![]()

60 ਫੀਸਦੀ ਤੋਂ ਵਧੇਰੇ ਅੰਕ ਹਾਸਿਲ ਕਰਨ ਵਾਲੇ ਵਿਦਿਆਰਥੀਆਂ ਦੀ ਹੋਵੇਗੀ ਫੀਸ ਮੁਆਫ
ਲੁਧਿਆਣਾ, 25 ਜੁਲਾਈ ( ਸਤ ਪਾਲ ਸੋਨੀ ) : ਪੰਜਾਬ ਸਰਕਾਰ ਵੱਲੋਂ ਹੋਣਹਾਰ ਵਿਦਿਆਰਥੀਆਂ ਨੂੰ ਮਿਆਰੀ ਅਤੇ ਸਸਤੀ ਤਕਨੀਕੀ ਸਿੱਖਿਆ ਪ੍ਰਦਾਨ ਕਰਨ ਲਈ ‘ਮੁੱਖ ਮੰਤਰੀ ਵਜੀਫਾ ਯੋਜਨਾ’ ਸ਼ੁਰੂ ਕੀਤੀ ਹੋਈ ਹੈ। ਇਸ ਸਕੀਮ ਦਾ ਲਾਭ ਸੂਬੇ ਦੇ ਸਾਰੇ ਸਰਕਾਰੀ ਪੌਲੀਟੈਕਨੀਕ, ਇੰਜੀਨੀਅਰਇੰਗ, ਮਹਾਰਾਜਾ ਰਣਜੀਤ ਸਿੰਘ ਯੂਨੀਵਰਸਿਟੀ ਅਤੇ ਪੀ.ਟੀ.ਯੂ. ਦੇ ਵਿਦਿਆਰਥੀਆਂ ਨੂੰ ਮਿਲ ਰਿਹਾ ਹੈ। ਪੰਜਾਬ ਸਰਕਾਰ ਵੱਲੋਂ ਲਏ ਗਏ ਫੈਸਲੇ ਅਨੁਸਾਰ ਹੁਣ ਦੂਜੇ ਸਾਲ ਦੇ ਸਿੱਧੇ ਦਾਖ਼ਲੇ ਵਿੱਚ ਵੀ ਫੀਸ ਮੁਆਫ਼ ਹੋਇਆ ਕਰੇਗੀ।
ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਅਗਰਵਾਲ ਨੇ ਇਸ ਯੋਜਨਾ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਸਕੀਮ ਦੇ ਅਧੀਨ ਪੰਜਾਬ ਦੇ ਨੌਜਵਾਨਾਂ ਦੀ 10ਵੀਂ ਜਮਾਤ ਵਿਚ ਪ੍ਰਾਪਤ ਕੀਤੇ ਅੰਕ ਫੀਸਦੀ ਅਨੁਸਾਰ ਟਿਊਸ਼ਨ ਫੀਸ ਮੁਆਫ ਕੀਤੀ ਜਾਵੇਗੀ। ਉਨਾਂ ਦੱਸਿਆ ਕਿ 60 ਤੋਂ 70 ਫੀਸਦੀ ਅੰਕਾਂ ਵਾਲੇ ਵਿਦਿਆਰਥੀਆਂ ਦੀ 70 ਫੀਸਦੀ ਫੀਸ ਮੁਆਫ ਹੋਵੇਗੀ, 70 ਤੋਂ 80 ਫੀਸਦੀ ਵਾਲਿਆਂ ਦੀ 80 ਫੀਸਦੀ, 80 ਤੋਂ 90 ਫੀਸਦੀ ਵਾਲਿਆਂ ਦੀ 90 ਫੀਸਦੀ ਅਤੇ 90 ਤੋਂ 100 ਫੀਸਦੀ ਅੰਕ ਹਾਸਿਲ ਕਰਨ ਵਾਲਿਆਂ ਦੀ ਪੂਰੀ ਫੀਸ ਮੁਆਫ ਹੋਵੇਗੀ।
ਉਨਾਂ ਅੱਗੇ ਦੱਸਿਆ ਕਿ ਇਸ ਸਕੀਮ ਦੇ ਲਾਗੂ ਹੋਣ ਨਾਲ ਸੂਬੇ ਦੇ ਗਰੀਬ ਅਤੇ ਹੋਣਹਾਰ ਵਿਦਿਆਰਥੀਆਂ ਨੂੰ ਲਗਭਗ ਮੂਫਤ ਤਕਨੀਕੀ ਸਿੱਖਿਆ ਹਾਸਿਲ ਕਰਨ ਦੇ ਮੌਕੇ ਮਿਲ ਰਹੇ ਹਨ। ਇਸ ਸਕੀਮ ਦਾ ਲਾਭ ਪੰਜਾਬ ਦੇ ਉਨਾਂ ਨਾਗਰਿਕਾਂ ਨੂੰ ਹੀ ਮਿਲੇਗਾ, ਜਿਨਾਂ ਕੋਲ ਪੰਜਾਬ ਦਾ ਡੌਮੀਸਾਈਲ ਹੋਵੇਗਾ। ਉਨਾਂ ਦੱਸਿਆ ਕਿ ਇਸ ਸਕੀਮ ਨੂੰ ਲਾਗੂ ਕਰਨ ਨਾਲ ਸੂਬੇ ਦੇ ਗਰੀਬ ਅਤੇ ਲੋੜਵੰਦ ਹੋਣਹਾਰ ਵਿਦਿਆਰਥੀਆਂ ਨੂੰ ਮਿਆਰੀ ਅਤੇ ਸਸਤੀ ਤਕਨੀਕੀ ਸਿੱਖਿਆ ਮੁਹੱਈਆ ਕਰਵਾਈ ਜਾਵੇਗੀ।
ਸ੍ਰੀ ਅਗਰਵਾਲ ਨੇ ਦੱਸਿਆ ਕਿ ਜ਼ਿਲਾ ਲੁਧਿਆਣਾ ਦੇ ਇੱਕੋ-ਇੱਕ ਸਰਕਾਰੀ ਬਹੁ-ਤਕਨੀਕੀ ਕਾਲਜ (ਲੜਕੀਆਂ) ਵਿਖੇ ਇਲੈਕਟ੍ਰੋਨਿਕਸ ਅਤੇ ਕਮਿਊਨੀਕੇਸ਼ਨ ਇੰਜੀਨੀਅਰਿੰਗ, ਕੰਪਿਊਟਰ ਸਾਇੰਸ ਇੰਜੀਨੀਅਰਿੰਗ, ਇੰਨਫਰਮੇਸ਼ਨ ਟੈਕਨਾਲੋਜੀ, ਗਾਰਮੈਂਟ ਮੈਨੂੰਫੈਕਚਰਿੰਗ ਟੈਕਨਾਲੋਜੀ, ਫੈਸ਼ਨ ਡਿਜ਼ਾਈਨ ਅਤੇ ਡਿਪਲੋਮਾ ਇੰਨ ਮਾਡਰਨ ਆਫ਼ਿਸ ਪ੍ਰੈਕਟਿਸ (ਸਾਰੇ ਤਿੰਨ ਸਾਲਾ ਡਿਪਲੋਮਾ ਕੋਰਸ) ਵਿੱਚ ਦਾਖ਼ਲਾ ਲੈਣ ਲਈ ਵਿਦਿਆਰਥਣਾਂ ਸੰਪਰਕ ਕਰ ਸਕਦੀਆਂ ਹਨ। ਸਰਕਾਰੀ ਬਹੁ-ਤਕਨੀਕੀ ਕਾਲਜ (ਲੜਕੀਆਂ), ਲੁਧਿਆਣਾ ਵਿਖੇ ਪੰਜਾਬ ਸਰਕਾਰ ਦੀਆਂ ਹੋਰ ਯੋਜਨਾਵਾਂ ਵੀ ਲਾਗੂ ਹਨ, ਜਿਨਾਂ ਦਾ ਯੋਗ ਵਿਦਿਆਰਥਣਾਂ ਨੂੰ ਲਾਭ ਦਿੱਤਾ ਜਾਂਦਾ ਹੈ। ਉਨਾਂ ਕਿਹਾ ਕਿ ਇਹ ਯੋਜਨਾ ਸਿਰਫ਼ ਸਰਕਾਰੀ ਬਹੁ-ਤਕਨੀਕੀ ਕਾਲਜਾਂ ਵਿੱਚ ਹੀ ਚੱਲ ਰਹੀ ਹੈ, ਜਿਸ ਦਾ ਯੋਗ ਵਿਦਿਆਰਥੀਆਂ ਨੂੰ ਭਰਪੂਰ ਲਾਭ ਲੈਣਾ ਚਾਹੀਦਾ ਹੈ।
ਇਸ ਯੋਜਨਾ ਤਹਿਤ ਦਾਖ਼ਲਾ ਲੈਣ ਲਈ ਆਨਲਾਈਨ ਰਜਿਸਟਰੇਸ਼ਨ ਸ਼ੁਰੂ ਹੈ। ਦਾਖ਼ਲੇ ਸੰਬੰਧੀ ਜਾਣਕਾਰੀ ਦੇਣ ਲਈ ਕਾਲਜ ਵਿੱਚ ਹੈੱਲਪ ਡੈੱਸਕ ਸਥਾਪਤ ਕੀਤਾ ਗਿਆ ਹੈ, ਇਸ ਤੋਂ ਇਲਾਵਾ ਕਾਲਜ ਦੇ ਨੰਬਰ 0161-2303223 ਜਾਂ 9872085786 ‘ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ।