਕਾਂ ਨੂੰ ਇਸ ਮੁਹਿੰਮ ਸਬੰਧੀ ਵਿਸ਼ੇਸ਼ ਸਿਖ਼ਲਾਈ ਦਿੱਤੀ ਗਈ ਹੈ।
ਮੀਜ਼ਲ ਅਤੇ ਰੁਬੇਲਾ ਬਾਰੇ ਜਾਣਕਾਰੀ ਦਿੰਦਿਆਂ ਉਨਾਂ ਦੱਸਿਆ ਕਿ ਖਸਰਾ ਘਾਤਕ ਅਤੇ ਛੂਤ ਦਾ ਰੋਗ ਹੈ ਅਤੇ ਇਸ ਨਾਲ ਪੂਰੇ ਦੇਸ਼ ਵਿਚ ਸਾਲਾਨਾ 50 ਹਜ਼ਾਰ ਬੱਚਿਆਂ ਦੀ ਮੌਤ ਹੁੰਦੀ ਹੈ। ਇਹ ਭਾਰਤ ਵਿੱਚ ਬੱਚਿਆਂ ਦੀ ਮੌਤ ਦਾ ਵੱਡਾ ਕਾਰਨ ਬਣਿਆ ਹੋਇਆ ਹੈ। ਉਨਾਂ ਕਿਹਾ ਕਿ ਖਸਰੇ ਤੋਂ ਬਚਾਅ ਲਈ ਬੱਚਿਆਂ ਨੂੰ ਵਿਸ਼ੇਸ਼ ਟੀਕਾਕਰਨ ਦੀਆਂ ਦੋ ਖੁਰਾਕਾਂ ਦੇਣੀਆਂ ਪੈਦੀਆਂ ਹਨ। ਰੁਬੇਲਾ ਵੀ ਇੱਕ ਤਰਾਂ ਛੂਤ ਦਾ ਰੋਗ ਹੈ, ਜੋ ਬੱਚਿਆਂ ਅਤੇ ਬਾਲਗਾਂ ਵਿਚ ਮੌਤ ਦਾ ਕਾਰਨ ਬਣਦਾ ਹੈ ਅਤੇ ਜੇਕਰ ਗਰਭਵਤੀ ਔਰਤ ਇਸ ਵਿਸ਼ਾਣੂ ਦੀ ਲਪੇਟ ਵਿਚ ਆ ਜਾਵੇ ਤਾਂ ਨਵਜੰਮੇ ਬੱਚਿਆਂ ਵਿਚ ਕਈ ਤਰਾਂ ਦੀ ਅਪੰਗਤਾ ਹੋਣ ਦਾ ਖਤਰਾ ਬਣਿਆ ਰਹਿੰਦਾ ਹੈ।
ਉਨਾਂ ਅੱਗੇ ਕਿਹਾ ਕਿ ਰੁਬੇਲਾ ਗਰਭਪਾਤ, ਜਨਮ ਸਮੇ ਮੌਤ ਅਤੇ ਗੰਭੀਰ ਜਮਾਂਦਰੂ ਬਿਮਾਰੀਆਂ ਸਮੇਤ ਛੋਟੇ ਬੱਚਿਆਂ ਵਿਚ ਬਹਿਰਾਪਣ ਤੇ ਨੇਤਰਹੀਣਤਾ ਦਾ ਕਾਰਨ ਬਣਦਾ ਹੈ। ਇਸ ਮੁਹਿੰਮ ਦਾ ਮੁੱਖ ਮੰਤਵ ਸਾਰੇ ਬੱਚਿਆਂ ਵਿੱਚ ਰੋਗਾਂ ਨਾਲ ਲਡ਼ਨ ਦੀ ਤਾਕਤ ਵਧਾਉਣਾ ਹੈ ਤਾਂ ਜੋ ਇਸ ਮੁਹਿੰਮ ਦੁਆਰਾ ਖਸਰੇ, ਅਪੰਗਤਾ ਤੇ ਜਮਾਂਦਰੂ ਬਿਮਾਰੀਆਂ ਦੇ ਮਾਮਲੇ ਨੂੰ ਖਤਮ ਕੀਤਾ ਜਾ ਸਕੇ।
ਉਨਾਂ ਦੱਸਿਆ ਕਿ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਇਸ ਮੁਹਿੰਮ ਨੂੰ ਤਿੰਨ ਰਣਨੀਤੀਆਂ (ਪਹਿਲੀ ਸਕੂਲਾਂ ਤੇ ਅਧਾਰਿਤ, ਦੂਜੀ ਆਊਟਰੀਚ ਸ਼ੈਸ਼ਨ ਲਗਾਕੇ ਅਤੇ ਤੀਜੀ ਸਵੀਪ ਐਕਟੀਵਿਟੀ) ਤਹਿਤ ਲਾਗੂ ਕੀਤਾ ਜਾਵੇਗਾ। ਉਨਾਂ ਦੱਸਿਆ ਕਿ ਪਹਿਲੀ ਰਣਨੀਤੀ ਅਨੁਸਾਰ ਸਰਕਾਰੀ, ਸਰਕਾਰ ਤੋ ਮਾਨਤਾ ਪ੍ਰਾਪਤ, ਪ੍ਰਾਈਵੇਟ, ਆਰਮੀ, ਡੇਅ ਕੇਅਰ ਸੈਟਰ, ਮਦਰੱਸੇ, ਪਲੇਅ ਵੇਅ ਅਤੇ ਕਰੈਚਾਂ ਵਿਚ ਬੱਚਿਆਂ ਦਾ ਟੀਕਾਕਰਨ ਕੀਤਾ ਜਾਵੇਗਾ। ਦੂਜੇ ਪਡ਼ਾਅ ਵਿਚ ਆਊਟਰੀਚ ਸੈਸ਼ਨ ਲਗਾ ਕੇ ਸਿਹਤ ਕਰਮੀਆਂ ਵੱਲੋ ਬੱਚਿਆਂ ਨੂੰ ਐਮ.ਆਰ. ਦਾ ਟੀਕਾ ਲਗਾਇਆ ਜਾਵੇਗਾ। ਜੇਕਰ ਪਹਿਲੇ ਦੋ ਗੇਡ਼ਾ ਵਿੱਚ ਵੀ ਕੁਝ ਬੱਚੇ ਐਮ.ਆਰ. ਦਾ ਟੀਕਾ ਲਗਵਾਉਣ ਤੋ ਵਾਂਝੇ ਰਹਿ ਗਏ ਤਾਂ ਉਨਾਂ ਨੂੰ ਸਵੀਪ ਐਕਟੀਵਿਟੀ ਵਿੱਚ ਕਵਰ ਕੀਤਾ ਜਾਵੇਗਾ। ਇਸ ਮੌਕੇ ਹੋਰਨਾਂ ਤੋ ਇਲਾਵਾ ਜ਼ਿਲਾ ਟੀਕਾਕਰਨ ਅਫਸਰ ਡਾ. ਜਸਬੀਰ ਸਿੰਘ, ਸਹਾਇਕ ਸਿਵਲ ਸਰਜਨ ਡਾ. ਮਨਜੀਤ ਸਿੰਘ, ਵਿਸ਼ਵ ਸਿਹਤ ਸੰਗਠਨ ਤੋਂ ਡਾ. ਗਗਨ ਸ਼ਰਮਾ, ਜ਼ਿਲਾ ਮਾਸ ਮੀਡੀਆ ਅਫ਼ਸਰ ਹਰਜਿੰਦਰ ਸਿੰਘ ਤੇ ਹੋਰ ਅਧਿਕਾਰੀ ਹਾਜ਼ਰ ਸਨ।

17570cookie-checkਜ਼ਿਲਾ ਲੁਧਿਆਣਾ ਵਿੱਚ ਮੀਜ਼ਲ ਰੁਬੇਲਾ ਟੀਕਾਕਰਨ ਮੁਹਿੰਮ ਉਤਸ਼ਾਹ ਨਾਲ ਸ਼ੁਰੂ

Leave a Reply

Your email address will not be published. Required fields are marked *

error: Content is protected !!