![]()

ਲੁਧਿਆਣਾ ਨੂੰ ਬਣਾਇਆ ਜਾਵੇਗਾ ਸੂਬੇ ਦਾ ਸਭ ਤੋਂ ਵਿਕਸਤ ਸ਼ਹਿਰ-ਰਵਨੀਤ ਸਿੰਘ ਬਿੱਟੂ
ਲੁਧਿਆਣਾ, 2 ਮਈ ( ਸਤ ਪਾਲ ਸੋਨੀ ) : ਵਿਧਾਨ ਸਭਾ ਹਲਕਾ ਲੁਧਿਆਣਾ (ਦੱਖਣੀ) ਦੇ ਵਿਕਾਸ ਕਾਰਜਾਂ ਨੂੰ ਅੱਗੇ ਤੋਰਦਿਆਂ ਮੈਂਬਰ ਪਾਰਲੀਮੈਂਟ ਰਵਨੀਤ ਸਿੰਘ ਬਿੱਟੂ ਨੇ ਅੱਜ ਜਿੱਥੇ ਖੇਤਰ ਵਿੱਚ 7.72 ਲੱਖ ਰੁਪਏ ਦੇ ਪ੍ਰੋਜੈਕਟਾਂ ਦਾ ਕੰਮ ਸ਼ੁਰੂ ਕਰਵਾਇਆ ਉਥੇ ਭਰੋਸਾ ਦਿੱਤਾ ਕਿ ਪੰਜਾਬ ਸਰਕਾਰ ਵੱਲੋਂ ਸ਼ਹਿਰ ਲੁਧਿਆਣਾ ਨੂੰ ਸੂਬੇ ਦੇ ਸਭ ਤੋਂ ਵਿਕਸਤ ਸ਼ਹਿਰ ਵਜੋਂ ਵਿਕਸਤ ਕਰਨ ਵਿੱਚ ਕੋਈ ਵੀ ਕਸਰ ਬਾਕੀ ਨਹੀਂ ਛੱਡੀ ਜਾਵੇਗੀ।
ਇਸ ਮੌਕੇ ਸ਼ੁਰੂ ਕੀਤੇ ਪ੍ਰੋਜੈਕਟਾਂ ਤਹਿਤ ਉਨਾਂ ਵਾਰਡ ਨੰਬਰ 28 ਵਿੱਚ ਪੈਂਦੀ ਕੰਗਣਵਾਲ ਸੜਕ ਦਾ ਟੱਕ ਲਗਾ ਕੇ ਕੰਮ ਸ਼ੁਰੂ ਕਰਵਾਇਆ, ਜਿਸ ‘ਤੇ 3.10 ਕਰੋੜ ਰੁਪਏ ਦੀ ਲਾਗਤ ਆਵੇਗੀ। ਇਸ ਉਪਰੰਤ ਉਨਾਂ ਵਾਰਡ ਨੰਬਰ 30 ਵਿੱਚ ਜਨਰਲ ਮੋਹਨ ਸਿੰਘ ਸੜਕ ਦੇ ਕੰਮ ਦੀ ਸ਼ੁਰੂਆਤ, ਢੰਡਾਰੀ ਕਲਾਂ ਵਿਖੇ 22 ਲੱਖ ਰੁਪਏ ਦੀ ਲਾਗਤ ਨਾਲ ਇੰਟਰਲਾਕ ਟਾਇਲ ਗਲੀਆਂ ਦੀ ਸ਼ੁਰੂਆਤ, 8 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਸ਼ਮਸ਼ਾਨ ਘਾਟ ਅਤੇ ਧਰਮਸ਼ਾਲਾ ਅਤੇ ਨਵੇਂ ਪਖ਼ਾਨਿਆਂ ਦੇ ਪ੍ਰੋਜੈਕਟਾਂ ਦੀ ਸ਼ੁਰੂਆਤ, 2 ਕਰੋੜ ਰੁਪਏ ਦੀ ਲਾਗਤ ਵਾਲੀ ਸਿਨੇਮਾ ਰੋਡ ਵਿਖੇ ਸੜਕ ਦਾ ਉਦਘਾਟਨ, ਵਾਰਡ ਨੰਬਰ 31 ਅਤੇ 33 ਵਿੱਚ 1.20 ਕਰੋੜ ਰੁਪਏ ਦੀ ਲਾਗਤ ਨਾਲ ਨਵੀਂਆਂ ਸੜਕਾਂ ਦਾ ਕੰਮ, 18 ਲੱਖ ਰੁਪਏ ਦੀ ਲਾਗਤ ਨਾਲ ਟਿਊਬਵੈੱਲ ਦਾ ਉਦਘਾਟਨ ਕਰਨ ਉਪਰੰਤ ਵਾਰਡ ਨੰਬਰ 35 ਵਿੱਚ ਨਵੀਂ ਗਲੀ ਦਾ 94.50 ਲੱਖ ਰੁਪਏ ਨਾਲ ਹੋਣ ਵਾਲੇ ਕੰਮ ਨੂੰ ਸ਼ੁਰੂ ਕਰਵਾਇਆ।
ਇਸ ਤੋਂ ਪਹਿਲਾਂ ਉਨਾਂ ਪਿੰਡ ਜੁਗਿਆਣਾ ਵਿਖੇ ਪਿੰਡ ਵਾਸੀਆਂ ਦੀਆਂ ਮੁਸ਼ਕਿਲਾਂ ਵੀ ਸੁਣੀਆਂ ਅਤੇ ਉਨਾਂ ਜਲਦ ਤੋਂ ਜਲਦ ਨਿਪਟਾਰਾ ਕਰਨ ਦਾ ਭਰੋਸਾ ਪ੍ਰਗਟਾਇਆ। ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਅਕਾਲੀ ਭਾਜਪਾ ਗਠਜੋੜ ਸਰਕਾਰ ਵੱਲੋਂ ਆਪਣੇ ਰਾਜ ਭਾਗ ਦੌਰਾਨ ਪੰਜਾਬ ਦੇ ਇਸ ਸਨਅਤੀ ਅਤੇ ਆਬਾਦੀ ਪੱਖੋਂ ਵਿਸ਼ਾਲ ਸ਼ਹਿਰ ਨੂੰ ਅੱਖੋਂ ਪਰੋਖੇ ਰੱਖਿਆ ਗਿਆ। ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਹੁਣ ਇਸ ਸ਼ਹਿਰ ਦਾ ਵਿਕਾਸ ਯੋਜਨਾਬੱਧ ਤਰੀਕੇ ਨਾਲ ਕਰਾਉਣ ਦਾ ਫੈਸਲਾ ਕੀਤਾ ਹੈ। ਉਨਾਂ ਕਿਹਾ ਕਿ ਸ਼ਹਿਰ ਵਿੱਚ ਅਗਲੇ 5 ਸਾਲਾਂ ਦੌਰਾਨ 3568 ਕਰੋੜ ਰੁਪਏ ਦੇ ਕਾਰਜ ਕਰਵਾਏ ਜਾਣੇ ਹਨ, ਜਿਸ ਨਾਲ ਸ਼ਹਿਰ ਦਾ ਮੁਹਾਂਦਰਾ ਵੱਡੇ ਪੱਧਰ ‘ਤੇ ਬਦਲ ਜਾਵੇਗਾ।
ਉਨਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਪੰਜਾਬ ਸਰਕਾਰ ਨੂੰ ਥੋੜਾ ਜਿਹਾ ਸਮਾਂ ਹੋਰ ਦੇਣ ਤਾਂ ਜੋ ਉਨਾਂ ਦੀਆਂ ਆਸਾਂ ਉਮੀਦਾਂ ਨੂੰ ਪੂਰਾ ਕਰਨ ਲਈ ਵਸੀਲੇ ਇਕੱਠੇ ਕੀਤੇ ਜਾ ਸਕਣ। ਇਸ ਮੌਕੇ ਉਨਾਂ ਨਾਲ ਨਗਰ ਨਿਗਮ ਲੁਧਿਆਣਾ ਦੇ ਮੇਅਰ ਬਲਕਾਰ ਸਿੰਘ ਸੰਧੂ, ਡਿਪਟੀ ਮੇਅਰ ਸਰਬਜੀਤ ਕੌਰ, ਸੀਨੀਅਰ ਕਾਂਗਰਸੀ ਆਗੂ ਕਮਲਜੀਤ ਸਿੰਘ ਕੜਵਲ, ਕੌਂਸਲਰ ਸਤਪਾਲ ਸਿੰਘ ਲੋਹਾਰਾ, ਸਾਬਕਾ ਕੌਂਸਲਰ ਸ਼ੇਰ ਸਿੰਘ ਗਰਚਾ, ਸਰਬਜੀਤ ਸਿੰਘ ਸਰਬਾ, ਗੁਰਦੀਪ ਸਿੰਘ ਸਰਪੰਚ ਅਤੇ ਹਰਜਿੰਦਰ ਸਿੰਘ ਢੀਂਡਸਾ (ਦੋਵੇਂ ਨਿੱਜੀ ਸਹਾਇਕ) ਅਤੇ ਹੋਰ ਵੱਡੀ ਗਿਣਤੀ ਵਿੱਚ ਹਾਜ਼ਰ ਸਨ।