![]()
ਹੁਣ ਆਤਮਾ ਕਿਸਾਨ ਬਾਜ਼ਾਰ ‘ਚ ਮੱਕੀ ਦੀ ਰੋਟੀ, ਸਰੋਂ ਦਾ ਸਾਗ, ਮੱਖਣ, ਚਾਟੀ ਦੀ ਲੱਸੀ ਅਤੇ ਖ਼ੀਰ ਦਾ ਵੀ ਹੋਇਆ ਕਰੇਗਾ ਪ੍ਰਬੰਧ

ਸਰਦੀ ਮੌਸਮ ਦੌਰਾਨ ਦੁਪਹਿਰ 1 ਵਜੇ ਤੋਂ ਸ਼ਾਮ 6 ਵਜੇ ਤੱਕ ਲੱਗਿਆ ਕਰੇਗਾ ਬਾਜ਼ਾਰ
ਲੁਧਿਆਣਾ, 3 ਨਵੰਬਰ ( ਸਤ ਪਾਲ ਸੋਨੀ ) : ਐਗਰੀਕਲਚਰਲ ਟੈਕਨੋਲੋਜੀ ਮੈਨੇਜਮੈੱਟ ਏਜੰਸੀ (ਆਤਮਾ), ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਸਥਾਨਕ ਮੁੱਖ ਖੇਤੀਬਾੜੀ ਦਫ਼ਤਰ ਵਿਖੇ ਹਰੇਕ ਐਤਵਾਰ ਲਗਾਇਆ ਜਾ ਰਿਹਾ ‘ਆਤਮਾ ਕਿਸਾਨ ਬਾਜ਼ਾਰ’ ਦਿਨੋਂ ਦਿਨ ਲੋਕਾਂ ਦੀ ਖਰੀਦਦਾਰੀ ਦਾ ਪ੍ਰਮੁੱਖ ਸਥਾਨ ਬਣਦਾ ਜਾ ਰਿਹਾ ਹੈ। ਜਿਸ ਤੋਂ ਉਤਸ਼ਾਹਿਤ ਹੋ ਕੇ ਪ੍ਰਬੰਧਕਾਂ ਵੱਲੋਂ ਦਿਵਾਲੀ ਨੂੰ ਧਿਆਨ ਵਿੱਚ ਰੱਖਦਿਆਂ ਕਿਸਾਨਾਂ ਵੱਲੋਂ ਤਿਆਰ ਕੀਤੇ ਜਾ ਰਹੇ ਉਤਪਾਦਾਂ ਤੋਂ ਬਣਾਏ ‘ਗਿਫ਼ਟ ਪੈਕ’ ਵੀ ਇਸ ਕਿਸਾਨ ਬਾਜ਼ਾਰ ਰਾਹੀਂ ਵੇਚਣ ਦਾ ਫੈਸਲਾ ਕੀਤਾ ਗਿਆ ਹੈ। ਆਪਣੀ ਤਰਾਂ ਦਾ ਨਿਵੇਕਲਾ 31ਵਾਂ ਆਤਮਾ ਕਿਸਾਨ ਬਾਜ਼ਾਰ ਦਿਨ ਐਤਵਾਰ ਮਿਤੀ 4 ਨਵੰਬਰ ਨੂੰ ਮੁੱਖ ਖੇਤੀਬਾੜੀ ਦਫ਼ਤਰ, ਸਾਹਮਣੇ ਰਘੂਨਾਥ ਹਸਪਤਾਲ, ਨੇੜੇ ਅਗਰ ਨਗਰ, ਫਿਰੋਜ਼ਪੁਰ ਰੋਡ, ਲੁਧਿਆਣਾ ਵਿਖੇ ਲਗਾਇਆ ਜਾ ਰਿਹਾ ਹੈ।
ਜਸਪ੍ਰੀਤ ਸਿੰਘ ਖੇੜਾ, ਪ੍ਰੋਜੈਕਟ ਡਾਇਰੈਕਟਰ (ਆਤਮਾ)-ਕਮ-ਮੈੱਬਰ ਸਕੱਤਰ (ਆਤਮਾ ਗਵਰਨਿੰਗ ਬੋਰਡ), ਲੁਧਿਆਣਾ ਨੇ ਦੱਸਿਆ ਕਿ ਮਿਸ਼ਨ ਤੰਦਰੁਸਤ ਪੰਜਾਬ ਅਧੀਨ ਇਸ ਦੀਵਾਲੀ ‘ਤੇ ਉਪਹਾਰ ਵਜੋਂ ਦੇਣ ਲਈ ਆਤਮਾ ਕਿਸਾਨ ਬਾਜ਼ਾਰ ਦੇ ਮੈਂਬਰਾਂ ਵੱਲੋਂ ਸੇਬ, ਗਾਜਰ, ਆਂਵਲਾ ਅਤੇ ਬਾਂਸ ਦੇ ਮੁਰੱਬੇ, ਅਲਸੀ ਅਤੇ ਚਨੇ ਦੀਆਂ ਪਿੰਨੀਆਂ, ਆਟੇ ਦੀਆਂ ਸੇਵੀਆਂ, ਐਗਮਾਰਕ ਸ਼ਹਿਦ, ਡਰਾਈ ਫਰੂਟ ਸ਼ਹਿਦ, ਵਾਲਨੱਟ, ਫਰੂਟ ਅਤੇ ਚਾਕਲੇਟ ਕੇਕ, ਬਰਾਊਨੀ, ਓਟਸ, ਰਾਗੀ ਦੇ ਬਿਸਕੁੱਟ ਅਤੇ ਨਾਲ ਹੀ ਜੈਸਮੀਨ ਅਤੇ ਗੁਲਾਬ ਦੇ ਪਰਫਿਊਮ ਉਚੇਚੇ ਤੌਰ ‘ਤੇ ਤਿਆਰ ਕੀਤੇ ਜਾ ਰਹੇ ਹਨ ਅਤੇ ਸ਼ਹਿਰ ਵਾਸੀਆਂ ਲਈ ਦੁਪਹਿਰ ਦੇ ਖਾਣੇ ਵਜੋਂ ਮੱਕੀ ਦੀ ਰੋਟੀ ਅਤੇ ਸਰੋਂ ਦਾ ਸਾਗ, ਮੱਖਣ, ਚਾਟੀ ਦੀ ਲੱਸੀ ਅਤੇ ਖ਼ੀਰ ਹਰੇਕ ਐਤਵਾਰ ਵਿਸ਼ੇਸ਼ ਤੌਰ ‘ਤੇ ਪੇਸ਼ ਕੀਤੀ ਜਾਇਆ ਕਰੇਗੀ।
ਇਸ ਤੋਂ ਇਲਾਵਾ ਤਾਜ਼ੀਆਂ ਸਬਜ਼ੀਆਂ ਅਤੇ ਸ਼ੁੱਧ ਗਾਂ ਅਤੇ ਮੱਝ ਦਾ ਦੇਸੀ ਘਿਓ ਅਤੇ ਪਨੀਰ ਪਹਿਲਾਂ ਦੀ ਤਰਾਂ ਹੀ ਉਪਲਬੱਧ ਕਰਵਾਇਆ ਜਾ ਰਿਹਾ ਹੈ। ਉਨਾਂ ਨੇ ਦੱਸਿਆ ਕਿ ਮੌਸਮ ਦੀ ਤਬਦੀਲੀ ਨੂੰ ਮੁੱਖ ਰੱਖਦੇ ਹੋਏ ਇਸ ਐਤਵਾਰ (4 ਨਵੰਬਰ) ਤੋਂ ਆਤਮਾ ਕਿਸਾਨ ਬਾਜ਼ਾਰ ਦਾ ਸਮਾਂ 1:00 ਵਜੇ ਤੋਂ ਸ਼ਾਮ 6:00 ਵਜੇ ਤੱਕ ਕੀਤਾ ਜਾ ਰਿਹਾ ਹੈ। ਉਨਾਂ ਨੇ ਦੱਸਿਆ ਕਿ ਗਲੋਬਲ ਸੈੱਲਫ ਹੈੱਲਪ ਗਰੁੱਪ ਵੱਲੋਂ ਬਿਲਕੁਲ ਤਾਜ਼ਾ ਗੁੜ ਅਤੇ ਸ਼ੱਕਰ (ਆਰਗੈਨਿਕ) ਵੀ ਇਸ ਐਤਵਾਰ ਤੋਂ ਗ੍ਰਾਹਕਾਂ ਲਈ ਉਪਲਬੱਧ ਕੀਤੇ ਜਾ ਰਹੇ ਹਨ। ਜਿਸ ਗੰਨੇ ਤੋਂ ਇਹ ਗੁੜ ਅਤੇ ਸ਼ੱਕਰ ਤਿਆਰ ਕੀਤੀ ਜਾ ਰਹੀ ਹੈ, ਇਸ ਗੰਨੇ ‘ਤੇ ਸਿਰਫ ਰੁੜੀ ਦੀ ਖਾਦ ਹੀ ਪਾਈ ਗਈ ਹੈ ਅਤੇ ਇਸ ਗੰਨੇ ਦੀ ਫਸਲ ਨੂੰ ਨਾ ਕੋਈ ਇਨ-ਆਰਗੈਨਿਕ ਖਾਦ ਅਤੇ ਨਾ ਹੀ ਕੋਈ ਇਨ-ਆਰਗੈਨਿਕ ਕੈਮੀਕਲ ਦੀ ਸਪਰੇਅ ਕੀਤੀ ਗਈ ਹੈ।