![]()

ਰਮਨ ਸੁਬਰਾਮਨੀਅਮ ਨੇ ਲੁਧਿਆਣਾ ਸੁਧਾਰ ਟਰੱਸਟ ਦੇ ਚੇਅਰਮੈਨ ਵਜੋਂ ਅਹੁਦਾ ਸੰਭਾਲਿਆ
ਲੁਧਿਆਣਾ, 13 ਜੁਲਾਈ (ਸਤ ਪਾਲ ਸੋਨੀ) : ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਵਿਭਾਗ ਦੇ ਕੈਬਨਿਟ ਮੰਤਰੀ ਸ੍ਰੀ ਬ੍ਰਹਮ ਮਹਿੰਦਰਾ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ‘ਇੱਕਮੁਸ਼ਤ ਨਿਪਟਾਰਾ‘ ਨੀਤੀ ਦੁਬਾਰਾ ਲਿਆਂਦੀ ਜਾ ਰਹੀ ਹੈ। ਸਥਾਨਕ ਸਰਕਾਰਾਂ ਵਿਭਾਗ ਵੱਲੋਂ ਸ਼ਹਿਰਾਂ ਦੀ ਸਫ਼ਾਈ, ਮੀਂਹ ਦੇ ਪਾਣੀ ਦੇ ਇਕੱਠੇ ਹੋਣ ਦੀ ਸਮੱਸਿਆ ਤੋਂ ਨਿਜ਼ਾਤ ਅਤੇ ਫਾਇਰ ਸੇਫਟੀ ਪ੍ਰਬੰਧਾਂ ਨੂੰ ਹੋਰ ਮਜ਼ਬੂਤ ਕਰਨ ‘ਤੇ ਵਿਸ਼ੇਸ਼ ਤਵੱਜ਼ੋ ਦਿੱਤੀ ਜਾ ਰਹੀ ਹੈ। ਵਿਭਾਗ ਦੀਆਂ ਨੀਤੀਆਂ ਨੂੰ ‘ਪੀਪਲ ਫਰੈਂਡਲੀ‘ ਬਣਾਇਆ ਜਾ ਰਿਹਾ ਹੈ। ਉਹ ਅੱਜ ਲੁਧਿਆਣਾ ਸੁਧਾਰ ਟਰੱਸਟ ਦੇ ਨਵੇਂ ਨਾਮਜ਼ਦ ਚੇਅਰਮੈਨ ਰਮਨ ਸੁਬਰਾਮਨੀਅਮ ਵੱਲੋਂ ਅਹੁਦਾ ਸੰਭਾਲਣ ਮੌਕੇ ਵਿਸ਼ੇਸ਼ ਤੌਰ ‘ਤੇ ਪਹੁੰਚੇ ਸਨ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬ੍ਰਹਮ ਮਹਿੰਦਰਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਇੱਕਮੁਸ਼ਤ ਨਿਪਟਾਰਾ ਨੀਤੀ 5 ਮਾਰਚ ਨੂੰ ਲਾਗੂ ਕੀਤੀ ਸੀ, ਜਿਸ ਵਿੱਚ ਕੁਝ ਕਮੀਆਂ ਪੇਸ਼ੀਆਂ ਸਾਹਮਣੇ ਆਈਆਂ ਸਨ, ਜਿਸ ‘ਤੇ ਮੁੜ ਤੋਂ ਰਿਵਿਊ ਕੀਤਾ ਜਾ ਰਿਹਾ ਹੈ। ਇਸ ਸੰਬੰਧੀ ਵਿਭਾਗ ਵੱਲੋਂ ਵੱਖ–ਵੱਖ ਮਾਧਿਅਮਾਂ ਰਾਹੀਂ ਸੂਬੇ ਦੇ ਲੋਕਾਂ ਤੋਂ ਇਤਰਾਜ ਅਤੇ ਸੁਝਾਅ ਮੰਗੇ ਗਏ ਹਨ। ਪ੍ਰਾਪਤ ਹੋਣ ਵਾਲੇ ਇਤਰਾਜਾਂ ਅਤੇ ਸੁਝਾਵਾਂ ‘ਤੇ ਗੌਰ ਕਰਨ ਉਪਰੰਤ ਇਹ ਨੀਤੀ ਜਲਦ ਦੁਬਾਰਾ ਲਾਗੂ ਕਰ ਦਿੱਤੀ ਜਾਵੇਗੀ। ਉਨਾਂ ਦੱਸਿਆ ਕਿ ਪਹਿਲਾਂ ਲਾਗੂ ਕੀਤੀ ਨੀਤੀ ਅਧੀਨ 4 ਜੂਨ ਤੱਕ 1018 ਆਨਲਾਈਨ ਅਤੇ 138 ਆਫ਼ਲਾਈਨ ਅਰਜ਼ੀਆਂ ਹੀ ਪ੍ਰਾਪਤ ਹੋਈਆਂ ਸਨ, ਜਿਸ ਕਰਕੇ ਸੂਬਾ ਸਰਕਾਰ ਨੇ ਇਸ ਨੂੰ ਰਿਵਿਊ ਕਰਨ ਦਾ ਫੈਸਲਾ ਕੀਤਾ ਹੈ।
ਬ੍ਰਹਮ ਮਹਿੰਦਰਾ ਨੇ ਕਿਹਾ ਉਨਾਂ ਦੇ ਵਿਭਾਗ ਵੱਲੋਂ ਸ਼ਹਿਰਾਂ ਦੀ ਸਫਾਈ ਤਹਿਤ ਕੂੜੇ ਦੀ ਕੁਲੈਕਸ਼ਨ ਨਿਯਮਤ ਕਰਨ, ਬਰਸਾਤਾਂ ਦੇ ਮੌਸਮ ਦੌਰਾਨ ਪਾਣੀ ਦੇ ਇਕੱਠੇ ਹੋਣ ਦੀ ਸਮੱਸਿਆ ਤੋਂ ਨਿਜ਼ਾਤ ਅਤੇ ਫਾਇਰ ਸੇਫਟੀ ਪ੍ਰਬੰਧਾਂ ਨੂੰ ਹੋਰ ਮਜ਼ਬੂਤ ਕਰਨ ‘ਤੇ ਸਭ ਤੋਂ ਵਧੇਰੇ ਕੰਮ ਕੀਤਾ ਜਾ ਰਿਹਾ ਹੈ। ਉਨਾਂ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਹੈ ਕਿ ਜਿਹਡ਼ੇ ਖੇਤਰਾਂ ਵਿੱਚ ਪਾਣੀ ਇਕੱਤਰ ਹੁੰਦਾ ਹੈ ਉਥੇ ਦੀ ਮੁਕੰਮਲ ਸਫਾਈ 10 ਦਿਨਾਂ ਵਿੱਚ ਅਤੇ ਸ਼ਹਿਰਾਂ ਦੇ ਸਮੁੱਚੇ ਸੀਵਰੇਜ਼ ਦੀ ਸਫਾਈ ਇੱਕ ਮਹੀਨੇ ਵਿੱਚ ਮੁਕੰਮਲ ਕਰਵਾਈ ਜਾਵੇ। ਸ਼ਹਿਰਾਂ ਵਿੱਚ ਸੀਵਰੇਜ਼ ਦੀ ਸਮੱਸਿਆ ਦਾ ਹੱਲ ਕਰਨ ਲਈ ਸਟੌਰਮ ਸੀਵਰੇਜ਼ ਪਾਏ ਜਾਣਗੇ। ਉਨਾਂ ਕਿਹਾ ਕਿ ਲੁਧਿਆਣਾ ਵਰਗੇ ਵੱਡੇ ਸ਼ਹਿਰਾਂ ਵਿੱਚ ਅੱਗ ਲੱਗਣ ਦੀਆਂ ਘਟਨਾਵਾਂ ਨੂੰ ਘਟਾਉਣ ਅਤੇ ਅਜਿਹੀਆਂ ਘਟਨਾਵਾਂ ‘ਤੇ ਤੁਰੰਤ ਕਾਬੂ ਪਾਉਣ ਲਈ ਵਿਭਾਗ ਵੱਲੋਂ ਫਾਇਰ ਸੇਫਟੀ ਨੂੰ ਹੋਰ ਮਜ਼ਬੂਤ ਕੀਤਾ ਜਾ ਰਿਹਾ ਹੈ। ਫਾਇਰ ਕਰਮੀਆਂ ਲਈ ਮੁਕੰਮਲ ਵਰਦੀਆਂ ਦਾ ਪ੍ਰਬੰਧ ਕਰਨ ਲਈ ਪੰਜਾਬ ਸਰਕਾਰ ਵੱਲੋਂ 9 ਕਰੋਡ਼ ਰੁਪਏ ਦਾ ਵਿਸ਼ੇਸ਼ ਫੰਡ ਮੁਹੱਈਆ ਕਰਵਾਇਆ ਗਿਆ ਹੈ। ਉਨਾਂ ਕਿਹਾ ਕਿ ਲੁਧਿਆਣਾ ਵਿੱਚ ਮੌਜੂਦਾ ਸਮੇਂ 23 ਫਾਇਰ ਟੈਂਡਰ ਮੌਜੂਦ ਹਨ। ਇਸ ਤੋਂ ਇਲਾਵਾ ਲੋੜੀਦੀ ਗਿਣਤੀ ਵਿੱਚ ਛੋਟੇ ਫਾਇਰ ਟੈਂਡਰ ਵੀ ਬੇਡ਼ੇ ਵਿੱਚ ਉਤਾਰੇ ਜਾ ਰਹੇ ਹਨ ਤਾਂ ਜੋ ਸ਼ਹਿਰ ਦੀਆਂ ਅੰਦਰੂਨੀ ਗਲੀਆਂ ਵਿੱਚ ਫਾਇਰ ਟੈਂਡਰ ਨੂੰ ਪਹੁੰਚਾਉਣ ਵਿੱਚ ਆਉਂਦੀ ਦਿੱਕਤ ਦੂਰ ਕੀਤੀ ਜਾ ਸਕੇ। ਉਨਾਂ ਕਿਹਾ ਕਿ ਲੋਕਾਂ ਨੂੰ ਬੇਹਤਰ ਸੇਵਾਵਾਂ ਅਤੇ ਸਹੂਲਤਾਂ ਮੁਹੱਈਆ ਕਰਾਉਣ ਵਿੱਚ ਢਿੱਲਮੁੱਠ ਦਿਖਾਉਣ ਵਾਲੇ ਅਧਿਕਾਰੀਆਂ ਨੂੰ ਕਿਸੇ ਵੀ ਹੀਲੇ ਬਖ਼ਸ਼ਿਆ ਨਹੀਂ ਜਾਵੇਗਾ।
ਇਸ ਤੋਂ ਪਹਿਲਾਂ ਰਮਨ ਸੁਬਰਾਮਨੀਅਮ ਨੇ ਲੁਧਿਆਣਾ ਸੁਧਾਰ ਟਰੱਸਟ ਦੇ ਚੇਅਰਮੈਨ ਵਜੋਂ ਆਪਣਾ ਕਾਰਜਭਾਰ ਸੰਭਾਲਿਆ। ਰਮਨ ਰਮਨ ਨੇ ਕਿਹਾ ਕਿ ਉਹ ਪੰਜਾਬ ਸਰਕਾਰ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਉਨਾਂ ਵਿੱਚ ਪ੍ਰਗਟਾਏ ਭਰੋਸੇ ਨੂੰ ਸਤਿਕਾਰ ਦਿੰਦੇ ਹੋਏ ਆਪਣੀ ਜਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣਗੇ। ਇਸ ਮੌਕੇ ਉਨਾਂ ਨਾਲ ਪੰਜਾਬ ਦੇ ਖੁਰਾਕ, ਸਿਵਲ ਸਪਲਾਈ ਅਤੇ ਖ਼ਪਤਕਾਰ ਮਾਮਲਿਆਂ ਬਾਰੇ ਵਿਭਾਗ ਦੇ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ, ਕੁਲਦੀਪ ਸਿੰਘ ਵੈਦ ਅਤੇ ਸੰਜੇ ਤਲਵਾਡ਼ (ਦੋਵੇਂ ਵਿਧਾਇਕ), ਨਗਰ ਨਿਗਮ ਲੁਧਿਆਣਾ ਦੇ ਮੇਅਰ ਬਲਕਾਰ ਸਿੰਘ ਸੰਧੂ, ਰਮਨ ਬਹਿਲ ਚੇਅਰਮੈਨ ਅਧੀਨ ਸੇਵਾਵਾਂ ਚੋਣ ਬੋਰਡ ਪੰਜਾਬ, ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਨੁਮਾਇੰਦੇ ਵਜੋਂ ਉਨਾਂ ਦੇ ਨਿੱਜੀ ਸਹਾਇਕ ਗੁਰਦੀਪ ਸਿੰਘ ਸਰਪੰਚ, ਪੰਜਾਬ ਰਾਜ ਸਨਅਤੀ ਵਿਕਾਸ ਨਿਗਮ ਦੇ ਚੇਅਰਮੈਨ ਸ੍ਰੀ ਕੇ. ਕੇ. ਬਾਵਾ, ਜ਼ਿਲਾ ਕਾਂਗਰਸ ਪ੍ਰਧਾਨ ਅਸ਼ਵਨੀ ਸ਼ਰਮਾ ਅਤੇ ਕਰਨਜੀਤ ਸਿੰਘ ਸੋਨੀ, ਮੁਹੰਮਦ ਗੁਲਾਬ ਚੇਅਰਮੈਨ ਪੰਜਾਬ ਕਾਂਗਰਸ ਪ੍ਰਵਾਸੀ ਸੈੱਲ, ਅਮਰਜੀਤ ਸਿੰਘ ਟਿੱਕਾ ਜਨਰਲ ਸਕੱਤਰ ਪੰਜਾਬ ਕਾਂਗਰਸ,ਮੇਜਰ ਸਿੰਘ ਭੈਣੀ, ਜ਼ਿਲਾ ਯੂਥ ਪ੍ਰਧਾਨ ਰਾਜੀਵ ਰਾਜਾ, ਸਥਾਨਕ ਸਰਕਾਰਾਂ ਮੰਤਰੀ ਦੇ ਨਿੱਜੀ ਸਹਾਇਕ ਪੰਕਜ ਅਤੇ ਹੋਰ ਹਾਜ਼ਰ ਸਨ।