![]()

ਹਵਾਈ ਅੱਡੇ ਨੂੰ ਤਿੰਨ ਸਾਲਾਂ ਵਿੱਚ ਪੂਰਨ ਰੂਪ ਵਿੱਚ ਚਲਾਉਣ ਦੀ ਕੋਸ਼ਿਸ਼-ਅਮਰ ਸਿੰਘ
ਸੁਧਾਰ/ਰਾਏਕੋਟ, 4 ਦਸੰਬਰ ( ਸਤ ਪਾਲ ਸੋਨੀ ) : ਸੂਬੇ ਵਿੱਚ ਉਦਯੋਗਿਕ ਅਤੇ ਆਰਥਿਕ ਗਤੀਵਿਧੀਆਂ ਨੂੰ ਹੋਰ ਹੁਲਾਰਾ ਦੇਣ ਲਈ ਪੰਜਾਬ ਮੰਤਰੀ ਮੰਡਲ ਵੱਲੋਂ ਇੰਡੀਅਨ ਏਅਰ ਫੋਰਸ ਸਟੇਸ਼ਨ ਹਲਵਾਰਾ ਵਿਖੇ ਨਵਾਂ ਅੰਤਰਰਾਸ਼ਟਰੀ ਸਿਵਲ ਹਵਾਈ ਟਰਮੀਨਲ ਸਥਾਪਤ ਕਰਨ ਦੀ ਪ੍ਰਵਾਨਗੀ ਦੇਣ ਨਾਲ ਹਲਕਾ ਰਾਏਕੋਟ ਵਿੱਚ ਖੁਸ਼ੀ ਦੀ ਲਹਿਰ ਹੈ। ਪੰਜਾਬ ਸਰਕਾਰ ਦੇ ਇਸ ਫੈਸਲੇ ਦਾ ਸੀਨੀਅਰ ਕਾਂਗਰਸੀ ਆਗੂ ਡਾ. ਅਮਰ ਸਿੰਘ ਅਤੇ ਇਲਾਕਾ ਨਿਵਾਸੀਆਂ ਨੇ ਭਰਵਾਂ ਸਵਾਗਤ ਕੀਤਾ ਹੈ। ਇਸ ਮੰਗ ਨੂੰ ਪੂਰਾ ਕਰਾਉਣ ‘ਤੇ ਇਲਾਕਾ ਨਿਵਾਸੀਆਂ ਨੇ ਡਾ. ਅਮਰ ਸਿੰਘ ਦਾ ਅੱਜ ਥਾਂ-ਥਾਂ ਸਨਮਾਨ ਕਰਦਿਆਂ ਧੰਨਵਾਦ ਕੀਤਾ।
ਕਸਬਾ ਸੁਧਾਰ ਦੇ ਬਾਜ਼ਾਰ ਵਿੱਚ ਪ੍ਰਭਾਵਸ਼ਾਲੀ ਇਕੱਠ ਦੌਰਾਨ ਇਲਾਕਾ ਨਿਵਾਸੀਆਂ ਨਾਲ ਖੁਸ਼ੀ ਸਾਂਝੀ ਕਰਦਿਆਂ ਡਾ. ਅਮਰ ਸਿੰਘ ਨੇ ਕਿਹਾ ਕਿ ਇਸ ਫੈਸਲੇ ਨਾਲ ਸੂਬੇ ਦੀ ਖਾਸ ਕਰਕੇ ਸਨਅਤੀ ਜ਼ਿਲਾ ਲੁਧਿਆਣਾ ਵਾਸੀਆਂ ਦੀ ਚਿਰੋਕਣੀ ਮੰਗ ਪੂਰੀ ਹੋ ਗਈ ਹੈ। ਉਨਾਂ ਕਿਹਾ ਕਿ ਇਸ ਪ੍ਰਾਜੈਕਟ ਦਾ ਨਿਰਮਾਣ ਆਉਣ ਵਾਲੇ ਸਮੇਂ ਵਿੱਚ ਹਲਕਾ ਰਾਏਕੋਟ ਦੇ ਸਰਬਪੱਖੀ ਵਿਕਾਸ ਨੂੰ ਇਕ ਨਵੀਂ ਬੁਲੰਦੀ ਵੱਲ ਲੈ ਕੇ ਜਾਵੇਗਾ। ਉਨਾਂ ਦਾਅਵੇ ਨਾਲ ਕਿਹਾ ਕਿ ਇਸ ਹਵਾਈ ਅੱਡੇ ਨੂੰ ਅਗਲੇ ਤਿੰਨ ਸਾਲਾਂ ਵਿੱਚ ਪੂਰਨ ਵਿੱਚ ਚਾਲੂ ਕਰਾਉਣ ਲਈ ਪੁਰਜ਼ੋਰ ਕੋਸ਼ਿਸ਼ ਕੀਤੀ ਜਾਵੇਗੀ ਤਾਂ ਜੋ ਇਲਾਕਾ ਨਿਵਾਸੀ ਇਸ ਸਹੂਲਤ ਦਾ ਵੱਧ ਤੋਂ ਵੱਧ ਲਾਭ ਲੈ ਸਕਣ।
ਉਨਾਂ ਕਿਹਾ ਕਿ ਇਸ ਪ੍ਰੋਜੈਕਟ ਦੇ ਪਹਿਲੇ ਪਡ਼ਾਅ ਦਾ ਕੰਮ ਜਿਸ ਵਿੱਚ 135.54 ਏਕਡ਼ ਰਕਬੇ ਵਿੱਚ ਕੋਡ-4 ਸੀ ਤਰਾਂ ਦੇ ਜ਼ਹਾਜਾਂ ਦੇ ਓਪਰੇਸ਼ਨ ਲਈ ਪੂਰਨ ਰੂਪ ਵਿੱਚ ਨਵੇਂ ਅੰਤਰਰਾਸ਼ਟਰੀ ਸਿਵਲ ਏਅਰ ਟਰਮੀਨਲ ਦਾ ਨਿਰਮਾਣ ਕਰਨਾ ਸ਼ਾਮਲ ਹੈ, ਤਿੰਨ ਸਾਲ ਦੇ ਸਮੇਂ ਵਿੱਚ ਪੂਰਾ ਕੀਤਾ ਜਾਵੇਗਾ। ਇਸ ਮੌਕੇ ਉਨਾਂ ਦਾ ਥਾਂ-ਥਾਂ ਸਨਮਾਨ ਵੀ ਕੀਤਾ ਗਿਆ।
ਇਸ ਮੌਕੇ ਹਾਜ਼ਰ ਇਲਾਕਾ ਨਿਵਾਸੀਆਂ ਗੁਰਮੀਤ ਸਿੰਘ ਸੁਧਾਰ ਬਲਾਕ ਪ੍ਰਧਾਨ, ਓ. ਐੱਸ. ਡੀ. ਜਗਪ੍ਰੀਤ ਸਿੰਘ ਬੁੱਟਰ, ਸੁਖਜੀਵਨ ਸਿੰਘ ਡਾਂਗੋ, ਲਾਲ ਸਿੰਘ, ਹੈਪੀ ਹਿੱਸੋਵਾਲ,ਬਾਬੂ ਨਾਇਕ, ਨਿਰਭੈ ਸਿੰਘ ਰਾਜੋਆਣਾ, ਬਲਜੀਤ ਸਿੰਘ ਹਲਵਾਰਾ, ਬਿੱਟੂ ਸਰਪੰਚ ਰੱਤੋਵਾਲ ਅਤੇ ਕਮਲ ਹਲਵਾਰਾ ਨੇ ਹਵਾਈ ਅੱਡੇ ਦੀ ਮੰਗ ਪੂਰੀ ਹੋਣ ‘ਤੇ ਡਾ. ਅਮਰ ਸਿੰਘ ਅਤੇ ਉਨਾਂ ਰਾਹੀਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਪ੍ਰੋਜੈਕਟ ਦੇ ਸਿਰੇ ਚਡ਼ਨ ਨਾਲ ਇਲਾਕੇ ਵਿੱਚ ਖੁਸ਼ਹਾਲੀ ਆਵੇਗੀ ਅਤੇ ਰੋਜ਼ਗਾਰ ਦੇ ਮੌਕੇ ਵਧਣਗੇ।