ਹਰੇਕ ਸਰਕਾਰੀ ਅਧਿਕਾਰੀ/ਮੁਲਾਜ਼ਮ ਲਗਾਏਗਾ ਇੱਕ-ਇੱਕ ਪੌਦਾ

Loading


ਡਿਪਟੀ ਕਮਿਸ਼ਨਰ ਨੇ ‘ਸੁਹਾਂਜਣਾ’ ਦੇ ਪੌਦੇ ਵੰਡਕੇ ਆਰੰਭੀ ਮੁਹਿੰਮ

ਲੁਧਿਆਣਾ, 11 ਜੁਲਾਈ ( ਸਤ ਪਾਲ ਸੋਨੀ ) : ਆਲੇ-ਦੁਆਲੇ ਨੂੰ ਹਰਾ-ਭਰਾ ਰੱਖਣ ਅਤੇ ਪੌਦਿਆਂ ਦੀ ਸੰਭਾਲ ਨੂੰ ਯਕੀਨੀ ਬਣਾਉਣ ਲਈ ‘ਮਿਸ਼ਨ ਤੰਦਰੁਸਤ ਪੰਜਾਬ’ ਤਹਿਤ ਜ਼ਿਲਾ ਲੁਧਿਆਣਾ ਦੇ ਅਧਿਕਾਰੀਆਂ/ਮੁਲਾਜ਼ਮਾਂ ਨੂੰ ਇੱਕ-ਇੱਕ ਪੌਦਾ ਲਗਾਉਣ ਅਤੇ ਉਨਾਂ ਦੀ ਸੰਭਾਲ ਕਰਨ ਬਾਰੇ ਕਿਹਾ ਗਿਆ ਹੈ। ਇਸ ਸੰਬੰਧੀ ਇੱਕ ਮੁਹਿੰਮ ਦਾ ਆਗਾਜ਼ ਅੱਜ ਡਿਪਟੀ ਕਮਿਸ਼ਨਰ  ਪ੍ਰਦੀਪ ਕੁਮਾਰ ਅਗਰਵਾਲ ਨੇ ਅੱਜ ਆਪਣੇ ਦਫ਼ਤਰ ਵਿਖੇ ਅਧਿਕਾਰੀਆਂ ਅਤੇ ਮੁਲਾਜ਼ਮਾਂ ਨੂੰ ‘ਸੁਹਾਂਜਣਾ’ ਪੌਦੇ ਵੰਡ ਕੇ ਕੀਤਾ। ਇਸ ਮੌਕੇ ਉਨਾਂ ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿਖੇ ਪੌਦਾ ਵੀ ਲਗਾਇਆ।
ਇਸ ਮੌਕੇ ਜਾਣਕਾਰੀ ਦਿੰਦਿਆਂ ਸ੍ਰੀ ਅਗਰਵਾਲ ਨੇ ਦੱਸਿਆ ਕਿ ਇਸ ਮੁਹਿੰਮ ਤਹਿਤ ਅਧਿਕਾਰੀਆਂ ਅਤੇ ਮੁਲਾਜ਼ਮਾਂ ਨੂੰ ਕਿਹਾ ਗਿਆ ਹੈ ਕਿ ਉਹ ਇੱਕ-ਇੱਕ ਪੌਦਾ ਜ਼ਰੂਰ ਲਗਾਉਣ ਅਤੇ ਉਨਾਂ ਦੀ ਸੰਭਾਲ ਕਰਨ। ਜੇਕਰ ਕਿਸੇ ਨੂੰ ਜਿਆਦਾ ਪੌਦਿਆਂ ਦੀ ਜ਼ਰੂਰਤ ਹੋਵੇ ਤਾਂ ਉਹ ਵੀ ਜੰਗਲਾਤ ਵਿਭਾਗ ਵੱਲੋਂ ਮੁਹੱਈਆ ਕਰਵਾਏ ਜਾਣਗੇ। ਉਨਾਂ ਦੱਸਿਆ ਕਿ ਅੱਜ ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿਖੇ ਵਿਭਾਗ ਵੱਲੋਂ ਕਰੀਬ 1200 ਪੌਦੇ ਲਿਆ ਕੇ ਵੰਡੇ ਗਏ ਹਨ, ਜਦਕਿ ਹੋਰ ਵਿਭਾਗ ਵੀ ਆਪਣੀ ਲੋਡ਼ ਮੁਤਾਬਿਕ ਜੰਗਲਾਤ ਵਿਭਾਗ ਤੋਂ ਪੌਦੇ ਲੈ ਸਕਦੇ ਹਨ। ਵਿਭਾਗ ਕੋਲ ਇਸ ਲੋਡ਼ ਨੂੰ ਪੂਰਾ ਕਰਨ ਲਈ 5000 ਤੋਂ ਵਧੇਰੇ ਪੌਦੇ ਤਿਆਰ ਪਏ ਹਨ। ਸ੍ਰੀ ਅਗਰਵਾਲ ਨੇ ਸਮੂਹ ਅਧਿਕਾਰੀਆਂ/ਮੁਲਾਜ਼ਮਾਂ ਅਤੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਮੌਨਸੂਨ ਦੇ ਸੀਜ਼ਨ ਦੌਰਾਨ ਵੱਧ ਤੋਂ ਵੱਧ ਪੌਦੇ ਲਗਾਉਣ ਅਤੇ ਉਨਾਂ ਦੀ ਸੰਭਾਲ ਕਰਨ ਤਾਂ ਜੋ ‘ਮਿਸ਼ਨ ਤੰਦਰੁਸਤ ਪੰਜਾਬ’ ਤਹਿਤ ਸ਼ੁੱਧ ਆਬੋ-ਹਵਾ ਵਾਲਾ ਵਾਤਾਵਰਣ ਸਿਰਜਿਆ ਜਾ ਸਕੇ।
ਦੱਸਣਯੋਗ ਹੈ ਕਿ ‘ਸੁਹਾਂਜਣਾ’ ਦੁਨੀਆਂ ਭਰ ਵਿੱਚ ਪਾਏ ਜਾਣ ਵਾਲੇ ਬਿਹਤਰੀਨ ਅਤੇ ਗੁਣਵਾਨ ਦਰੱਖ਼ਤਾਂ ਵਿੱਚੋਂ ਇੱਕ ਹੈ। ਵਿਗਿਆਨਕ ਖੋਜ ਮੁਤਾਬਿਕ ਦੇਖਿਆ ਜਾਵੇ ਤਾਂ ਇਸ ਦਰੱਖ਼ਤ ਵਿੱਚ ਚਾਰ ਗਲਾਸ ਦੁੱਧ ਦੇ ਬਰਾਬਰ ਦੁੱਧ ਦਾ ਕੈਲਸ਼ੀਅਮ, ਸੱਤ ਸੰਤਰਿਆਂ ਜਿੰਨਾਂ ਵਿਟਾਮਿਨ ‘ਸੀ’, ਤਿੰਨ ਕੇਲਿਆਂ ਦੇ ਬਰਾਬਰ ਪੋਟਾਸ਼ੀਅਮ ਅਤੇ ਪਾਲਕ ਨਾਲੋਂ ਤਿੰਨ ਗੁਣਾ ਜਿਆਦਾ ਲੋਹਾ ਪਾਇਆ ਜਾਂਦਾ ਹੈ। ਆਯੁਰਵੈਦਿਕ ਮਾਹਿਰਾਂ ਅਨੁਸਾਰ ਇਸ ਦਰੱਖ਼ਤ ਤੋਂ ਬਣਾਈਆਂ ਦਵਾਈਆਂ ਲਗਭਗ ਤਿੰਨ ਸੌ ਦੇ ਕਰੀਬ ਮਨੁੱਖੀ ਬਿਮਾਰੀਆਂ ਦੇ ਇਲਾਜ ਲਈ ਵਰਤੀਆਂ ਜਾਂਦੀਆਂ ਹਨ। ਸੁਹਾਂਜਣਾ ਦੇ ਪੱਤੇ, ਫੁੱਲ, ਫਲ਼ੀਆਂ, ਜਡ਼ਾਂ ਸਮੇਤ ਦਰੱਖ਼ਤ ਦਾ ਹਰ ਹਿੱਸਾ ਮਨੁੱਖ ਲਈ ਸਬਜ਼ੀ ਬਣਾਉਣ ਤੋਂ ਲੈ ਕੇ ਦਵਾਈਆਂ ਬਣਾਉਣ ਦੇ ਕੰਮ ਆਉਂਦਾ ਹੈ। ਇਸ ਤੋਂ ਨਿਕਲਿਆ ਤੇਲ ਕਈ ਕੰਮਾਂ ਲਈ ਵਰਤਿਆ ਜਾਂਦਾ ਹੈ। ਇਸ ਤੋਂ ਇਲਾਵਾ ਇਹ ਵਾਤਾਵਰਣ ਨੂੰ ਸ਼ੁੱਧ ਰੱਖਣ ਵਿੱਚ ਵੀ ਸਹਾਈ ਹੁੰਦਾ ਹੈ। ਕੁੱਲ ਮਿਲਾ ਕੇ ਇਹ ਦਰੱਖ਼ਤ ਮਨੁੱਖੀ ਸਿਹਤ ਨੂੰ ਤੰਦਰੁਸਤ ਅਤੇ ਸਾਡੇ ਆਲੇ-ਦੁਆਲੇ ਨੂੰ ਹਰਾ-ਭਰਾ ਤੇ ਸੁੰਦਰ ਬਣਾਉਣ ਵਿੱਚ ਮਹੱਤਵਪੂਰਨ ਯੋਗਦਾਨ ਪਾਉਂਦਾ ਹੈ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਖੰਨਾ) ਅਜੇ ਸੂਦ, ਵਧੀਕ ਡਿਪਟੀ ਕਮਿਸ਼ਨਰ (ਜ) ਇਕਬਾਲ ਸਿੰਘ ਸੰਧੂ, ਸਹਾਇਕ ਕਮਿਸ਼ਨਰ (ਜ) ਅਮਰਿੰਦਰ ਸਿੰਘ ਮੱਲੀ, ਡਵੀਜਨਲ ਜੰਗਲਾਤ ਅਫ਼ਸਰ ਚਰਨਜੀਤ ਸਿੰਘ ਅਤੇ ਹੋਰ ਅਧਿਕਾਰੀ/ਮੁਲਾਜ਼ਮ ਹਾਜ਼ਰ ਸਨ।

21750cookie-checkਹਰੇਕ ਸਰਕਾਰੀ ਅਧਿਕਾਰੀ/ਮੁਲਾਜ਼ਮ ਲਗਾਏਗਾ ਇੱਕ-ਇੱਕ ਪੌਦਾ

Leave a Reply

Your email address will not be published. Required fields are marked *

error: Content is protected !!