![]()

ਡਿਪਟੀ ਕਮਿਸ਼ਨਰ ਸਮੇਤ ਗਲਾਡਾ ਨਾਲ ਸੰਬੰਧਤ ਖਾਲੀ ਸਥਾਨਾਂ ਦਾ ਜਾਇਜ਼ਾ
ਲੁਧਿਆਣਾ, 13 ਸਤੰਬਰ ( ਸਤ ਪਾਲ ਸੋਨੀ ) : ਵਿਧਾਇਕ ਸ੍ਰੀ ਸੰਜੇ ਤਲਵਾਡ਼ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਵੱਲੋਂ ਵਿਧਾਨ ਸਭਾ ਹਲਕਾ ਲੁਧਿਆਣਾ (ਪੂਰਬੀ) ਦਾ ਵਿਕਾਸ ਯੋਜਨਾਬੱਧ ਤਰੀਕੇ ਨਾਲ ਕਰਵਾਇਆ ਜਾਵੇਗਾ, ਜਿਸ ਲਈ ਮੁੱਢਲੀ ਰੂਪ ਰੇਖਾ ਤਿਆਰ ਕਰ ਲਈ ਗਈ ਹੈ। ਪਹਿਲੇ ਗੇਡ਼ ਵਿੱਚ ਕੀਤੇ ਜਾਣ ਵਾਲੇ ਵਿਕਾਸ ਕਾਰਜਾਂ ਸਬੰਧੀ ਉਨਾਂ ਨੇ ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਨੂੰ ਨਾਲ ਲੈ ਕੇ ਹਲਕੇ ਦੇ ਵੱਖ-ਵੱਖ ਸਥਾਨਾਂ ਦਾ ਦੌਰਾ ਕੀਤਾ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਵਿਧਾਇਕ ਸ੍ਰੀ ਤਲਵਾਡ਼ ਨੇ ਦੱਸਿਆ ਕਿ ਬੀਤੇ ਕੁਝ ਦਿਨ ਪਹਿਲਾਂ ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਵਿਭਾਗ ਦੇ ਕੈਬਨਿਟ ਮੰਤਰੀ ਸ੍ਰ. ਨਵਜੋਤ ਸਿੰਘ ਸਿੱਧੂ ਨੇ ਲੁਧਿਆਣਾ ਦੌਰੇ ਦੌਰਾਨ ਸਮੁੱਚੇ ਸ਼ਹਿਰ ਨੂੰ 3568 ਕਰੋਡ਼ ਰੁਪਏ ਦੇ ਫੰਡਾਂ ਨਾਲ ਨਿਵਾਜਿਆ ਸੀ, ਇਨਾਂ ਫੰਡਾਂ ਵਿੱਚੋਂ ਕਰੀਬ 800 ਕਰੋਡ਼ ਰੁਪਏ ਇਕੱਲੇ ਵਿਧਾਨ ਸਭਾ ਹਲਕਾ ਲੁਧਿਆਣਾ (ਪੂਰਬੀ) ਵਿੱਚ ਖਰਚ ਕੀਤੇ ਜਾਣੇ ਹਨ। ਜਿਸ ਨਾਲ ਹਲਕਾ ਲੁਧਿਆਣਾ (ਪੂਰਬੀ) ਦੇ ਵਿਕਾਸ ਨੂੰ ਨਵੀਂ ਦਿਸ਼ਾ ਮਿਲੇਗੀ। ਉਨਾਂ ਕਿਹਾ ਕਿ ਇਸ ਹਲਕੇ ਵਿੱਚ ਦੇਸ਼ ਦੇ ਹਰੇਕ ਧਰਮ, ਜਾਤ ਅਤੇ ਫਿਰਕੇ ਦੇ ਲੋਕ ਰਹਿੰਦੇ ਹਨ, ਜਿਸ ਕਾਰਨ ਪੰਜਾਬ ਸਰਕਾਰ ਨੇ ਇਸ ਬਹੁ-ਸੁਮੇਲ ਹਲਕੇ ਨੂੰ ਯੋਜਨਾਬੱਧ ਤਰੀਕੇ ਨਾਲ ਵਿਕਾਸ ਕਰਨ ਦਾ ਫੈਸਲਾ ਕੀਤਾ ਹੈ।
ਉਨਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਇਸ ਹਲਕੇ ਵਿੱਚ ਸਰਕਾਰੀ ਕਾਲਜ (ਲਡ਼ਕੀਆਂ) ਸਥਾਪਤ ਕਰਨ ਦਾ ਫੈਸਲਾ ਕੀਤਾ ਗਿਆ ਹੈ। ਇਸ ਤੋਂ ਇਲਾਵਾ ਗਲਾਡਾ ਵੱਲੋਂ ਚਲਾਏ ਜਾ ਰਹੇ ਸਪੋਰਟਸ ਕੰਪਲੈਕਸ ਦੀ ਕਾਇਆ ਕਲਪ ਕੀਤੀ ਜਾਵੇਗੀ, ਜਿੱਥੇ ਕਿ ਲੋਡ਼ੀਂਦੀਆਂ ਸਹੂਲਤਾਂ ਦੀ ਅਣਹੋਂਦ ਹੈ। ਇਸ ਤੋਂ ਇਲਾਵਾ ਇਸ ਹਲਕੇ ਵਿੱਚ ਪ੍ਰਦਰਸ਼ਨੀ ਕੇਂਦਰ ਬਣਾਉਣ ਦਾ ਵੀ ਪ੍ਰਸਤਾਵ ਹੈ, ਜਿਸ ਲਈ ਪੰਜਾਬ ਸਰਕਾਰ ਵੱਲੋਂ 25 ਕਰੋਡ਼ ਰੁਪਏ ਮਨਜ਼ੂਰ ਕਰ ਦਿੱਤੇ ਗਏ ਹਨ। ਹਲਕੇ ਵਿੱਚ ਦਿਨੋਂ ਦਿਨ ਵਧ ਰਹੀ ਟਰੈਫਿਕ ਸਮੱਸਿਆ ਨੂੰ ਘੱਟ ਕਰਨ ਲਈ ਪ੍ਰਸਤਾਵ ਹੈ ਕਿ ਗਲਾਡਾ ਦੀ ਖਾਲੀ ਪਈ ਜ਼ਮੀਨ ਨੂੰ ਰੇਹਡ਼ੀ ਫਡ਼ੀ ਮਾਰਕੀਟ ਵਜੋਂ ਵਿਕਸਤ ਕੀਤਾ ਜਾਵੇ। ਇਸ ਤੋਂ ਇਲਾਵਾ ਗਲਾਡਾ ਵੱਲੋਂ ਪੇਡਾ ਨੂੰ ਦਿੱਤੀ ਗਈ ਜ਼ਮੀਨ ਦੇ ਆਲੇ-ਦੁਆਲੇ ਬਹੁਤ ਹੀ ਨਜਾਇਜ਼ ਕਬਜ਼ੇ ਹੋ ਚੁੱਕੇ ਹਨ, ਜਿਨਾਂ ਨੂੰ ਦੂਰ ਕਰਵਾ ਕੇ ਪੇਡਾ ਦਾ ਕੰਮ ਸ਼ੁਰੂ ਕਰਵਾਇਆ ਜਾਵੇਗਾ।
ਡਿਪਟੀ ਕਮਿਸ਼ਨਰ ਸ੍ਰੀ ਅਗਰਵਾਲ ਨੇ ਦੱਸਿਆ ਕਿ ਹਲਕੇ ਦੇ ਦੌਰੇ ਦੌਰਾਨ ਉਨਾਂ ਨੇ ਸੈਕਟਰ-32, 38, 39-ਏ, ਤਾਜਪੁਰ ਸਡ਼ਕ ਅਤੇ ਹੋਰ ਸਥਾਨਾਂ ਦਾ ਦੌਰਾ ਕੀਤਾ ਹੈ, ਜਿਸ ਦੌਰਾਨ ਗਲਾਡਾ ਨਾਲ ਸੰਬੰਧਤ ਉਨਾਂ ਖਾਲੀ ਥਾਵਾਂ ਨੂੰ ਦੇਖਿਆ ਗਿਆ ਹੈ, ਜਿੱਥੇ ਉਪਰੋਕਤ ਸਾਰੇ ਪ੍ਰੋਜੈਕਟਾਂ ਨੂੰ ਸਥਾਪਤ ਕੀਤਾ ਜਾ ਸਕਦਾ ਹੈ। ਉਨਾਂ ਕਿਹਾ ਕਿ ਇਨਾਂ ਖਾਲੀ ਸਥਾਨਾਂ ਦੀ ਸਹੀ ਵਰਤੋਂ ਬਾਰੇ ਉਹ ਜਲਦ ਹੀ ਉਚ ਅਧਿਕਾਰੀਆਂ ਦੀ ਮੀਟਿੰਗ ਬੁਲਾਉਣਗੇ, ਤਾਂ ਜੋ ਇਨਾਂ ਸਥਾਨਾਂ ‘ਤੇ ਢੁੱਕਵੇਂ ਪ੍ਰੋਜੈਕਟ ਸ਼ੁਰੂ ਕਰਵਾਉਣ ਬਾਰੇ ਕਾਰਵਾਈ ਆਰੰਭੀ ਜਾ ਸਕੇ। ਇਸ ਮੌਕੇ ਉਨਾਂ ਨਾਲ ਸਹਾਇਕ ਕਮਿਸ਼ਨਰ (ਜਨਰਲ) ਸ੍ਰ. ਅਮਰਿੰਦਰ ਸਿੰਘ ਮੱਲੀ, ਅਸਟੇਟ ਅਫ਼ਸਰ ਗਲਾਡਾ ਸ੍ਰ. ਨਵਰਾਜ ਸਿੰਘ ਬਰਾਡ਼ ਅਤੇ ਹੋਰ ਅਧਿਕਾਰੀ ਹਾਜ਼ਰ ਸਨ।