![]()
29 ਅਪ੍ਰੈੱਲ ਤੱਕ ਭਰੀਆਂ ਜਾ ਸਕਣਗੀਆਂ , ਪਡ਼ਤਾਲ 30 ਨੂੰ ਅਤੇ 2 ਮਈ ਨੂੰ ਕਾਗਜ਼ ਵਾਪਸ ਲਏ ਜਾ ਸਕਣਗੇ

ਆਖ਼ਰੀ ਮੌਕੇ ਦੀ ਭੱਜ ਦੌਡ਼ ਤੋਂ ਬਚਣ ਲਈ ਉਮੀਦਵਾਰਾਂ ਨੂੰ ਸਕਿਊਰਟੀ ਫੀਸ ਆਦਿ ਅਗਾਂਊਂ ਭਰਾਉਣ ਦੀ ਸਹੂਲਤ-ਜ਼ਿਲਾ ਚੋਣ ਅਫ਼ਸਰ


ਲੁਧਿਆਣਾ, 25 ਅਪ੍ਰੈਲ (ਸਤ ਪਾਲ ਸੋਨੀ) : ਆਗਾਮੀ ਲੋਕ ਸਭਾ ਚੋਣਾਂ-2019 ਲਈ ਨਾਮਜ਼ਦਗੀਆਂ ਭਰਨ ਦੀ ਪ੍ਰਕਿਰਿਆ ਦੇ ਅੱਜ ਚੌਥੇ ਦਿਨ ਹਲਕਾ ਲੁਧਿਆਣਾ ਲਈ ਤਿੰਨ ਹੋਰ ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਦਾਇਰ ਕੀਤੇ। ਅੱਜ ਕਾਗਜ਼ ਦਾਖ਼ਲ ਕਰਨ ਵਾਲਿਆਂ ਵਿੱਚ ਇੰਡੀਅਨ ਨੈਸ਼ਨਲ ਕਾਂਗਰਸ ਪਾਰਟੀ ਵੱਲੋਂ ਰਵਨੀਤ ਸਿੰਘ ਬਿੱਟੂ ਅਤੇ ਅਨੁਪਮਾ ਸ਼ਾਮਿਲ ਹਨ, ਜਦਕਿ ਲਾਲ ਚੰਦ ਰਾਓ ਵੱਲੋਂ ਆਜ਼ਾਦ ਉਮੀਦਵਾਰ ਵਜੋਂ ਕਾਗਜ਼ ਦਾਖ਼ਲ ਕੀਤੇ ਗਏ। ਇਸ ਤਰਾਂ ਹੁਣ ਤੱਕ ਹਲਕਾ ਲੁਧਿਆਣਾ ਲਈ ਕਾਗਜ਼ ਦਾਖ਼ਲ ਕਰਨ ਵਾਲਿਆਂ ਦੀ ਗਿਣਤੀ 8 ਹੋ ਗਈ ਹੈ। ਪਹਿਲੇ ਦਿਨ ਦੋ ਉਮੀਦਵਾਰਾਂ ਨੇ ਨਾਮਜ਼ਦਗੀਆਂ ਦਾਇਰ ਕੀਤੀਆਂ ਸਨ, ਜਿਨਾਂ ਵਿੱਚ ਨੈਸ਼ਨਲਿਸਟ ਜਸਟਿਸ ਪਾਰਟੀ ਤੋਂ ਬਲਦੇਵ ਰਾਜ ਕਤਨਾ ਅਤੇ ਆਜ਼ਾਦ ਉਮੀਦਵਾਰ ਵਜੋਂ ਜੈ ਪ੍ਰਕਾਸ਼ ਜੈਨ ਸ਼ਾਮਿਲ ਸਨ। ਜਦਕਿ ਤੀਜੇ ਦਿਨ ਰਵਿੰਦਰਪਾਲ ਸਿੰਘ ਅਤੇ ਜਸਦੀਪ ਸਿੰਘ ਨੇ ਆਜ਼ਾਦ ਉਮੀਦਵਾਰ ਵਜੋਂ ਅਤੇ ਦਲਜੀਤ ਸਿੰਘ ਨੇ ਪੀਪਲਜ਼ ਪਾਰਟੀ ਆਫ਼ ਇੰਡੀਆ (ਸੈਕੂਲਰ) ਦੇ ਉਮੀਦਵਾਰ ਵਜੋਂ ਕਾਗਜ਼ ਦਾਖ਼ਲ ਕੀਤੇ ਸਨ।
ਜ਼ਿਲਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਅਗਰਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਆਗਾਮੀ ਲੋਕ ਸਭਾ ਚੋਣਾਂ 2019 ਲਈ ਨਾਮਜ਼ਦਗੀਆਂ ਭਰਨ ਦਾ ਅਮਲ 29 ਅਪ੍ਰੈੱਲ ਤੱਕ ਜਾਰੀ ਰਹੇਗਾ। ਨਾਮਜ਼ਦਗੀਆਂ ਦੀ ਪਡ਼ਤਾਲ 30 ਅਪ੍ਰੈੱਲ ਨੂੰ ਹੋਵੇਗੀ, ਜਦਕਿ ਕਾਗਜ਼ 2 ਮਈ ਤੱਕ ਵਾਪਸ ਲਏ ਜਾ ਸਕਣਗੇ। ਅਗਰਵਾਲ ਨੇ ਦੱਸਿਆ ਕਿ ਨਾਮਜ਼ਦਗੀਆਂ ਜ਼ਿਲਾ ਪ੍ਰਬੰਧਕੀ ਕੰਪਲੈਕਸ ਸਥਿਤ ਰਿਟਰਨਿੰਗ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਦਫ਼ਤਰ ਵਿਖੇ ਸਵੇਰੇ 11 ਵਜੇ ਤੋਂ ਬਾਅਦ ਦੁਪਹਿਰ 3 ਵਜੇ ਤੱਕ ਦਾਖ਼ਲ ਕੀਤੀਆਂ ਜਾਣਗੀਆਂ। 27 ਅਤੇ 28 ਅਪ੍ਰੈੱਲ (ਸ਼ਨਿੱਚਰਵਾਰ ਅਤੇ ਐਤਵਾਰ) ਨੂੰ ਕਾਗਜ਼ ਨਹੀਂ ਦਾਖ਼ਲ ਕੀਤੇ ਜਾ ਸਕਣਗੇ।
ਅਗਰਵਾਲ ਨੇ ਸੰਭਾਵੀ ਉਮੀਦਵਾਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਖ਼ਰੀ ਮੌਕੇ ਦੀ ਭੱਜ ਦੌਡ਼ ਤੋਂ ਬਚਣ ਲਈ ਆਪਣੀ ਸਕਿਊਰਟੀ ਫੀਸ ਅਗਾਂਊ ਵੀ ਜਮਾਂ ਕਰਵਾ ਸਕਦੇ ਹਨ। ਇਹ ਫੀਸ ਚੋਣ ਕਾਨੂੰਨਗੋ ਸ੍ਰੀ ਰਾਜਨ ਢੱਲ ਦੇ ਕਮਰਾ ਨੰਬਰ 116, ਪਹਿਲੀ ਮੰਜ਼ਿਲ, ਤਹਿਸੀਲਦਾਰ ਚੋਣ ਦਫ਼ਤਰ, ਜ਼ਿਲਾ ਪ੍ਰਬੰਧਕੀ ਕੰਪਲੈਕਸ, ਲੁਧਿਆਣਾ ਵਿਖੇ ਕਿਸੇ ਵੀ ਕੰਮ ਕਾਰ ਵਾਲੇ ਦਿਨ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਭਰੀ ਜਾ ਸਕਦੀ ਹੈ। ਉਨਾਂ ਸਪੱਸ਼ਟ ਕੀਤਾ ਕਿ ਇਹ ਫੀਸ ਉਮੀਦਵਾਰ ਨਾਮਜ਼ਦਗੀ ਪੱਤਰ ਭਰਨ ਵੇਲੇ ਮੌਕੇ ‘ਤੇ ਵੀ ਭਰਵਾ ਸਕਦਾ ਹੈ।ਇਸ ਤੋਂ ਇਲਾਵਾ ਵੋਟਰ ਸੂਚੀ ਦੀ ਤਸਦੀਕਸ਼ੁਦਾ ਕਾਪੀ ਪ੍ਰਾਪਤ ਕਰਨ ਲਈ ਉਮੀਦਵਾਰਾਂ ਨੂੰ ਕਮਰਾ ਨੰਬਰ 123, ਪਹਿਲੀ ਮੰਜ਼ਿਲ, ਤਹਿਸੀਲਦਾਰ ਚੋਣ ਦਫ਼ਤਰ, ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿਖੇ ਕੰਮ ਕਾਰ ਵਾਲੇ ਦਿਨ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਅਪਲਾਈ ਕਰਨਾ ਪਵੇਗਾ। ਉਨਾਂ ਉਮੀਦਵਾਰਾਂ ਨੂੰ ਅਪੀਲ ਕੀਤੀ ਕਿ ਉਹ ਜ਼ਰੂਰੀ ਕਾਰਵਾਈਆਂ ਨੂੰ ਸਮਾਂ ਰਹਿੰਦੇ ਮੁਕੰਮਲ ਕਰ ਲੈਣ। ਇਸ ਉਪਰੰਤ ਉਨਾਂ ਨਾਮਜ਼ਦਗੀਆਂ ਪ੍ਰਾਪਤ ਕਰਨ ਸੰਬੰਧੀ ਕੀਤੇ ਜਾ ਰਹੇ ਪ੍ਰਬੰਧਾਂ ਦਾ ਵੀ ਜਾਇਜ਼ਾ ਲਿਆ।