![]()

-ਰੋਜ਼ਗਾਰ ਦਾਤੇ ਅਤੇ ਕਾਮਿਆਂ ਵਿੱਚ ਪੈਦਾ ਹੋਵੇਗਾ ਸਿੱਧਾ ਸੰਪਰਕ
ਲੁਧਿਆਣਾ, 3 ਮਈ ( ਸਤ ਪਾਲ ਸੋਨੀ ) : ਹੁਣ ਪੰਜਾਬ ਦੇ ਰੋਜ਼ਗਾਰ ਦਾਤਿਆਂ (ਇੰਪਲਾਇਰ) ਨੂੰ ਕਾਮੇ ਲੱਭਣ ਲਈ ਪਲੇਸਮੈਂਟ ਕੰਪਨੀਆਂ ਕੋਲ ਜਾਣ ਦੀ ਲੋਡ਼ ਨਹੀਂ ਰਹੇਗੀ। ਉਨਾਂ ਦੀ ਇਸ ਵੱਡੀ ਸਮੱਸਿਆ ਨੂੰ ਖ਼ਤਮ ਕਰਨ ਲਈ ਪੰਜਾਬ ਸਰਕਾਰ ਨੇ ‘ਘਰ—ਘਰ ਰੋਜ਼ਗਾਰ’ ਵੈੱਬ ਪੋਰਟਲ ‘ਤੇ ਕਾਮਿਆਂ ਅਤੇ ਰੋਜ਼ਗਾਰ ਦਾਤਿਆਂ ਦਾ ਵੇਰਵਾ (ਡਾਟਾ) ਅਪਲੋਡ ਕਰਨ ਦਾ ਫੈਸਲਾ ਕੀਤਾ ਹੈ। ਹੁਣ ਰੋਜ਼ਗਾਰ ਦਾਤੇ ਆਪਣੀ ਪਸੰਦ ਦੇ ਕਾਮੇ ਦੀ ਭਾਲ ਸਿੱਧਾ ਵੈੱਬ ਪੋਰਟਲ ‘ਤੇ ਕਰ ਲਿਆ ਕਰਨਗੇ।
ਇਸ ਸੰਬੰਧੀ ਵੱਖ-ਵੱਖ ਸਨਅਤੀ ਅਤੇ ਹੋਰ ਅਦਾਰਿਆਂ ਦੇ ਮਾਲਕਾਂ ਤੋਂ ਸੁਝਾਅ ਲੈਣ ਲਈ ਪੰਜਾਬ ਸਰਕਾਰ ਦੇ ਹੁਕਮ ‘ਤੇ ਸਥਾਨਕ ਡਿਪਟੀ ਕਮਿਸ਼ਨਰ ਦਫ਼ਤਰ ਵਿਖੇ ਇੱਕ ਪੇਸ਼ਕਾਰੀ (ਪ੍ਰੈਜ਼ੈਂਟੇਸ਼ਨ) ਦਾ ਆਯੋਜਨ ਕੀਤਾ ਗਿਆ, ਜਿਸ ਦੌਰਾਨ ਰੋਜ਼ਗਾਰ ਦਾਤਿਆਂ ਨੂੰ ਇਸ ਪ੍ਰਸਤਾਵ ਅਤੇ ਵੈੱਬ ਪੋਰਟਲ ਦੀ ਵਰਤੋਂ ਬਾਰੇ ਜਾਣੂ ਕਰਾਇਆ ਗਿਆ। ਪੇਸ਼ਕਾਰੀ ਦੌਰਾਨ ਮਿਲੇ ਸੁਝਾਵਾਂ ਨੂੰ ਅਮਲ ਵਿੱਚ ਲਿਆਉਣ ਉਪਰੰਤ ਇਹ ਸਹੂਲਤ ਜਲਦ ਸ਼ੁਰੂ ਕਰ ਦਿੱਤੀ ਜਾਵੇਗੀ।
ਇਸ ਮੀਟਿੰਗ ਵਿੱਚ ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਅਗਰਵਾਲ, ਵਧੀਕ ਕਮਿਸ਼ਨਰ ਨਗਰ ਨਿਗਮ ਸੰਯਮ ਅਗਰਵਾਲ, ਪੰਜਾਬ ਰਾਜ ਤਕਨੀਕੀ ਸਿੱਖਿਆ ਬੋਰਡ ਦੇ ਸਕੱਤਰ ਪੁਨੀਤ ਗੋਇਲ, ਜ਼ਿਲਾ ਉਦਯੋਗ ਕੇਂਦਰ ਦੇ ਜਨਰਲ ਮੈਨੇਜਰ ਮਹੇਸ਼ ਖੰਨਾ ਅਤੇ ਸ਼ਹਿਰ ਨਾਲ ਸੰਬੰਧਤ ਪ੍ਰਮੁੱਖ ਰੋਜ਼ਗਾਰ ਦਾਤੇ ਹਾਜ਼ਰ ਸਨ।
ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਅਗਰਵਾਲ ਨੇ ਦੱਸਿਆ ਕਿ ਉਨਾਂ ਦੀ ਸਹੂਲਤ ਨੂੰ ਮੁੱਖ ਰੱਖਦਿਆਂ ਪੰਜਾਬ ਸਰਕਾਰ ਨੇ ਆਪਣਾ ਵੈੱਬ ਪੋਰਟਲ www.ghargharrozgar.punjab.gov.in ਤਿਆਰ ਕੀਤਾ ਹੈ। ਇਸ ਪੋਰਟਲ ‘ਤੇ ਰੋਜ਼ਗਾਰ ਦਾਤੇ ਆਪਣੀ ਲੋਡ਼ ਮੁਤਾਬਿਕ ਕਾਮੇ ਲੱਭ ਸਕਣਗੇ। ਕਾਮਿਆਂ ਦੀ ਵੰਡ ਉਨਾਂ ਦੀ ਉਮਰ, ਯੋਗਤਾ, ਤਜ਼ਰਬਾ, ਰਿਹਾਇਸ਼ ਪਤਾ, ਤਨਖ਼ਾਹ ਪੈਕੇਜ਼ ਅਤੇ ਹੋਰ ਵਰਗਾਂ ਵਿੱਚ ਕੀਤੀ ਗਈ ਹੋਵੇਗੀ। ਜਿੱਥੋਂ ਲੋਡ਼ ਅਤੇ ਪਸੰਦ ਮੁਤਾਬਿਕ ਕਾਮੇ ਲੱਭਣ ਵਿੱਚ ਬਹੁਤ ਆਸਾਨੀ ਹੋਵੇਗੀ।
ਅਗਰਵਾਲ ਨੇ ਦੱਸਿਆ ਕਿ ਰੋਜ਼ਗਾਰ ਦਾਤੇ ਇਸ ਪੋਰਟਲ ‘ਤੇ ‘ਜੌਬ ਅਲਰਟ’ ਦੀ ਸੇਵਾ ਵੀ ਸ਼ੁਰੂ ਕਰਵਾ ਸਕਣਗੇ, ਜਿਸ ਨਾਲ ਉਨਾਂ ਦੀ ਲੋਡ਼ ਮੁਤਾਬਿਕ ਕਾਮਿਆਂ ਬਾਰੇ ਅਲਰਟ ਮਿਲਦੇ ਰਹਿਣਗੇ। ਇਸੇ ਤਰਾਂ ਬੇਰੁਜ਼ਗਾਰ ਨੌਜਵਾਨ ਵੀ ਆਪਣੀ ਪਸੰਦ ਦੇ ਰੋਜ਼ਗਾਰ ਬਾਰੇ ਜਾਣਕਾਰੀ ਲੈਣ ਦੇ ਨਾਲ-ਨਾਲ ਉਸ ਨੌਕਰੀ ਲਈ ਆਨਲਾਈਨ ਅਪਲਾਈ ਕਰ ਸਕਣਗੇ।
ਅਗਰਵਾਲ ਨੇ ਦੱਸਿਆ ਕਿ ਹੁਣ ਤੱਕ ਇਸ ਵੈੱਬ ਪੋਰਟਲ ‘ਤੇ ਇੱਕ ਲੱਖ ਤੋਂ ਵਧੇਰੇ ਨੌਜਵਾਨ ਆਪਣੇ ਆਪ ਨੂੰ ਰਜਿਸਟਰਡ ਕਰਵਾ ਚੁੱਕੇ ਹਨ। ਜੋ ਬੇਰੁਜ਼ਗਾਰ ਇਸ ਵੈੱਬ ਪੋਰਟਲ ‘ਤੇ ਰਜਿਸਟਰਡ ਹੋ ਰਹੇ ਹਨ, ਉਨਾਂ ਦਾ ਰੋਜ਼ਗਾਰ ਦਾਤਿਆਂ ਨਾਲ ਸਿੱਧਾ ਰਾਬਤਾ ਕਾਇਮ ਹੋ ਜਾਵੇਗਾ।